ਵਿਦਿਆਰਥੀਆਂ ਨੇ ਪੰਜਾਬ ਭਰ ਵਿੱਚ ਕੀਤੀ ਹੜਤਾਲ
Posted on:- 28-08-2013
ਚੰਡੀਗੜ੍ਹ :ਦਲਿਤ ਵਿਦਿਆਰਥੀਆਂ ਦੀ ਮੁਆਫ ਹੋਈ ਫੀਸ ਨੂੰ ਲਾਗੂ ਕਰਾਉਣ ਲਈ, ਲੜਕੀਆਂ ਦੀ ਹਰ ਪੱਧਰ ਦੀ ਫੀਸ ਮੁਆਫੀ ਲਈ, ਵਿੱਦਿਅਕ ਸੰਸਥਾਵਾਂ ਵਿੱਚ ਫੀਸਾਂ ਵਿੱਚ ਕੀਤੇ ਗਏ ਵਾਧੇ ਖਿਲਾਫ ਅਤੇ ਘੱਟ ਗਿਣਤੀਆਂ ਤੇ ਬੀ.ਸੀ. ਦੇ ਵਜੀਫੇ ਜਾਰੀ ਕਰਵਾਉਣ ਲਈ ਬੀਤੇ ਦਿਨੀਂ ਪੰਜਾਬ ਭਰ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੇ ਪੀ.ਐਸ.ਯੂ. ਦੀ ਅਗਵਾਈ ਵਿੱਚ ਹੜਤਾਲ ਕੀਤੀ ਅਤੇ ਹੜਤਾਲ ਦੌਰਾਨ ਕਈ ਥਾਵਾਂ ਉੱਪਰ ਦਲਿਤ ਵਿਰੋਧੀ ਮਾਨਸਿਕਤਾ ਵਾਲੀਆਂ ਮੈਨੇਜਮੈਂਟਾਂ ਤੇ ਪਿ੍ਰੰਸੀਪਲਾਂ ਨਾਲ ਵਿਦਿਆਰਥੀਆਂ ਦੇ ਟਕਰਾਅ ਹੋਏ।
ਪ੍ਰੈੱਸ ਨੂੰ ਜਾਰੀ ਬਿਆਨ ਦੇ ਰਾਹੀਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਤੇ ਪ੍ਰਦੀਪ ਕਸਬਾ ਨੇ ਕਿਹਾ ਕਿ ਇਹ ਹੜਤਾਲ ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਤਰਨਤਾਰਨ, ਮੋਗਾ, ਫਰੀਦਕੋਟ, ਸੰਗਰੂਰ, ਬਰਨਾਲਾ, ਪਟਿਆਲਾ, ਮੁਕਤਸਰ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਰੋਪੜ ਆਦਿ ਜ਼ਿਲ੍ਹਿਆਂ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਹੋਈ। ਆਗੂਆਂ ਨੇ ਦੱਸਿਆ ਕਿ ਇਸ ਹੜਤਾਲ ਦੌਰਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ (ਬਰਨਾਲਾ), ਸ਼ਹੀਦ ੳੂਧਮ ਸਿੰਘ ਕਾਲਜ ਮੋਹਨ ਕੇ ਹਿਠਾੜ (ਫਿਰੋਜ਼ਪੁਰ) ਅਤੇ ਸੀ.ਸੈ. ਸਕੂਲ ਸਮਾਲਸਰ (ਮੋਗਾ) ਦੀਆਂ ਮੈਨੇਜਮੈਂਟਾਂ ਤੇ ਪਿ੍ਰੰਸੀਪਲਾਂ ਨਾਲ ਹੜਤਾਲ ਕਰਾਉਣ ਲਈ ਵਿਦਿਆਰਥੀਆਂ ਦੇ ਟਕਰਾਅ ਹੋਏ। ਮੈਨੇਜਮੈਂਟਾਂ ਨੇ ਵਿਦਿਆਰਥੀਆਂ ਨਾਲ ਹੱਥੋਪਾਈ ਵੀ ਕੀਤੀ। ਆਗੂਆਂ ਕਿਹਾ ਕਿ ਦਲਿਤ ਵਿਦਿਆਰਥੀਆਂ ਦੀ ਫੀਸ 1998 ਤੋਂ ਮਾਫ ਹੈ ਪ੍ਰੰਤੂ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਦਲਿਤ ਵਿਦਿਆਰਥੀਆਂ ਤੋਂ ਫੀਸ ਲਈ ਜਾ ਰਹੀ ਹੈ।
ਲੜਕੀਆਂ ਦੀਆਂ ਫੀਸਾਂ ਜਿਹੜੀਆਂ ਪਹਿਲਾਂ +1 ਤੇ +2 ਵਿੱਚ ਮੁਆਫ ਸਨ, ਨੂੰ ਪੰਜਾਬ ਦੀ ਬਾਦਲ ਸਰਕਾਰ ਜਿਹੜੀ ਨੰਨ੍ਹੀ ਛਾਂ ਦਾ ਪਾਖੰਡ ਕਰਦੀ ਹੈ, ਨੇ ਲਾਗੂ ਕਰ ਦਿੱਤੀਆਂ। ਪੰਜਾਬ ਦੀਆਂ ਸਾਰੀਆਂ ਵਿੱਦਿਅਕ ਸੰਸਥਾਵਾਂ ਵਿੱਚ ਫੀਸਾਂ ਵਿੱਚ ਅੰਨ੍ਹਾ ਵਾਧਾ ਹੋ ਰਿਹਾ ਹੈ। ਬੀ.ਸੀ. ਤੇ ਘੱਟ ਗਿਣਤੀਆਂ ਦੇ ਵਜੀਫੇ ਜਾਰੀ ਨਹੀਂ ਕੀਤੇ ਜਾ ਰਹੇ। ਕੇਂਦਰ ਤੇ ਪੰਜਾਬ ਸਰਕਾਰ ਨਾ ਤਾਂ ਦਲਿਤ ਵਿਦਿਆਰਥੀਆਂ ਤੇ ਲੜਕੀਆਂ ਦੀਆਂ ਫੀਸਾਂ ਮੁਆਫ ਕਰਨ ਲਈ ਸੁਹਿਰਦ ਹਨ ਅਤੇ ਨਾ ਹੀ ਬੀ.ਸੀ. ਤੇ ਘੱਟ ਗਿਣਤੀਆਂ ਦੇ ਵਜੀਫੇ ਮੁਆਫ ਕੀਤੇ ਜਾ ਰਹੇ ਹਨ।
ਆਗੂਆਂ ਮੰਗ ਕੀਤੀ ਕਿ ਦਲਿਤ ਵਿਦਿਆਰਥੀਆਂ ਦੀਆਂ ਫੀਸਾਂ ਨਾ ਮੁਆਫ ਕਰਨ ਵਾਲੀਆਂ ਮੈਨੇਜਮੈਂਟਾਂ ਤੇ ਪਿੰ੍ਰਸੀਪਲਾਂ ’ਤੇ ਐਸ.ਸੀ./ਐਸ.ਟੀ. ਐਕਟ ਤਹਿਤ ਪਰਚੇ ਦਰਜ ਕੀਤੇ ਜਾਣ, ਵਿਦਿਆਰਥੀਆਂ ਤੋਂ ਪਹਿਲਾਂ ਭਰਾਈ ਗਈ ਫੀਸ ਵਾਪਸ ਕੀਤੀ ਜਾਵੇ, ਲੜਕੀਆਂ ਦੀਆਂ ਹਰ ਪੱਧਰ ਦੀਆਂ ਫੀਸਾਂ ਮੁਆਫ ਕੀਤੀਆਂ ਜਾਣ, ਪੰਜਾਬ ਅੰਦਰ ਵਿੱਦਿਅਕ ਸੰਸਥਾਵਾਂ ਦੀਆਂ ਫੀਸਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਦਿੱਲੀ) ਦੇ ਪੈਟਰਨ ਅਨੁਸਾਰ ਤੈਅ ਕੀਤੀਆਂ ਜਾਣ। ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਘੱਟ-ਗਿਣਤੀਆਂ ਦੇ ਵਜੀਫੇ ਦੇ ਸਬੰਧ ਵਿੱਚ ਦਿੱਤੇ ਬਿਆਨ ਨੂੰ ਵਿਦਿਆਰਥੀ ਸੰਘਰਸ਼ ਦੀ ਅੰਸ਼ਕ ਜਿੱਤ ਐਲਾਨਿਆ ਅਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਵਿਦਿਆਰਥੀ ਵਰਗ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।