ਨੇਤਰਦਾਨ ਪੰਦਰਵਾੜੇ ਸੰਬੰਧੀ ਹੁਸ਼ਿਆਰਪੁਰ ਵਿੱਚ ਜਾਗਰੂਕਤਾ ਰੈਲੀ
Posted on:- 24-08-2013
-ਸ਼ਿਵ ਕੁਮਾਰ ਬਾਵਾ
ਦੇਸ਼ ਭਰ ਵਿੱਚ 25 ਅਗਸਤ ਤੋਂ 8 ਸਤੰਬਰ 2013 ਤੱਕ ਮਨਾਏ ਜਾ ਰਹੇ 28ਵੇਂ ਰਾਸ਼ਟਰੀ ਨੇਤਰਦਾਨ ਪੰਦਰਵਾੜੇ ਦੇ ਸੰਬੰਧ ਵਿੱਚ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਅੰਨਾਪਨ ਰੋਕੂ ਸੰਸਥਾ ਦੇ ਸਹਿਯੋਗ ਨਾਲ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਇੱਕ ਜਾਗਰੂਕਤਾ ਰੈਲੀ ਨੂੰ ਆਯੋਜਨ ਕੀਤਾ ਗਿਆ। ਡਿਪਟੀ ਕਮਿਸਨਰ ਸ੍ਰੀ ਵਰੁਣ ਰੂਜ਼ਮ ਨੇ ਨੇਦਰਦਾਨ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਰੈਲੀ ਵਿੱਚ ਬੈਨਰਾਂ ਅਤੇ ਝੰਡਿਆਂ ਨਾਲ ਸਜਾਈਆਂ ਗੱਡੀਆਂ, ਸਕੂਲੀ ਬੱਚਿਆਂ, ਸਕੂਟਰ ਅਤੇ ਮੋਟਰ ਸਾਈਕਲ ਸਵਾਰ ਸ਼ਾਮਲ ਸਨ। ਇਹ ਰੈਲੀ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਸ਼ੁਰੂ ਹੋ ਕੇ ਨਗਰ ਦੇ ਵੱਖ-ਵੱਖ ਬਜਾਰਾਂ, ਫਗਵਾੜਾ ਚੌਕ, ਘੰਟਾ ਘਰ ਚੌਕ, ਸੈਸ਼ਨ ਚੌਕ, ਸਰਕਾਰੀ ਕਾਲਜ ਹੁਸ਼ਿਆਰਪੁਰ ਚੌਕ, ਬਸ ਸਟੈਂਡ ਤੋਂ ਹੁੰਦੀ ਹੋਈ ਮਾਡਲ ਟਾਊਨ ਕਲੱਬ ਵਿਖੇ ਸਮਾਪਤ ਹੋਈ। ਇਸ ਰੈਲੀ ਦੀ ਅਗਵਾਈ ਐਸੋਸੀਏਸਨ ਦੇ ਪ੍ਰਧਾਨ ਇੰਜੀਨੀਅਰ ਮਲਕੀਤ ਸਿੰਘ ਮਹੇੜੂ, ਸਕੱਤਰ ਇੰਜੀ: ਹਰਬੰਸ ਸਿੰਘ, ਸਰਪ੍ਰਸਤ ਪ੍ਰੋ: ਬਹਾਦਰ ਸਿੰਘ ਸੁਨੇਤ ਅਤੇ ਨੇਤਰਦਾਨ ਸੰਸਥਾ ਦੇ ਸਮੂ ਮੈਂਬਰ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਨੇਤਰਦਾਨ ਇੱਕ ਮਹਾਂਦਾਨ ਹੈ ਅਤੇ ਇੱਕ ਨੇਤਰਦਾਨੀ ਦੋ ਨੇਤਰਹੀਨ ਵਿਅਕਤੀਆਂ ਦਾ ਜੀਵਨ ਰੌਸ਼ਨ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੂਰੇ ਦੇਸ਼ ਅੰਦਰ 13 ਲੱਖ ਦੇ ਕਰੀਬ ਕੋਰਨੀਅਲ ਬਲਾਈਂਡਨੈਸ ਲੋਕ ਹਨ ਜਿਨ੍ਹਾਂ ਲਈ ਹਰ ਸਾਲ ਇੱਕ ਲੱਖ ਅੱਖਾਂ ਦੀ ਲੋੜ ਪੈਂਦੀ ਹੈ ਪਰ ਨੇਤਰਦਾਨਾਂ ਵੱਲੋਂ ਕਰੀਬ 45 ਹਜ਼ਾਰ ਅੱਖਾਂ ਦਾਨ ਕੀਤੀਆਂ ਜਾਂਦੀਆਂ ਹਨ ਜੋ ਬਹੁਤ ਘੱਟ ਹਨ। ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੂਰੇ ਪੰਜਾਬ ਅੰਦਰ 90 ਫੀਸਦੀ ਅੱਖਾਂ ਦਾਨ ਕਰਨ ਵਾਲੇ ਲੋਕ ਇਸ ਜ਼ਿਲ੍ਹੇ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਨੇਤਰਦਾਨ ਐਸੋਸੀਏਸ਼ਨ ਵੱਲੋਂ ਹੁਣ ਤੱਕ 800 ਦੇ ਕਰੀਬ ਅੱਖਾਂ ਲੋੜਵੰਦ ਨੇਤਰਹੀਨਾਂ ਨੂੰ ਲਗਾ ਕੇ ਉਨ੍ਹਾਂ ਦੀ ਜਿੰਦਗੀ ਰੌਸ਼ਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਨੇਤਰਦਾਨ ਐਸੋਸੀਏਸ਼ਨ ਵੱਲੋਂ ਅੱਜ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿੱਚੋਂ ਨੇਤਰਦਾਨ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜੋ ਰੈਲੀ ਕੱਢੀ ਗਈ ਹੈ, ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ।
ਮਾਡਲ ਟਾਊਨ ਕਲੱਬ ਵਿਖੇ ਵੱਖ-ਵੱਖ ਬੁਲਾਰਿਆਂ ਨੇ ਨੇਤਰਦਾਨ ਸਬੰਧੀ ਚਾਨਣਾ ਪਾਉਂਦੇ ਹੋਏ ਨੇਤਰਦਾਨ ਦੇ ਇਸ ਮਿਸ਼ਨ ਨੂੰ ਘਰ-ਘਰ ਪਹੁੰਚਾਉਣ ਦਾ ਸੁਨੇਹਾ ਦਿੱਤਾ। ਨੇਤਰਦਾਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਪੰਦਰਵਾੜੇ ਦੌਰਾਨ ਪੂਰੇ ਜ਼ਿਲ੍ਹੇ ਵਿੱਚ ਮੀਟਿੰਗਾਂ, ਸੈਮੀਨਾਰ, ਕਾਲਜਾਂ, ਸਕੂਲਾਂ ਅਤੇ ਵੱਧ ਤੋਂ ਵੱਧ ਲੋਕਾਂ ਨਾਲ ਸੰਪਰਕ ਕਰਨ ਦੇ ਪ੍ਰੋਗਰਾਮ ਉਲੀਕੇ ਗਏ ਹਨ ਅਤੇ ਇਸ ਪੰਦਰਵਾੜੇ ਦੌਰਾਨ ਅੱਖਾਂ ਦਾਨ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਪ੍ਰਣ ਪੱਤਰ ਭਰਨ ਲਈ ਪੇ੍ਰਰਿਤ ਕੀਤਾ ਜਾਵੇਗਾ। ਪੰਦਰਵਾੜੇ ਦੇ ਆਖਰੀ ਦਿਨ 8 ਸਤੰਬਰ ਨੂੰ ਇੱਕ ਭਰਵਾਂ ਸਮਾਗਮ ਅਤੇ ਸਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਨੇਤਰਦਾਨ ਸਬੰਧੀ ਡਾਕੂਮੈਂਟਰੀ ਫ਼ਿਲਮ, ਨੇਤਰਦਾਨ ਸੰਬੰਧੀ ਜਾਣਕਾਰੀ ਅਤੇ ਗੀਤ / ਡਰਾਮੇ ਪੇਸ਼ ਕੀਤੇ ਜਾਣਗੇ। ਉਨ੍ਹਾਂ ਨੇ ਨਗਰ ਦੇ ਸਮੂਹ ਲੋਕਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।