ਸਿੰਡੀਕੇਟ ਦੇ ਫੈਸਲੇ ਦਾ ਸੈਨੇਟ ਦੀ ਮੀਟਿੰਗ ਵਿੱਚ ਮੂੰਹ ਤੋੜ ਜਵਾਬ ਦੇਵਾਂਗਾ- ਡਾ ਰੰਧਾਵਾ
ਮਾਹਿਲਪੁਰ: ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਹਿਲਪੁਰ ਦੇ ਪ੍ਰਿੰਸੀਪਲ ਅਤੇ ਸੈਨੇਟ ਮੈਂਬਰ ਡਾ ਸੁਰਜੀਤ ਸਿੰਘ ਰੰਧਾਵਾ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉਪ ਕੁਲਪਤੀ ਅਤੇ ਸਿੰਡੀਕੇਟ ਤੇ ਦੋਸ਼ ਲਾਏ ਹਨ ਕਿ ਉਹ ਮਾਹਿਲਪੁਰ ਦੇ ਖਾਲਸਾ ਕਾਲਜ ਨੂੰ ਕੁਝ ਅਜਿਹੇ ਲੋਕਾਂ ਅਤੇ ਆਗੂਆਂ ਦੀ ਸ਼ਹਿ ਤੇ ਬੰਦ ਕਰਨ ਤੇ ਲੱਗੇ ਹੋਏ ਹਨ ਜਿਹਨਾਂ ਦੀ ਕਾਲਜ ਨੂੰ ਕੋਈ ਦੇਣ ਨਹੀਂ ਹੈ। ਉਹਨਾਂ ਦੋਸ਼ ਲਾਇਆ ਕਿ ਅਜਿਹੇ ਲੋਕ ਚੰਗੇ ਭਲੇ ਚੱਲਦੇ ਕਾਲਜ ਦੇ ਸਟਾਫ ਨੂੰ ਅਦਾਲਤੀ ਚੱਕਰਾਂ ਵਿੱਚ ਰਹੇ ਹਨ ਜਦ ਕਿ ਕਾਲਜ ਵਿੱਚ ਘਪਲੇਬਾਜ਼ੀ ਵਾਲੀ ਕੋਈ ਗੱਲ ਨਹੀਂ ਹੈ।
ਉਹਨਾਂ ਕਾਲਜ ਲਈ ਪਿੱਛਲੇ 15 ਸਾਲ ਵਿੱਚ ਸਖਤ ਮਿਹਨਤ ਕਰਕੇ ਇਸਨੂੰ ਖੁਦਮੁਖਤਿਆਰ ਹੋਣ ਦਾ ਮਾਣ ਪ੍ਰਾਪਤ ਕੀਤਾ ਪ੍ਰੰਤੂ ਯੂਨੀਵਰਸਿਟੀ ਵਿੱਚ ਬੈਠੇ ਇਕ ਦੋ ਅਧਿਕਾਰੀ ਗਿਣੀਮਿਥੀ ਸਾਜ਼ਿਸ਼ ਤਹਿਤ ਕਾਲਜ ਨੂੰ ਬੰਦ ਕਰਵਾਉਂਣ ਦਾ ਹਰ ਹੀਲਾ ਵਰਤ ਰਹੇ ਹਨ। ਉਹ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਅਜਿਹਾ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਕਾਲਜ ਚੱਲਦਾ ਰੱਖਣ ਲਈ ਲਗਭਗ 190 ਪ੍ਰੋਫੈਸਰ, ਲੈਕਚਰਾਰ, ਅਧਿਆਪਕ ਅਤੇ ਕਰਮਚਾਰੀਆਂ ਸਮੇਤ ਮਨੇਜਮੈਂਟ ਦੇ ਮੈਂਬਰ ਉਹਨਾਂ ਨਾਲ ਚਟਾਨ ਵਾਂਗ ਖੜ੍ਹੇ ਹਨ। ਸਿੰਡੀਕੇਟ ਸੀ ਬੀ ਆਈ ਜਾਂਚ ਤੋਂ ਇਲਾਵਾ ਹੋਰ ਜਿਹੜੀ ਮਰਜੀ ਜਾਂਚ ਕਰਵਾ ਲਵੇ ਉਹ ਹਰ ਜਾਂਚ ਵਿੱਚ ਸਹਿਯੋਗ ਦੇਣਗੇ ਪ੍ਰੰਤੂ ਜੇਕਰ ਜਾਂਚ ਦੌਰਾਨ ਇਕ ਵੀ ਬੇਨਿਯਮੀ ਸਾਹਮਣੇ ਨਾ ਆਈ ਤਾਂ ਉਹ ਜਾਂਚ ਕਰਵਾਉਂਣ ਵਾਲਿਆਂ ਨੂੰ ਅਦਾਲਤ ਰਾਹੀਂ ਹੀ ਮੁੜਵਾਂ ਜ਼ਵਾਬ ਦੇਣਗੇ।
ਸਿੱਖ ਵਿਦਿਅਕ ਕੌਂਸਲ ਮਾਹਿਲਪੁਰ ਅਧੀਨ ਚੱਲ ਰਹੇ ਖਾਲਸਾ ਕਾਲਜ ਅਤੇ ਸੰਤ ਬਾਬਾ ਹਰੀ ਸਿੰਘ ਮੈਮੋਰੀਅਲ ਖਾਲਸਾ ਬੀ ਐਡ ਕਾਲਜ ਦੇ ਪ੍ਰਿੰਸੀਪਲ ਡਾ ਸੁਰੀਜਤ ਸਿੰਘ ਰੰਧਾਵਾ ਅਤੇ ਪਿ੍ਰੰਸੀਪਲ ਡਾ ਸੁੱਚਾ ਸਿੰਘ ਧਾਲੀਵਾਲ, ਪ੍ਰੋ ਸਰਦੂਲ ਸਿੰਘ ਚੌਹਾਨ ਅਤੇ ਡਾ ਲਖਵਿੰਦਰ ਸਿੰਘ ਆਦਿ ਨੇ ਭਰਵੀਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਯੂਨੀਵਰਸਿਟੀ ਇਸ ਸਮੇਂ ਟਰੇਡ ਯੂਨੀਅਨ ਅਤੇ ਨਾਨ ਅਕੈਡਮਿਕ ਮੁੱਠੀ ਭਰ ਲੋਕਾਂ ਦੀ ਗੁਲਾਮ ਬਣਕੇ ਰਹਿ ਗਈ ਹੈ। ਉਹਨਾਂ ਯੂਨੀਵਰਸਿਟੀ ਦੇ ਉਪ ਕੁਲਪਤੀ ਤੇ ਦੋਸ਼ ਲਾਇਆ ਕਿ ਉਹ ਦੋਵੇਂ ਹੱਥ ਖੜ੍ਹੇ ਕਰਕੇ ਸਾਨੂੰ ਸ਼ਰੇਆਮ ਆਖ ਕੇ ਧਮਕਾ ਰਹੇ ਹਨ ਕਿ ਉਹ ਹੀ ਸਭ ਕੁਝ ਹਨ। ਉਹ ਜੋ ਚਾਹੁੰਣਗੇ ਉਹ ਹੀ ਹੋਵੇਗਾ। ਉਹਨਾਂ ਉਪ ਕੁਲਪਤੀ ਦੇ ਰਵੱਈਏ ਦੀ ਤਿੱਖੇ ਸ਼ਬਦਾਂ ਵਿੱਚ ਅਲੋਚਨਾਂ ਕਰਦਿਆਂ ਕਿਹਾ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਿੰਡੀਕੇਟ ਉਤੇ ਕਲਰਕਾਂ ਅਤੇ ਸਿੱਖਿਆ ਵਿਰੋਧੀ ਲੋਕਾਂ ਦੀ ਬਹੁਸੰਮਤੀ ਹੋ ਗਈ ਹੈ।