ਲੁੱਟ ਖਸੁੱਟ ਤਾਂ ਕੋਈ ਨਹੀਂ ਹੋਈ ਹੈ-ਮਾਹਿਲਪੁਰ ਪੁਲੀਸ
ਮਾਹਿਲਪੁਰ ਪੁਲੀਸ ਤਾਂ ਸ਼ਿਕਾਇਤ ਲਏ ਬਿਨਾਂ ਮੌਕਾ ਵੀ ਦੇਖਣ ਲਈ ਨਹੀਂ ਆਈ-ਸਰਪੰਚ
ਮਾਹਿਲਪੁਰ: ਇਥੋਂ ਚਾਰ ਕਿਲੋਮੀਟਰ ਦੂਰ ਪਿੰਡ ਨੰਗਲ ਖੁਰਦ ਦੇ ਬਾਹਰਵਾਰ ਚਾਰ ਅਗਸਤ ਦੀ ਰਾਤ ਨੂੰ ਦਰਜਨ ਦੇ ਕਰੀਬ ਹਥਿਆਬੰਦ ਲੁਟੇਰਿਆਂ ਨੇ ਪਿਸਤੌਲਾਂ ਅਤੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਅੱਧਾ ਦਰਜ਼ਨ ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਵਿਚ ਹੱਲਾ ਬੋਲ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੱਟ ਲਏ। ਥਾਣਾ ਮਾਹਿਲਪੁਰ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੁਟੇਰਿਆਂ ਦੇ ਖੌਫ਼ ਤੋਂ ਬੁਰੀ ਤਰਾਂ ਡਰੇ ਪ੍ਰਵਾਸੀ ਮਜ਼ਦੂਰ ਆਪਣਾ ਟਿਕਾਣਾ ਛੱਡ ਕੇ ਗੁਪਤ ਸਥਾਨ ਤੇ ਚਲੇ ਗਏ ਹਨ। ਪਿੰਡ ਦੇ ਮੋਹਤਵਰ ਵਿਅਕਤੀਆਂ ਅਤੇ ਸਰਪੰਚ ਨੇ ਲੁੱਟ ਦੀ ਪੁਸ਼ਟੀ ਕੀਤੀ ਹੈ ਜਦ ਕਿ ਮਾਹਿਲਪੁਰ ਪੁਲੀਸ ਇਸ ਨੂੰ ਲੁੱਟ ਨਹੀਂ ਮੰਨ ਰਹੀ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਮਾਹਿਲਪੁਰ ਦੇ ਪਿੰਡ ਨੰਗਲ ਖੁਰਦ ਰਹਿੰਦੇ ਛੋਟੇ ਲਾਲ ਪੁੱਤਰ ਨੰਨੂ ਮੱਲ, ਧੀਰਜ਼ ਕੁਮਾਰ, ਮੁਹੰਮਦ ਪੁੱਤਰ ਕੱਲੂ, ਸੋਹਣ ਲਾਲ, ਵਿਦਿਆ ਵਤੀ, ਕਿਸ਼ਨ ਵਤੀ, ਰਜਿੰਦਰ ਕੁਮਾਰ, ਬਾਲ ਕਿਸ਼ਨ, ਧਰਮਿੰਦਰ ਆਦਿ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਪਰਿਵਾਰਾਂ ਸਮੇਤ ਦੱਸਿਆ ਕਿ ਚਾਰ ਅਗਸਤ ਦੀ ਰਾਤ ਉਹ ਆਪਣੇ ਘਰਾਂ ਅਤੇ ਝੁੱਗੀਆਂ ਵਿਚ ਸੁੱਤੇ ਪਏ ਸਨ। ਰਾਤ ਇੱਕ ਵਜੇ ਦੇ ਕਰੀਬ ਇੱਕ ਵਿਆਕਤੀ ਆਇਆ ਅਤੇ ਕਹਿਣ ਲੱਗਾ ਕਿ ਪਿਛਲੀਆਂ ਝੁੱਗੀਆਂ ਵਿਚ ਕੁੱਝ ਲੁਟੇਰੇ ਆ ਗਏ ਹਨ ਜਾਗਦੇ ਰਹੋ ਅਤੇ ਖਿਆਲ ਰੱਖੋ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਪਿੱਛੋ ਅੱਧਾ ਦਰਜ਼ਨ ਦੇ ਕਰੀਬ ਵਿਆਕਤੀ ਆਏ। ਉਹਨਾਂ ਨੇ ਦੱਸਿਆ ਕਿ ਦੋ ਵਿਅਕਤੀਆਂ ਕੋਲ ਪਿਸਤੌਲਾਂ ਸਨ ਅਤੇ ਬਾਕੀਆਂ ਕੋਲ ਤੇਜ਼ਧਾਰ ਹਥਿਆਰ ਸਨ ਨੇ ਆ ਕੇ ਉਨ੍ਹਾਂ ਸਾਰਿਆਂ ਨੂੰ ਇੱਕ ਥਾਂ ਤੇ ਇੱਕਠਾ ਕਰ ਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪਿਸਤੌਲ ਤਾਣ ਕੇ ਉਨ੍ਹਾਂ ਦੇ ਘਰ ਦੀਆਂ ਔਰਤਾਂ ਕੋਲੋਂ ਸੋਨੇ ਅਤੇ ਚਾਂਦੀ ਦੇ ਗਹਿਣ, ਨਕਦੀ ਅਤੇ ਝੁੱਗੀਆਂ ਵਿੱਚ ਪਿਆ ਕੀਮਤੀ ਸਮਾਨ ਲੁੱਟ ਲਿਆ। ਉਨ੍ਹਾਂ ਦੱਸਿਆ ਕਿ ਉਕਤ ਲੁਟੇਰਿਆਂ ਨੇ ਅੱਗੇ ਜਾ ਕੇ ਅਜਮੇਰ ਸਿੰਘ ਅਤੇ ਤਰਸੇਮ ਸਿੰਘ ਦੀ ਮੋਟਰ ਤੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੂੰ ਕਮਰੇ ਵਿਚ ਬੰਦ ਕਰਕੇ ਸੋਨੇ ਦੇ ਗਹਿਣੇ ਅਤੇ ਨਗਦੀ ਲੁੱਟ ਲਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਦੋਂ ਉਨ੍ਹਾਂ ਪੁਲੀਸ ਨੂੰ ਸੂਚਿਤ ਕੀਤਾ ਤਾਂ ਆਪਣੀ ਆਦਤ ਅਨੁਸਾਰ ਦੇਰ ਨਾਲ ਮੌਕੇ ਤੇ ਆਏ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਤੋਂ ਪੁੱਛ ਗਿੱਛ ਕਰਕੇ ਤਾੜਨਾ ਕੀਤੀ ਕਿ ਇਸ ਲੁੱਟ ਖਸੁੱਟ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਣਾ ਚਾਹੀਦਾ। ਇਸ ਲੁੱਟ ਖਸੁੱਟ ਤੋਂ ਬੁਰੀ ਤਰਾਂ ਖੌਫ਼ਜ਼ਦਾ ਪ੍ਰਵਾਸੀ ਮਜ਼ਦੂਰ ਆਪਣੇ ਟਿਕਾਣੇ ਛੱਡ ਕੇ ਹੋਰ ਪਾਸੇ ਚਲੇ ਗਏ।
ਇਸ ਸੰਬੰਧੀ ਮਾਮਲੇ ਦੀ ਜਾਂਚ ਕਰ ਰਹੇ ਮਾਹਿਲਪੁਰ ਥਾਣੇ ਦੇ ਥਾਣੇਦਾਰ ਬਲਵਿੰਦਰ ਸਿੰਘ ਘੋਤੜਾ ਨੇ ਦੱਸਿਆ ਕਿ ਅਜਿਹੀ ਕੋਈ ਵੀ ਘਟਨਾ ਨਹੀਂ ਹੋਈ। ਅਸੀ ਤਾਂ ਵੈਸੇ ਹੀ ਲੋਕਾਂ ਨੂੰ ਜਾਗਿ੍ਰਤ ਕਰਨ ਲਈ ਗਏ ਸੀ। ਦੂਜੇ ਪਾਸੇ ਪਿੰਡ ਦੀ ਸਰਪੰਚ ਰਾਜਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਨਾਲ ਜਾ ਕੇ ਮਾਹਿਲਪੁਰ ਪੁਲੀਸ ਦੇ ਕਹਿਣ ਤੇ ਹੀ ਲਿਖਤੀ ਸ਼ਿਕਾਇਤ ਦਿੱਤੀ ਹੈ। ਉਹਨਾਂ ਕਿਹਾ ਕਿ ਮਾਹਿਲਪੁਰ ਪੁਲੀਸ ਤਾਂ ਬਿਨ੍ਹਾਂ ਸ਼ਿਕਾਇਤ ਲਈੇ ਮੌਕਾ ਵੀ ਨਹੀਂ ਦੇਖਣ ਆਈ ਜਦਕਿ ਅੱਧਾ ਦਰਜ਼ਨ ਪਰਿਵਾਰ ਹਥਿਆਰਾਂ ਦੀ ਨੋਕ ਤੇ ਲੁੱਟੇ ਗਏ ਹਨ। ਇਲਾਕੇ ਵਿਚ ਉਪਰੋਥਲੀ ਲੁੱਟ ਖੋਹ ਅਤੇ ਚੋਰੀ ਦੀਆਂ ਵੱਧ ਰਹੀਆਂ ਵਾਰਦਾਤਾਂ ਕਾਰਨ ਜਿਥੇ ਲੋਕ ਅਤਿ ਦੇ ਸਹਿਮ ਵਿਚ ਹਨ ਉਥੇ ਕਾਲਾ ਕੱਛਾ ਗਰੋਹ ਦੀਆਂ ਇਲਾਕੇ ਵਿਚ ਘੁੰਮਣ ਅਤੇ ਲੋਕਾਂ ਦੀ ਕੁੱਟਮਾਰ ਕਰਨ ਦੀਆਂ ਅਫਵਾਹਾਂ ਕਾਰਨ ਪਿੰਡਾਂ ਦੇ ਲੋਕ ਪ੍ਰੇਸ਼ਾਨ ਹਨ।
-ਸ਼ਿਵ ਕੁਮਾਰ ਬਾਵਾ