ਸਿਹਤ ਵਿਭਾਗ ਦੇ ਚਾਰ ਅਧਿਕਾਰੀ ਸ਼ਰਾਬ ਪੀ ਕੇ ਖਹਿਬੜੇ
Posted on:- 27-07-2013
-ਸ਼ਿਵ ਕੁਮਾਰ ਬਾਵਾ
ਸਿਹਤ ਵਿਭਾਗ ਦੇ ਜਿਹੜੇ ਅਧਿਕਾਰੀ ਜਨਤਕ ਥਾਵਾਂ ਤੇ ਤਮਾਕੂ ਅਤੇ ਸਿਗਰਟਾਂ ਪੀਣ ਵਾਲਿਆਂ ਦੇ ਚਲਾਨ ਕੱਟਣ ਲਈ ਸ਼ਹਿਰਾਂ ਅਤੇ ਕਸਬਿਆਂ ਵਿਚ ਘੁੰਮਕੇ ਸਿਗਰਟਾਂ ਅਤੇ ਤਮਾਕੂ ਪੀਣ ਵਾਲਿਆਂ ਨੂੰ 200 ਤੋਂ 500 ਰੁਪਏ ਤੱਕ ਜ਼ੁਰਮਾਨੇ ਕਰ ਰਹੇ ਹਨ, ਉਹਨਾਂ ਆਪਣਾ ਕੰਮ ਵਿਚੇ ਛੱਡਕੇ ਖੁਦ ਮਾਹਿਲਪੁਰ ਦੇ ਇਕ ਢਾਬੇ ਅੰਦਰ ਇਕੱਠੇ ਬੈਠਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਡੀ ਸੀ ਵਲੋਂ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਂਣ ਦੀ ਉਹਨਾਂ ਖੱਪ ਪਾਕੇ ਮਾਹਿਲਪੁਰ ਸ਼ਹਿਰ ਵਿਚ ਫੂਕ ਕੱਢਕੇ ਰੱਖ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਹਿਲਪੁਰ ਸ਼ਹਿਰ ਵਿਚ ਮੁਢਲਾ ਸਿਹਤ ਕੇਂਦਰ ਪਾਲਦੀ ਦੇ ਚਾਰ ਸਿਹਤ ਇੰਸਪੈਕਟਰ ਬਲਵੰਤ ਸਿੰਘ, ਜੈਪਾਲ ਸਿੰਘ, ਸੁੱਚਾ ਰਾਮ ਅਤੇ ਗੁਰਦੀਪ ਸਿੰਘ ਨੇ ਅੱਜ ਸਵੇਰੇ ਹੀ ਜਨਤਕ ਥਾਂਵਾਂ ਤੇ ਸਿਗਰਟਨੋਸ਼ੀ, ਨਸ਼ਾ ਅਤੇ ਤਮਾਕੂ ਪੀਣ ਵਾਲਿਆਂ ਨੂੰ ਰੋਕਣ ਲਈ ਸ਼ਹਿਰ ਵਿਚ ਮੁਹਿੰਮ ਸ਼ੁਰੂ ਕੀਤੀ ਅਤੇ 9 ਵਿਅਕਤੀਆਂ ਦੇ ਚਲਾਨ ਕੱਟਕੇ ਵਿਭਾਗੀ ਕਾਰਵਾਈ ਦੀ ਖਾਨਾਪੂਰਤੀ ਕਰਕੇ ਖੁਦ ਸ਼ਹਿਰ ਦੇ ਇੱਕ ਢਾਬੇ ਤੇ ਇਕੱਠੇ ਹੋ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ।
ਮਾਮਲਾ ਉਸ ਸਮੇਂ ਗੰਭੀਰ ਬਣ ਗਿਆ ਜਦੋਂ ਸ਼ਰਾਬ ਦੇ ਨਸ਼ੇ ਵਿਚ ਟੱਲੀ ਉਕਤ ਚਾਰੇ ਕਰਮਚਾਰੀਆਂ ਨੇ ਸਰਕਾਰ ਅਤੇ ਜਿਲਾ ਡਿਪਟੀ ਕਮਿਸ਼ਨਰ ਦੀਆਂ ਨਸ਼ਾ ਵਿਰੋਧੀ ਹਦਾਇਤਾਂ ਦੀ ਖਿੱਲੀ ਉਡਾਣੀ ਸ਼ੁਰੂ ਕਰ ਦਿੱਤੀ ਅਤੇ ਜੋਰ ਜੋਰ ਦੇ ਠਹਾਕੇ ਲਾਏ। ਸ਼ਰਾਬ ਦੇ ਨਸ਼ੇ ਵਿਚ ਚੂਰ ਉਕਤ ਅਧਿਕਾਰੀਆਂ ਦੀ ਹਰਕਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਨ੍ਹਾਂ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਖਰੂਦ ਪਾਇਆ ਅਤੇ ਲੋਕ ਇਕੱਠੇ ਹੋ ਗਏ। ਇਸ ਗੱਲ ਦੀ ਭਿਣਕ ਲੱਗਦੇ ਹੀ ਜਦੋਂ ਪਤਰਕਾਰ ਮੌਕੇ ਤੇ ਪਹੁੰਚੇ ਤਾਂ ਨਸ਼ੇ ਦੀ ਲੋਰ ਵਿਚ ਉਕਤ ਅਧਿਕਾਰੀ ਪੱਤਰਕਾਰਾਂ ਨਾਲ ਵੀ ਉਲਝ ਪਏ। ਜਦੋਂ ਪੱਤਰਕਾਰਾਂ ਨੇ ਇਨ੍ਹਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਵਾਰੇ ਦੱਸਣਾ ਚਾਹਿਆਂ ਤਾਂ ਇਨ੍ਹਾਂ ਪੰਜ ਸੱਤ ਗਾਲਾਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਕੱਢਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਨੂੰ ਸਿਰਫ਼ ਤਮਾਕੂ, ਗੁਟਕਾ, ਖੈਣੀ ਅਤੇ ਹੋਰ ਚੀਜਾਂ ਨੂੰ ਜਨਤਕ ਥਾਂਵਾਂ ਤੇ ਪੀਣ ਤੋਂ ਰੋਕਣ ਲਈ ਹਦਾਇਤ ਦਿੱਤੀ ਹੈ ਨਾਂ ਕਿ ਸ਼ਰਾਬ ਨੂੰ ਰੋਕਣ ਲਈ।
ਸਿਹਤ ਵਿਭਾਗ ਦੇ ਉਕਤ ਅਧਿਕਾਰੀਆਂ ਬਲਵੰਤ ਸਿੰਘ, ਜੈਪਾਲ ਸਿੰਘ, ਸੁੱਚਾ ਰਾਮ ਅਤੇ ਗੁਰਦੀਪ ਸਿੰਘ ਨੇ ਕਿਹਾ ਕਿ ਉਹ ਆਪਣੀ ਡਿਊਟੀ ਖਤਮ ਕਰ ਚੁੱਕੇ ਹਨ ਅਤੇ ਹੁਣ ਉਹ ਚਾਹੇ ਸ਼ਰਾਬ ਪੀਣ ਜਾਂ ਜ਼ਹਿਰ ਖਾਣ ਕਿਸੇ ਨੂੰ ਇਸ ਨਾਲ ਕੀ? ਉਹਨਾਂ ਦੀ ਵੀ ਆਪਣੀ ਜ਼ਿੰਦਗੀ ਹੈ। ਉਹ ਡਿਊਟੀ ਤੇ ਨਹੀਂ ਹਨ।
ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀ ਵਰੁਣ ਰੂਜ਼ਮ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਉਨ੍ਹਾਂ ਨੂੰ ਇਸ ਗਲ ਦਾ ਪਤਾ ਨਹੀਂ ਪ੍ਰੰਤੂ ਉਹ ਹੁਣੇ ਹੀ ਇਨ੍ਹਾਂ ਵਿਰੁੱਧ ਕਾਰਵਾਈ ਲਈ ਸਬੰਧਤ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਸੰਪਰਕ ਕਰਕੇ ਵਿਭਾਗੀ ਕਾਰਵਾਈ ਲਈ ਕਹਿਣਗੇ।