ਕਣਕ ਚ ਪਿਸਾਏ ਜਾ ਰਹੇ ਸਨ ਸਰ੍ਹੋਂ, ਚਾਵਲ ਦੀ ਕਿਣਕੀ ਅਤੇ ਕੰਕਰ
ਮਾਮਲੇ ਦੀ ਜਾਂਚ ਲਈ ਕਮੇਟੀ ਗਠਿਤ : ਐੱਸ.ਡੀ.ਐੱਮ ਬੁਢਲਾਡਾ
ਬਿਹਾਰ ਵਿਖੇ ਸਕੂਲੀ ਬੱਚਿਆਂ ਨੂੰ ਮਿਡ ਡੇਅ ਮੀਲ ’ਚ ਜ਼ਹਿਰੀਲਾ ਭੋਜਨ ਪਰੋਸੇ ਜਾਣ ਕਾਰਨ ਹੋਈਆਂ ਮੋਤਾਂ ਦਾ ਮਾਮਲਾ ਅਜੇ ਸੁਰਖੀਆਂ ’ਚ ਹੈ, ਜਿਸ ਨਾਲ ਪੰਜਾਬ ਦੇ ਸਕੂਲਾਂ ’ਚ ਪੜਦੇ ਬੱਚਿਆਂ ਦੇ ਮਾਪੇ ਵੀ ਚਿੰਤਾ ’ਚ ਹਨ। ਮਿਡ ਡੇਅ ਮੀਲ ’ਚ ਮਿਲਾਵਟੀ ਅਤੇ ਦੋਸ਼ ਪੂਰਨ ਭੋਜਨ ਪਰੋਸੇ ਜਾਣ ਦੀਆਂ ਖਬਰਾਂ ਪੰਜਾਬ ’ਚ ਵੀ ਆਮ ਹਨ, ਜਿਨ੍ਹਾਂ ’ਤੇ ਕਾਰਵਾਈ ਕਰਨ ਲਈ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਪਹਿਲ ਕਦਮੀ ਨਹੀਂ ਕੀਤੀ।
ਮਿਡ ਡੇਅ ਮੀਲ ’ਚ ਦੋਸ਼ ਪੂਰਨ ਭੋਜਨ ਪਰੋਸੇ ਜਾਣ ਦਾ ਤਾਜ਼ਾ ਮਾਮਲਾ ਬੁਢਲਾਡਾ ਹਲਕੇ ਦੇ ਪਿੰਡ ਰਾਮਪੁਰ ਮੰਡੇਰ ਵਿਖੇ ਸਾਹਮਣੇ ਆਇਆ ਹੈ, ਜਿੱਥੇ ਪਿੰਡ ਦੇ ਲੋਕਾਂ ਵੱਲੋਂ ਆਟਾ ਚੱਕੀ ਉੱਪਰ ਪਿਸਾਏ ਜਾਣ ਵਾਲੇ ਸਕੂਲ ਦੇ ਮਿਡ ਡੇਅ ਮੀਲ ਦੀ ਕਣਕ ’ਚ ਚਾਵਲ ਦੀ ਕਿਣਕੀ, ਸਰੋਂ, ਰੇਤਾ ਅਤੇ ਕੰਕਰ ਦੀ ਮਿਲਾਵਟ ਦੇਖਦਿਆਂ ਸਕੂਲ ਦੀ ਮਿਡ ਡੇਅ ਮੀਲ ਇੰਚਾਰਜ ਸ੍ਰੀ ਮਤੀ ਸਾਂਤੀ ਦੇਵੀ ਨੂੰ ਜਾਣੂ ਕਰਾਉਣ ਦੇ ਨਾਲ ਨਾਲ ਐਸ.ਡੀ.ਐਮ ਬੁਢਲਾਡਾ ਸਮੇਤ ਹੋਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ, ਪ੍ਰੰਤੂ ਕਈ ਘੰਟੇ ਲੰਘ ਜਾਣ ਦੇ ਬਾਵਜੂਦ ਕਿਸੇ ਵੀ ਅਧਿਕਾਰੀ ਨੇ ਘਟਨਾਂ ਦਾ ਜਾਇਜ਼ਾ ਲੈਣਾ ਉਚਿਤ ਨਹੀਂ ਸਮਝਿਆ। ਜਦ ਕਿ ਮਿਡ ਡੇਅ ਮੀਲ ਦੀ ਇੰਚਾਰਜ ਨੇ ਇਸ ਕਾਰਨਾਮੇ ਦਾ ਭਾਂਡਾ ਸਕੂਲ ’ਚ ਖਾਣਾ ਬਣਾਉਣ ਵਾਲੀ ਕੁੱਕ ਦੇ ਸਿਰ ਭੰਨਿਆਂ ਹੈ।
ਲਾਡੀ, ਟਹਿਲ ਸਿੰਘ ਅਤੇ ਸਾਬਕਾ ਮੈਂਬਰ ਪੰਚਾਇਤ ਮਲਕੀਤ ਸਿੰਘ ਆਦਿ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਲੰਘੇ ਦਿਨ ਜਦ ਸਕੂਲ ਦੇ ਮਿਡ ਡੇਅ ਮੀਲ ਵਾਲੀ ਮਿਲਾਵਟੀ ਕਣਕ ਪਿੰਡ ਦੀ ਆਟਾ ਚੱਕੀ ਤੇ ਪਿਸਦੀ ਦੇਖੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਚਾਰਿਆ ਜਾਣ ਵਾਲਾ ‘ਚਾਰਾ‘ ਬੱਚਿਆਂ ਨੂੰ ਆਟੇ ਦੀਆਂ ਰੋਟੀਆਂ ਬਣਾਕੇ ਪਰੋਸਿਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਪੂਰੇ ਮਾਮਲੇ ਨੂੰ ਜਦ ਉਨ੍ਹਾਂ ਨੇ ਸਬੰਧਤ ਸਕੂਲ ਦੀ ਮੁੱਖ ਅਧਿਆਪਕਾ ਤੇ ਇੰਚਾਰਜ ਮਿਡ ਡੇਅ ਮੀਲ ਸ੍ਰੀ ਮਤੀ ਸ਼ਾਂਤੀ ਦੇਵੀ ਨੂੰ ਜਾਣੂ ਕਰਵਾਇਆ ਤਾਂ ਉਨ੍ਹਾਂ ਇਸ ਪੂਰੇ ਮਾਮਲੇ ਦਾ ਭਾਂਡਾ ਸਕੂਲ ’ਚ ਮਿਡ ਡੇਅ ਮੀਲ ਤਿਆਰ ਕਰਨ ਵਾਲੀ ਕੁੱਕ ਦੇ ਸਿਰ ਭੰਨਿਆਂ।
ਉਧਰ ਜਦ ਇਸ ਮਾਮਲੇ ਬਾਰੇ ਕੁੱਕ ਮਿੱਠੋ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮੰਨਿਆਂ ਕਿ ਇਹ ਸਾਰਾ ਕੁਝ ਮੇਰੇ ਦੁਆਰਾ ਕੀਤਾ ਗਿਆ ਹੈ।ਇਸ ਪੂਰੇ ਮਾਮਲੇ ਬਾਰੇ ਐਸ.ਡੀ.ਐਮ ਬੁਢਲਾਡਾ ਸ੍ਰੀ ਤੇਜਦੀਪ ਸਿੰਘ ਸੈਣੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਕਮੇਟੀ ਗਠਿਤ ਕੀਤੀ ਗਈ ਹੈ, ਜਿਸ ਦੀ ਰਿਪੋਰਟ ਆਉਣ ’ਤੇ ਦੋਸ਼ੀਆਂ ਖਿਲਾਫ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਲੋੜ ਹੈ ਅਜਿਹੇ ਮਾਮਲਿਆਂ ਨੂੰ ਪ੍ਰਸ਼ਾਸਨ ਵੱਲੋਂ ਸਖਤੀ ਨਾਲ ਨਜਿੱਠਣ ਦੀ ਤਾਂ ਜੋ ਬਿਹਾਰ ਵਰਗੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
Sunday
Finylla! This is just what I was looking for.