ਕਟਾਰੀਆਂ ਨੇ ਜੇਲ੍ਹ ’ਚ ਬੰਦ ਨੌਜਵਾਨ ਨੂੰ ਦੋ ਲੱਖ ਦਰਾਮ ਦੇ ਕੇ ਬਚਾਇਆ
Posted on:- 12-07-2013
-ਸ਼ਿਵ ਕੁਮਾਰ ਬਾਵਾ
ਮਾਹਿਲਪੁਰ ਫਗਵਾੜਾ ਰੋਡ ’ਤੇ ਪੈਂਦੇ ਇਥੋਂ ਲਾਗਲੇ ਪਿੰਡ ਕਟਾਰੀਆਂ ਦਾ ਇਕ ਨੌਜਵਾਨ ਪੂਰੇ 8 ਸਾਲਾਂ ਬਾਅਦ ਦੁਬਈ ਤੋਂ ਤਿੰਨ ਸਾਲ ਦੀ ਸਖਤ ਸਜ਼ਾ ਕੱਟਕੇ ਆਪਣੇ ਕੋਲੋਂ ਅਚਾਨਕ ਸੜਕ ਹਾਦਸੇ ਵਿਚ ਮਾਰੇ ਗਏ ਬੰਗਾਲੀ ਨੌਜਵਾਨ ਦੇ ਪਰਿਵਾਰ ਦੇ ਮੈਂਬਰਾਂ ਨੂੰ ਉਥੋਂ ਦੀ ਇਕ ਸਮਾਜ ਸੇਵੀ ਜਥੇਬਦੀ ਦੇ ਸਹਿਯੋਗ ਨਾਲ 30 ਲੱਖ ਰੁਪਿਆ ਜ਼ੁਰਮਾਨਾ ਦੇ ਕੇ ਅੱਜ ਆਪਣੇ ਘਰ ਪੁੱਜਾ ਹੈ। ਉਸ ਨੂੰ ਪਿੰਡ ਛੱਡਣ ਲਈ ਦੁਬੱਈ ਦੀ ਉਸਦੀ ਸਹਾਇਤਾ ਕਰਨ ਵਾਲੀ ਸੰਸਥਾ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਦੇ ਪ੍ਰਧਾਨ ਰੂਪ ਲਾਲ ਸਿੱਧੂ ਅਤੇ ਚੇਅਰਮੈਨ ਬਖਸ਼ੀ ਰਾਮ ਵੀ ਨਾਲ ਆਏ।
ਜਦ ਮੁਕੇਸ਼ ਕੁਮਾਰ ਕਈ ਸਾਲਾਂ ਬਾਅਦ ਆਪਣੇ ਘਰ ਆਪਣੇ ਪਰਿਵਾਰਕ ਮੈਂਬਰਾਂ ਕੋਲ ਪੁੱਜਾ ਤਾਂ ਉਸਦੇ ਅੱਖਾਂ ਵਿਚੋਂ ਹੰਝੂ ਵਹਿ ਰਹੇ ਸਨ। ਉਸਨੇ ਪਿੰਡ ਸਮੇਤ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਜੱਫੀਆਂ ਪਾਈਆਂ ਅਤੇ ਆਪਣੇ ਨਾਲ ਹੱਡਬੀਤੀ ਸਾਰਿਆਂ ਨਾਲ ਸਾਂਝੀ ਕੀਤੀ ਤਾਂ ਵਿਦੇਸ਼ਾਂ ਨੂੰ ਰੋਜੀ ਰੋਟੀ ਲਈ ਹਜ਼ਾਰਾਂ ਲੱਖਾਂ ਰੁਪਿਆ ਖਰਚਕੇ ਵਿਦੇਸ਼ਾਂ ਨੂੰ ਜਾਣ ਦੇ ਚਾਹਵਾਨ ਨੌਜਵਾਨਾਂ ਦੇ ਮਨ ਪਿੱਛੇ ਹੱਟ ਗਏ।
ਪਿੰਡ ਕਟਾਰੀਆਂ ਵਿਖੇ ਮੁਕੇਸ਼ ਕੁਮਾਰ (30)ਪੁੱਤਰ ਗਿਆਨ ਚੰਦ ਨੇ ਆਪਣੇ ਪਿੰਡਦੇ ਮੋਹਤਵਰ ਲੋਕਾਂ, ਪਰਿਵਾਰ ਦੇ ਮੈਂਬਰਾਂ ਅਤੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰੂਪ ਲਾਲ ਸਿੱਧੂ ਅਤੇ ਚੇਅਰਮੈਨ ਬਖਸ਼ੀ ਰਾਮ ਦੀ ਹਾਜ਼ਰੀ ਵਿਚ ਦੱਸਿਆ ਕਿ ਉਹ ਆਪਣੇ ਗਰੀਬ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਆਪਣੇ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਦੇ ਸਹਿਯੋਗ ਨਾਲ 8 ਕੁ ਸਾਲ ਪਹਿਲਾਂ ਹੀ ਦੁਬੱਈ ਗਿਆ ਸੀ। ਉਸਨੇ ਉਥੇ ਜਾਕੇ ਕੁਝ ਮਹੀਨੇ ਕੰਮ ਕੀਤਾ ਪ੍ਰੰਤੂ ਮਾੜੀ ਕਿਸਮਤ ਕਾਰਨ ਉਥੇ ਡਰਾਇਵਰੀ ਕਰਦਿਆਂ ਅਚਾਨਕ ਸੜਕ ਹਾਦਸਾ ਹੋ ਗਿਆ ਜਿਸ ਸਦਕਾ ਜਿਥੇ ਉਸਦੇ ਸੱਟਾਂ ਲੱਗੀਆਂ ਅਤੇ ਵਾਹਨਾਂ ਦਾ ਨੁਕਸਾਨ ਹੋਇਆ।
ਉਥੇ ਇਸ ਹਾਦਸੇ ਵਿਚ ਬੰਗਾਲ ਨਾਲ ਸਬੰਧਤ ਨੌਜਵਾਨ ਦੀ ਮੌਤ ਹੋ ਗਈ। ਉਸਨੇ ਦੱਸਿਆ ਕਿ ਉਸਨੂੰ ਉਥੋਂ ਦੀ ਪੁਲੀਸ ਵਲੋਂ ਮੌਕੇ ਤੇ ਹੀ ਗਿ੍ਰਫਤਾਰ ਕਰ ਲਿਆ ਗਿਆ ਅਤੇ ਉਸ ਨਾਲ ਬਹੁਤ ਹੀ ਸਖਤੀ ਵਰਤੀ ਗਈ। ਅਦਾਲਤ ਵਲੋਂ ਉਸਨੂੰ ਦੋ ਲੱਖ ਦਰਾਮ (30)ਲੱਖ ਰੁਪਿਆ ਜੁਰਮਾਨੇ ਸਮੇਤ ਤਿੰਨ ਸਾਲ ਦੀ ਸਖਤ ਸਜਾ ਸੁਣਾਈ ਗਈ। ਸਜ਼ਾ ਹੋਣ ਤੋ ਬਾਅਦ ਉਸਨੇ ਆਪਣੇ ਆਪਨੂੰ ਬੇਬੱਸ ਮਹਿਸੂਸ ਕੀਤਾ ਅਤੇ ਜੇਲ੍ਹ ਵਿਚ ਉਦਾਸ ਰਹਿਣ ਲੱਗ ਪਿਆ।
ਉਸਦੀ ਇਸ ਦਰਦਨਾਕ ਕਹਾਣੀ ਸਬੰਧੀ ਉਸਦੇ ਨੇੜਲੇ ਦੋਸਤਾਂ ਵਲੋਂ ਉਸਨੂੰ ਛਡਵਾਉਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ । ਉਸਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੁਬੱਈ ਦੇ ਪ੍ਰਧਾਨ ਰੂਪ ਲਾਲ ਸਿੱਧੂ ,ਚੇਅਰਮੈਨ ਬਖਸ਼ੀ ਰਾਮ ਪਾਲ, ਐਮ ਪੀ ਸਿੰਘ, ਕੇ ਕੇ ਕੁਮਾਰ ਆਦਿ ਨੇ ਮਿਲਕੇ ਉਸ ਨਾਲ ਮੁਲਾਕਾਤ ਕੀਤੀ ਅਤੇ ਉਸਨੂੰ ਜੇਲ੍ਹ ਵਿਚੋਂ ਛਡਵਾਉਣ ਲਈ ਸੜਕ ਹਾਦਸੇ ਵਿਚ ਮਾਰੇ ਗਏ ਬੰਗਾਲੀ ਲੜਕੇ ਦੇ ਪਰਿਵਾਰ ਨਾਲ ਸੰਪਰਕ ਕਰਕੇ ਉਹਨਾਂ ਨੂੰ ਉਸਦੇ ਪਰਿਵਾਰ ਦੀ ਸਥਿੱਤੀ ਨੂੰ ਸਮਝਦੇ ਹੋਏ ਦੋਵਾਂ ਧਿਰਾਂ ਵਿਚਕਾਰ ਸਮਝੌਤੇ ਦੀ ਗੱਲ ਚਲਾਈ ਤਾਂ ਪੀੜਤ ਪਰਿਵਾਰ ਵਲੋਂ ਸੁਸਾਇਟੀ ਦੇ ਮੈਂਬਰਾਂ ਨੂੰ ਅਦਾਲਤ ਵਲੋਂ ਸੁਣਾਈ ਜ਼ੁਰਮਾਨੇ ਦੀ 30 ਲੱਖ ਰੁਪਿਆ ਦੇ ਕੇ ਰਾਜੀਨਾਮਾ ਕਰਨ ਦੀ ਗੱਲ ਕਹੀ।
ਰੂਪ ਲਾਲ ਸਿੱਧੂ ਨੇ ਦੱਸਿਆ ਕਿ ਉਹਨਾਂ ਮੁਕੇਸ਼ ਕੁਮਾਰ ਨੂੰ ਛਡਵਾਉਣ ਲਈ ਰਕਮ ਇਕੱਠੀ ਕਰਨੀ ਸ਼ੁਰੂ ਕੀਤੀ ਤਾਂ ਕੁੱਝ ਹੀ ਮਹੀਨਿਆਂ ਵਿਚ ਹੀ 30 ਲੱਖ ਰੁਪਿਆ ਮ੍ਰਿਤਕ ਲੜਕੇ ਦੇ ਪਰਿਵਾਰ ਨੂੰ ਦੇ ਕੇ ਲਿਖਤੀ ਰਾਜੀਨਾਮਾ ਅਦਾਲਤ ਵਿਚ ਪੇਸ਼ ਕੀਤਾ ਤਾਂ ਅਦਾਲਤ ਵਲੋਂ ਬਲੱਡ ਮਨੀ ਦੇ ਅਧਾਰ ਤੇ ਮੁਕੇਸ਼ ਕੁਮਾਰ ਨੂੰ ਰਿਹਾਅ ਕਰ ਦਿੱਤਾ ਗਿਆ। ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਸਦੇ ਸਮਰਥਕਾਂ ਵਲੋਂ ਉਸਨੂੰ ਰਿਹਾਅ ਹੀ ਨਹੀਂ ਕਰਵਾਇਆ ਸਗੋਂ ਪ੍ਰਧਾਨ ਰੂਪ ਲਾਲ ਸਿੱਧੂ ਉਸਨੂੰ ਭਾਰਤ ਆਪਣੇ ਨਾਲ ਲੇ ਕੇ ਵੀ ਆਏ ਹਨ। ਇਸ ਮੌਕੇ ਗਰੀਬ ਪਰਿਵਾਰ ਨੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਉਪਰਾਲੇ ਦਾ ਕੋਟੀ ਕੋਟੀ ਧੰਨਵਾਦ ਕੀਤਾ।