ਬਿਲਾਸਪੁਰ ਵਿਖੇ ‘ਪਿੰਡ ਬਚਾਓ' ਮੁਹਿੰਮ ਤਹਿਤ ਲੋਕਾਂ ਦਾ ਭਾਰੀ ਇਕੱਠ ਹੋਇਆ
Posted on:- 13-05-2013
ਨਿਹਾਲ ਸਿੰਘ ਵਾਲਾ: ਦਿ ਬਿਲਾਸਪੁਰ ਸਪੋਰਟਸ ਅਤੇ ਵੈਲਫੇਅਰ ਕਲੱਬ ਵੱਲੋਂ ਤਰੁਣਦੀਪ ਦਿਓਲ ਦੀ ਆਗਵਾਈ ਵਿੱਚ ਪਿੰਡ ਬਿਲਾਸਪੁਰ ਵਿਖੇ ‘ਪਿੰਡ ਬਚਾਓ' ਮੁਹਿੰਮ ਤਹਿਤ ਲੋਕਾਂ ਦਾ ਇਕੱਠ ਪਿੰਡ ਦੇ ਵੱਡੇ ਥੜ੍ਹੇ ’ਤੇ ਕੀਤਾ ਗਿਆ, ਜਿਸ ਵਿੱਚ ਬੋਲਦਿਆਂ ਆਈ ਡੀ ਪੀ ਦੇ ਆਗੂ ਦਰਸਨ ਸਿੰਘ ਧਨੇਠਾ ਨੇ ਕਿਹਾ ਕਿ ਸਾਡੇ ਨੁਮਾਇੰਦੇ ਉਹ ਹੋਣ ਜੋ ਰਾਜਨੀਤੀ ਨੂੰ ਤਿਆਗ ਅਤੇ ਸੇਵਾ ਸਮਝਣ ,ਲੋਕ ਮਸਲਿਆਂ ਲਈ ਸੰਵੇਦਨਸ਼ੀਲ ਹੋਣ ।
ਉਹਨਾਂ ਅੱਗੇ ਕਿਹਾ ਕਿ ਗ੍ਰਾਮ ਸਭਾ ਪਿੰਡ ਦੀ ਛੋਟੀ ਅਦਾਲਤ ਹੁੰਦੀ ਹੈ ਅਤੇ ਇਹਨਾਂ ਅਦਾਲਤਾਂ ਵਿੱਚ ਪਿੰਡ ਦੇ ਮਸਲੇ ਤੇ ਫੈਸਲੇ ਲੋਕਾਂ ਸਾਹਮਣੇ ਉਠਾਏ ਅਤੇ ਕੀਤੇ ਜਾਣੇ ਚਾਹੀਦੇ ਹਨ। ਮੁੱਖ ਮੰਤਰੀ ਪੰਜਾਬ ਦੇ ਸਾਬਕਾ ਮੀਡੀਆ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਪੰਜਾਬ ਉੱਜੜ ਰਿਹਾ ਹੈ, ਪੰਜਾਬ ਦੇ ਲੋਕ ਵਿਦੇਸ਼ਾਂ ਵਿੱਚ ਜਾਣ ਲਈ ਤੱਤਪਰ ਹਨ, ਸਿਆਸਤਦਾਨਾਂ ਦੀ ਦਿਲਚਸਪੀ ਸਿਰਫ ਪੈਸੇ ਕਮਾਉਣ ਵਿੱਚ ਹੈ। ਸਿਆਸੀ ਲੀਡਰ ਅਤੇ ਜ਼ਿਆਦਾਤਰ ਅਫਸਰ ਰਲ ਕੇ ਹੀ ਜਨਤਾ ਨੂੰ ਖਾਂਦੇ ਹਨ ਹੁਣ ਲੀਡਰ ਵੈਲਟ ਬਕਸਿਆਂ 'ਚੋਂ ਨਹੀਂ ਸਰਮਾਏਦਾਰੀ 'ਚੋਂ ਉਪਜਦੇ ਹਨ। ਇਸ ਲਈ ਸਾਨੂੰ ਚੰਗੇ ਅਚਾਰ, ਵਿਹਾਰ ਤੇ ਕਿਰਦਾਰ ਵਾਲੇ ਲੋਕਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ, ਜਿਹਨਾਂ ਦਾ ਮੁੱਖ ਮਕਸਦ ਲੋਕ ਸੇਵਾ ਹੋਵੇ ਅਤੇ ਉਹ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਜਾਣੂੰ ਕਰਵਾਉਣ ।
ਸਾਡਾ ਪਿੰਡ ਬਚਾਓ ਮੁਹਿੰਮ ਤਹਿਤ ਪਿੰਡ ਪਿੰਡ ਜਾਣ ਦਾ ਇਹੀ ਮਕਸਦ ਹੈ ਕਿ ਲੋਕ ਪੰਚਾਇਤੀ ਤਾਕਤ ,ਯੋਜਨਾਵਾਂ ਤੇ ਕੰਮਕਾਰਾਂ ਤੋਂ ਜਾਣੂੰ ਹੋਣ ਤਾਂ ਜੋ ਬੁੱਕਲ ਵਿੱਚ ਗੁੜ ਨਾ ਭੰਨਿਆ ਜਾਵੇ। ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਨਸ਼ੇ ਹੀ ਸਾਡੀ ਜਵਾਨੀ ਲਈ ਖੋਰਾ ਹਨ ਬੀਬੀਆਂ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਝਿਜਕ ਅੱਗੇ ਆ ਕੇ ਨਸ਼ਾ ਵੰਡਣ ਤੇ ਛਕਣ ਵਾਲਿਆਂ ਦਾ ਵਿਰੋਧ ਕਰਨ ਕਿਉਂਕਿ ਚੋਣਾਂ ਤੇ ਨਸ਼ੇ ਇੱਕ ਸਿੱਕੇ ਦੋ ਪਹਿਲੂ ਹਨ ।
ਕੁਝ ਦਿਨ ਦਾ ਸਵਾਦ ਪਰਿਵਾਰਾਂ ਵਿੱਚ ਕੁੜੱਤਣ ਪੈਦਾ ਕਰਕੇ ਲੜਾਈਆਂ ਤੇ ਕਤਲ ਤੱਕ ਕਰਵਾ ਦਿੰਦਾ ਹੈ। ਜੇ ਔਰਤਾਂ ਇੱਕਮੁਠ ਹੋਣ ਤੇ ਨੌਜਵਾਨ ਇਸ ਮੁਹਿੰਮ ਦਾ ਹਿੱਸਾ ਬਨਣ ਤਾਂ ਲੋਕਾਂ ਦੀ ਪੰਚਾਇਤ ਬਣ ਸਕਦੀ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਨਹੀਂ ਬਦਲਿਆ ਇਹਨਾਂ ਵੋਟਾਂ ਦੇ ਸੌਦਾਗਰਾਂ ਨੇ ਵੱਡੀ ਤਦਾਦ ਵਿੱਚ ਸਾਡੇ ਲੋਕਾਂ ਦੀ ਜ਼ਮੀਰ ਤੇ ਤਾਸੀਰ ਹੀ ਬਦਲ ਦਿੱਤੀ ਹੈ।
ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਨੇ ਕਿਹਾ ਕਿ ਜਦੋਂ ਵਿਧਾਨ ਸਭਾ ਵਿੱਚ ਕਾਨੂੰਨ ਪਾਸ ਕੀਤੇ ਜਾਂਦੇ ਹਨ ਤਾਂ ਮੌਕੇ ਤੇ ਹੀ ਦੱਸ ਕੇ ਮਤੇ ਪਾਸ ਕਰਵਾ ਲਏ ਜਾਂਦੇ ਹਨ, ਜਿਸ ਦਾ ਵਿਧਾਇਕਾਂ ਨੂੰ ਵੀ ਪੜ੍ਹਨ ਸਮਝਣ ਦਾ ਮੌਕਾ ਨਹੀਂ ਮਿਲਦਾ। ਉਹਨਾਂ ਪਿੰਡ ਦੀ ਕਲੱਬ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪਿੰਡਾਂ ਵਿੱਚ ਅਜਿਹੇ ਕੈਂਪ ਲੱਗਣੇ ਚਾਹੀਦੇ ਹਨ ਤਾਂ ਜੋ ਚੰਗੇ ਯੋਗ ਉਮੀਦਵਾਰ ਅੱਗੇ ਆਉਣ । ਉਹਨਾ ਅੱਗੇ ਕਿਹਾ ਕਿ ਮੇਰਾ ਅਜ਼ਾਦ ਤੌਰ ਤੇ ਜਿੱਤਣਾ ਵੀ ਪਿੰਡ ਬਚਾਓ ਮੁਹਿੰਮ ਨਾਲ ਜੁੜਿਆ ਸਬੱਬ ਹੀ ਸੀ। ਮੈਨੂੰ ਪਹਿਲਾਂ ਵੀ ਲੋਕਾਂ ਨੇ ਜਿਤਾਇਆ ਐਤਕੀ ਵੀ ਪਹਿਲਾਂ ਨਾਲੋਂ ਵੱਧ ਵੋਟਾਂ ਪਾਈਆਂ ਪਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਨੂੰ ਕਿਸੇ ਵੀ ਚੋਣ ਵਿੱਚ ਕਦੇ ਵੀ ਕੋਈ ਨਸ਼ਾ ਵੰਡਣ ਦੀ ਲੋੜ ਨਹੀਂ ਪਈ।
ਤਰੁਣਦੀਪ ਦਿਓਲ ਨੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਅਸੀਂ ਪਿੰਡ ਵਿੱਚ ਸ਼ਾਂਤੀ ਵਿਕਾਸ ਅਤੇ ਯੋਗ ਲੋਕਾਂ ਦਾ ਅੱਗੇ ਆਉਣਾ ਲੋਚਦੇ ਹਾਂ ਕਿ ਪੰਚਾਇਤ ਸਹੀ ਰੂਪ ਵਿੱਚ ਲੋਕਾਂ ਦੀ ਪੰਚਾਇਤ ਹੋਵੇ। ਇਸ ਸਮੇਂ ਬਲਾਕ ਸੰਮਤੀ ਉਮੀਦਵਾਰ ਜਸਵਿੰਦਰ ਕੌਰ ਅਤੇ ਜ਼ਿਲ੍ਹਾ ਪ੍ਰੀਸ਼ਦ ਉਮੀਵਦਾਰ ਜਸਵੀਰ ਕੌਰ ਨੇ ਵੀ ਹਾਜ਼ਰ ਹੋ ਕੇ ਭਰੋਸਾ ਦਿਵਾਇਆ ਕਿ ਉਹ ਚੋਣਾਂ ਵਿੱਚ ਨਸ਼ੇ ਦੀ ਵਰਤੋਂ ਨਹੀਂ ਹੋਣ ਦੇਣਗੀਆਂ।
ਇਸ ਮੌਕੇ ਲੇਖਕ ਰਾਜਵਿੰਦਰ ਰੌਂਤਾ, ਬੂਟਾ ਸਿੰਘ,ਜਸਵੀਰ ਸਿੰਘ, ਮਿੱਠੂ ਸਿੰਘ, ਹਰਵਿੰਦਰ ਸਿੰਘ, ਜੱਗਾ ਸਿੰਘ, ਜਗਮੇਲ ਸਿੰਘ, ਪਾਲਾ ਦਿਓਲ , ਸੀਰਾ, ਗੁਰਤੇਜ ਸਿੰਘ, ਗੁਰਮੇਲ ਸਿੰਘ ਪੰਚ, ਸੂਬੇਦਾਰ ਗੁਚਰਨ ਸਿੰਘ, ਬਿੱਕਰ ਸਿੰਘ ਖੇਲਾ, ਕੈਪਟਨ ਮੇਜਰ ਸਿੰਘ, ਸੂਬੇਦਾਰ ਸਰਦੂਲ ਸਿੰਘ, ਗੁਰਮੀਤ ਸਿੰਘ ਪੱਪਾ ਆੜਤੀਆ ਅਤੇ ਕਲੱਬ ਦੇ ਪ੍ਰਧਾਨ ਹਰਮੀਤ ਸਿੰਘ ਹੈਰੀ ਸਮੇਤ ਪਿੰਡ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ। ਇਸ ਮੌਕੇ ਪਿੰਡ ਬਚਾਓ ਮੁਹਿੰਮ ਵੱਲੋਂ ਜਾਰੀ ਕੀਤਾ ਗਿਆ ਕਿਤਾਬਚਾ ਵੀ ਵੰਡਿਆ ਗਿਆ।
ਹਰਵਿੰਦਰ ਧਾਲੀਵਾਲ
ਤਰਨਦੀਪ ਬਹੁਤ ਹਿੰਮਤੀ ਮੁੰਡਾ ਹੈ ...ਬਿਲਾਸਪੁਰ ਨੂੰ ਇਸ ਤੇ ਬਹੁਤ ਮਾਣ ਹੈ !