ਮੋਮਬੱਤੀ ਮਾਰਚ ਕਰਕੇ ਸਨਾਉਲ੍ਹਾ ਦੀ ਸਿਹਤਯਾਬੀ ਲਈ ਕੀਤੀ ਗਈ ਦੁਆ
Posted on:- 08-05-2013
ਚੰਡੀਗੜ੍ਹ ਦੇ ਪੀਜੀਆਈ ਵਿੱਚ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਪਾਕਿਸਤਾਨੀ ਕੈਦੀ ਸਨਾਉਲ੍ਹਾ ਦੀ ਸਿਹਤਯਾਬੀ ਲਈ ਚੰਡੀਗੜ੍ਹ ਦੇ ਅਮਨ ਪਸੰਦ ਲੋਕਾਂ ਦੇ ਸਮੂਹ ਵੱਲੋਂ ਮੋਮਬੱਤੀ ਮਾਰਚ ਕੀਤਾ ਗਿਆ।
ਪੀਜੀਆਈ ਦੇ ਬੂਹੇ ਅੱਗੇ ਕੱਢੀ ਗਏ ਇਸ ਮੋਮਬਤੀ ਮਾਰਚ ਵਿੱਚ ਹਰ ਵਰਗ ਦੇ ਲੋਕੀਂ ਸ਼ਾਮਿਲ ਸਨ, ਜਿਨ੍ਹਾਂ ਸਨਾਉਲ੍ਹਾ ਦੀ ਸਿਹਤ ਵਿੱਚ ਸੁਧਾਰ ਲਈ ਦੁਆ ਕੀਤੀ ਅਤੇ ‘ਅਸੀਂ ਸਨਾਉਲ੍ਹਾ ਦੀ ਸਿਹਤ ਲਈ ਦੁਆ ਕਰਦੇ ਹਾਂ’ , ‘ਨਫ਼ਰਤ ਨਹੀਂ, ਪਿਆਰ ਵਧਾਓ’ ਦੇ ਬੈਨਰਾਂ ਨਾਲ ਲੋਕਾਂ ਨੂੰ ਅਮਨ ਅਤੇ ਪਿਆਰ ਦਾ ਪੈਗ਼ਾਮ ਦਿੱਤਾ।
ਰਾਹ ਜਾਂਦੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਇਸ ਅਮਨ ਪਸੰਦ ਮਾਰਚ ਦੀ ਸ਼ਲਾਘਾ ਕੀਤੀ ਗਈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ ਲਾਹੌਰ ਵਿਚ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਹਮਲੇ ਉਪਰੰਤ ਹੋਈ ਮੌਤ ਪਿੱਛੋਂ ਜੰਮੂ ਦੀ ਕੋਟ ਬਲਾਵਲ ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਪਾਕਿਸਤਾਨੀ ਕੈਦੀ ਸਨਾਉਲ੍ਹਾ ਉਤੇ ਇਕ ਭਾਰਤੀ ਕੈਦੀ ਵੱਲੋਂ ਹਮਲਾ ਕੀਤਾ ਗਿਆ ਸੀ। ਉਸ ਦੀ ਹਾਲਤ ਗੰਭੀਰ ਹੋਣ ਤੇ ਉਸ ਨੂੰ ਚੰਡੀਗੜ੍ਹ ਪੀਜੀਆਈ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਸੀ।