Thu, 21 November 2024
Your Visitor Number :-   7256075
SuhisaverSuhisaver Suhisaver

ਓਲੰਪੀਅਨ ਪਰਗਟ ਸਿੰਘ ਨੇ ਹੁਣ ਕੀਤਾ ਸਿਆਸੀ ਗੋਲ -ਰਣਜੀਤ ਸਿੰਘ ਪ੍ਰੀਤ

Posted on:- 22-03-2012

suhisaver

ਭਾਰਤੀ ਹਾਕੀ ਦੀ ਜਿਵੇਂ ਜਿਵੇਂ ਗੱਲ ਤੁਰਦੀ ਰਹੇਗੀ ,ਉਵੇਂ ਉਵੇਂ ਹੀ ਖੇਡ ਮੈਦਾਨ ਦੇ ਖਿਡਾਰੀ ਪਰਗਟ ਸਿੰਘ ਦੇ ਰਾਜਨੀਤੀ ਵਿੱਚ ਪ੍ਰਗਟ ਹੋਣ ਦੀ ਗੱਲ ਵੀ ਚਲਦੀ ਰਹੇਗੀ । ਉਹ ਪਹਿਲਾ ਓਲੰਪੀਅਨ ਹੈ ਜਿਸ ਨੇ ਸਿਆਸਤ ਵਿੱਚ ਵੀ ਪਨੈਲਟੀ ਕਾਰਨਰ ਤੋਂ ਗੋਲ ਕਰ ਵਿਖਾਇਆ ਹੈ । ਖੇਡ ਢਾਂਚੇ ਨੂੰ ਵਿਕਾਸ ਲੀਹਾਂ ਉੱਤੇ ਤੋਰਨ ਅਤੇ ਵਿਸ਼ਵ ਕਬੱਡੀ ਕੱਪ ਸਫ਼ਲਤਾ ਸਹਿਤ ਨੇਪਰੇ ਚਾੜ੍ਹਨ ਨਾਲ ਉਹ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਰੀਬ ਆ ਗਏ ਸਨ । ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ।



168 ਮੈਚਾਂ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨ ਵਾਲੇ,313 ਕੌਮਾਂਤਰੀ ਮੈਚਾਂ ਵਿੱਚ ਚੀਨ ਦੀ ਦੀਵਾਰ ਬਣਨ ਵਾਲੇ, 5 ਫੁੱਟ 7 ਇੰਚ ਕੱਦ ਦੇ ਪਰਗਟ ਸਿੰਘ ਦਾ ਜਨਮ ਜਲੰਧਰ ਦੇ ਨੇੜੇ ਪਿੰਡ ਮਿੱਠਾਪੁਰ ਵਿੱਚ 5 ਮਾਰਚ 1965 ਨੂੰ ਹੋਇਆ । ਮੁਢਲੀ ਪੜ੍ਹਾਈ ਪਿੰਡ ਤੋਂ ਅਤੇ ਬੀ ਏ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਤੋਂ ਕੀਤੀ । ਉਹਨਾਂ ਦਾ ਵਿਆਹ ਬਰਿੰਦਰਜੀਤ ਨਾਲ ਹੋਇਆ ਅਤੇ ਬੇਟੇ ਹਰਤਾਸ ,ਬੇਟੀ ਹਰਨੂਰ ਦੇ ਪਿਤਾ ਬਣੇ । ਇਸ ਸਮੇਂ ਹੀ ਉਸ ਨੇ 18 ਸਾਲ ਦੀ ਉਮਰ ਵਿੱਚ ਕੈਨੇਡਾ ਵਿਖੇ ਜੂਨੀਅਰ ਵਿਸ਼ਵ ਕੱਪ ਖੇਡਿਆ। ਪਰਗਟ ਸਿੰਘ ਬਤੌਰ ਫੁੱਲਬੈਕ ਜੂਨੀਅਰ ਅਤੇ ਸੀਨੀਅਰ ਟੀਮ ਦਾ ਅਹਿਮ ਹਿੱਸਾ ਬਣੇ ਰਹੇ । ਉਹਨਾਂ ਨੇ 1992 (ਬਾਰਸਿਲੋਨਾ) ਅਤੇ 1996 (ਅਟਲਾਂਟਾ) ਓਲੰਪਿਕ ਸਮੇ ਦੋ ਵਾਰੀ ਓਲੰਪਿਕ ਕਪਤਾਨ ਬਣਨ ਦਾ ਰਿਕਾਰਡ ਬਣਾਇਆ । ਐਟਲਾਂਟਾ ਓਲੰਪਿਕ ਸਮੇਂ ਖੇਡ ਦਲ ਦੇ ਮੁਹਰੀ ਵਜੋਂ ਭਾਰਤੀ ਝੰਡਾ ਲੈ ਕੇ ਤੁਰਨ ਦਾ ਮਾਣ ਵੀ ਹਾਸਲ ਕੀਤਾ ।
 

ਸੁਰਜੀਤ ਸਿੰਘ ਯਾਦਗਾਰੀ ਟੂਰਨਾਮੈਟ ਸੁਸਾਇਟੀ ਜਲੰਧਰ ਦੇ ਮੀਤ ਪ੍ਰਧਾਨ,ਦੁਨੀਆਂ ਦੇ ਧੜੱਲੇਦਾਰ ਫੁੱਲਬੈਕ ਪਰਗਟ ਸਿੰਘ ਨੇ ਪਰਥ ਚੈਂਪੀਅਨਜ਼ ਟਰਾਫ਼ੀ 1985 ਦੌਰਾਂਨ ਜਰਮਨੀ ਵਿਰੁੱਧ ਭਾਰਤੀ ਟੀਮ ਦੇ 1-5 ਨਾਲ ਪਛੜਨ’ਤੇ ਵੀ ਅਜਿਹਾ ਕਾਰਨਾਮਾ ਕਰ ਵਿਖਾਇਆ ਕਿ ਮੈਚ ਦੇ ਅਖੀਰਲੇ 6 ਮਿੰਟਾਂ ਵਿੱਚ 4 ਵਾਰੀ ਗੋਲ ਫੱਟਾ ਖੜਕਿਆ ਅਤੇ ਮੈਚ 5-5 ਗੋਲਾਂ ਨਾਲ ਬਰਾਬਰ ਤੇ ਖ਼ਤਮ ਹੋਇਆ । ਇਹੀ ਕਾਰਨਾਮਾ 1986 ਦੀ ਕਰਾਚੀ ਟਰਾਫ਼ੀ ਸਮੇ ਹਾਲੈਂਡ ਨੂੰ 3-2 ਨਾਲ ਮਾਤ ਦਿੰਦਿਆਂ ਦੁਹਰਾਇਆ।

ਪਰਗਟ ਸਿੰਘ ਨੂੰ ਚੰਡੀਗੜ੍ਹ ਸਪੋਰਟਸ ਜਰਨਲਿਸਟ ਐਸੋਸੀਏਸ਼ਨ ਵੱਲੋਂ 1985 ਵਿੱਚ, ਅਰਜੁਨਾ ਐਵਾਰਡ ਅਤੇ ਦਿੱਲੀ ਸਪੋਰਟਸ ਜਰਨਲਿਸਟ ਐਸੋਸੀਏਸ਼ਨ ਵੱਲੋਂ 1989 ਵਿੱਚ,ਰਾਜੀਵ ਗਾਂਧੀ ਖੇਲ ਰਤਨ ਐਵਾਰਡ 1996 ਵਿੱਚ,ਪਦਮ ਸ਼੍ਰੀ ਐਵਾਰਡ 1998 ਵਿੱਚ,ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ 2006 ਵਿੱਚ ਮਿਲੇ ਹਨ । ਖੇਡ ਖੇਤਰ ਵਿੱਚ ਉਹ 1983 ਤੋਂ 1997 ਤੱਕ ਲਗਾਤਾਰ ਹਾਕੀ ਦੇ ਨਾਮੀ ਖਿਡਾਰੀ ਬਣੇ ਰਹੇ । ਉਹਨਾਂ ਨੇ ਓਲੰਪਿਕ ਖੇਡਾਂ,ਵਿਸ਼ਵ ਕੱਪ,ਚੈਂਪੀਅਨਜ਼ ਟਰਾਫ਼ੀ, ਏਸ਼ੀਆਈ ਖੇਡਾਂ, ਸੈਫ਼ਖੇਡਾਂ, ਏਸ਼ੀਆ ਕੱਪ, ਪਾਕਿਸਤਾਨ,ਇਟਲੀ,ਕੀਨੀਆਂ ਵਿਰੁੱਧ ਟੈਸਟ ਸੀਰੀਜ਼,ਇੰਦਰਾ ਗਾਂਧੀ ਗੋਲਡ ਕੱਪ,ਤੋਂ ਇਲਾਵਾ 1987 ਵਿੱਚ ਏਸ਼ੀਅਨ ਆਲ ਸਟਾਰਜ਼  ਇਲੈਵਨ ਦਾ ਕਪਤਾਨ ਬਣਕੇ ਅਫ਼ਰੀਕਾ ਦਾ ਦੌਰਾ ਕੀਤਾ ਅਤੇ ਇੰਟਰ-ਕਾਂਟੀਨੈਂਟਲ ਕੱਪ ਵੀ ਖੇਡਿਆ। ਬਹੁਤ ਹੀ ਅਹਿਮ ਹਾਕੀ ਮੁਕਾਬਲਿਆਂ ਵਿੱਚ ਟੀਮ ਦੀ ਕਪਤਾਨੀ ਵੀ ਕੀਤੀ ।

 ਇਸ ਦ੍ਰਿੜ ਇਰਾਦੇ ਵਾਲੇ ਖਿਡਾਰੀ ਨੇ ਪਹਿਲਾਂ ਰੇਲ ਕੋਚ ਫੈਕਟਰੀ ਵਿੱਚ ਫਿਰ ਅਲਕਲੀਜ਼ ਦੀ ਟੀਮ ਵਿਚ ਅਤੇ ਪੰਜਾਬ ਪੁਲੀਸ ਵਿੱਚ ਡੀ. ਐੱਸ. ਪੀ. ਬਣਨ ਮਗਰੋਂ 2005 ਵਿੱਚ ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ । ਹਾਕੀ ਤੋਂ ਰਿਟਾਇਰ ਹੋ ਕੇ ਹਾਕੀ ਸਬੰਧੀ ਮੈਗਜ਼ੀਨ ਵੀ ਕੱਢਿਆ । ਹਾਕੀ ਦੀ ਬਿਹਤਰੀ ਲਈ ਮਹਿਲਾ ਹਾਕੀ ਦੀ ਪ੍ਰਧਾਨਗੀ ਵਾਲੀ ਚੋਣ ਵੀ ਵਿਦਿਆ ਸਟੋਕਸ ਵਿਰੁੱਧ 41-21 ਵੋਟਾਂ ਪੈਣ ਕਰਕੇ 20 ਵੋਟਾਂ ਦੇ ਫ਼ਰਕ ਨਾਲ ਹਾਰ ਗਏ । ਇਹ ਪਰਿਵਾਰ ਰਾਜਨੀਤੀ ਨਾਲ ਬਾਵਸਤਾ ਨਹੀਂ । ਸਿਰਫ਼ ਪਰਗਟ ਸਿੰਘ ਦੇ ਸਹੁਰਾ ਸਾਹਿਬ ਸ ਦਰਬਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਜਿੱਤੇ ਸਨ ਅਤੇ ਫਿਰ ਰਾਜਸਥਾਨ ਦੇ ਰਾਜਪਾਲ ਰਹਿੰਦਿਆਂ ਦਿਲ ਦਾ ਦੌਰਾ ਪੈਣ ਕਾਰਣ ਅਕਾਲ ਚਲਾਣਾ ਕਰ ਗਏ ਸਨ । ਪਰ ਹੁਣ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਲੰਧਰ ਛਾਉਣੀ ਤੋਂ ਪਰਗਟ ਸਿੰਘ ਵਿਧਾਇਕ ਬਣ ਗਏ ਹਨ । ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿੱਚ ਅਪੜਕੇ ਸਹੁੰ ਚੁੱਕਣ ਵਾਲੇ ਉਹ ਪਹਿਲੇ ਓਲੰਪੀਅਨ ਬਣ ਗਏ ਹਨ । ਇਸ ਸਿਆਸੀ ਰਿਕਾਰਡ ਨਾਲ ਉਹਨਾਂ ਇੱਕ ਵਾਰ ਫਿਰ ਗੋਲ ਕਰਦਿਆਂ ਸਿਆਸੀ ਗੋਲ ਫ਼ੱਟਾ ਖੜਕਾਉਂਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ । ਹੁਣ ਉਹਨਾਂ ਕੋਲ ਖੇਡਾਂ ਨੂੰ ਪੂਰਾ ਪਰਫੁਲਤ ਕਰਨ ਦਾ ਸੁਨਹਿਰੀ ਮੌਕਾ ਵੀ ਆ ਗਿਆ ਹੈ । ਪਰ ਇਹ ਸਾਰਾ ਕੁੱਝ ਅਜੇ ਸਮੇ ਦੀ ਬੁੱਕਲ਼ ਵਿੱਚ ਹੈ । ਊਠ ਕਿਸ ਕਰਵਟ ਬਹਿੰਦਾ ਏ ,ਇਸ ਦਾ ਪਤਾ ਤਾਂ ਸਮਾਂ ਆਉਣ ‘ਤੇ ਹੀ ਲੱਗ ਸਕੇਗਾ ?

ਸੰਪਰਕ: 98157-07232

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ