ਇੱਕ ਹਾਈ ਸਕੂਲ ਪੰਜਾਬੀਆ ਦੀ ਵੱਸੋਂ ਵਾਲੇ ਇਲਾਕੇ ਲਈ
ਅਲਬਰਟਾ ਪੀ ਸੀ ਸਰਕਾਰ ਨੇ ਹਾਲੇ ਪਿਛਲੇ ਹਫਤੇ ਹੀ ਆਪਣਾ ਇੱਕ ਸਾਲ ਪੂਰਾ ਕੀਤਾ ਹੈ, ਪਰ ਉਸ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਨਿਭਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦੀ ਮਿਸਾਲ ਅਲਬਰਟਾ ਦੀ ਪ੍ਰੀਮੀਅਰ ਐਲੀਸਨ ਰੈਡਫੋਰਡ ਵੱਲੋਂ ਕੀਤੇ ਐਲਾਨ ਤੋਂ ਮਿਲਦੀ ਹੈ।
ਕੈਲਗਰੀ ਦੇ ਉੱਤਰ-ਪੂਰਬ ਏਰੀਏ ਵਿੱਚ ਅੱਜ ਜਲਦੀ ਵਿੱਚ ਰੱਖੇ ਇੱਕ ਸਮਾਗਮ ਦੌਰਾਨ ਉਹਨਾਂ ਐਲਾਨ ਕੀਤਾ ਕਿ ਕੈਲਗਰੀ ਵਿੱਚ 9 ਹੋਰ ਸਕੂਲਾਂ ਨੂੰ ਅੱਪ ਗਰੇਡ ਕਰਕੇ, ਪਰ ਇੱਕ ਬਿਲਕੁਲ ਨਵਾਂ ਨਕੋਰ ਆਧੁਨਿਕ ਸਹੂਲਤਾਂ ਵਾਲਾ ਹਾਈ ਸਕੂਲ ਪੰਜਾਬੀਆਂ ਦੇ ਗੜ੍ਹ ਜੇਨਸਿਸ ਸੈਂਟਰ ਦੇ ਕੋਲ ਸ਼ਹਿਰ ਦੇ ਉੱਤਰ ਪੂਰਬ ਵਿੱਚ ਸਥਾਪਤ ਕੀਤਾ ਜਾਵੇਗਾ।
ਇਸ ਨਵੇਂ ਐਲਾਨ ਨਾਲ 7550 ਹੋਰ ਨਵੇਂ ਵਿਦਿਆਰਥੀ ਇਹਨਾਂ ਸਕੁਲਾਂ ਵਿੱਚ ਸਮਾਂ ਸਕਣਗੇ। ਸਿਖਿਆ ਮੰਤਰੀ ਜੈਫ ਜੋਹਨਸਨ ਦਾ ਕਹਿਣਾ ਹੈ ਕਿ ਜਿਓਂ ਜਿਓਂ ਕੈਲਗਰੀ ਦੀ ਅਬਾਦੀ ਵੱਧ ਰਹੀ ਹੈ ਉਸੇ ਹਿਸਾਬ ਨਾਲ ਸਾਨੂੰ ਸਕੂਲਾਂ ਦੀ ਵੀ ਹੋਰ ਜ਼ਰੂਰਤ ਰਹਿਣੀ ਹੈ। ਅਲਬਰਟਾ ਦੇ ਸਰਵਿਸਜ਼ ਮਨਿਸਟਰ ਸ: ਮਨਮੀਤ ਭੁੱਲਰ ਅਨੁਸਾਰ ਪੀ ਸੀ ਪਾਰਟੀ ਦੀ ਅਲਬਰਟਾ ਸਰਕਾਰ ਨੇ ਕਹਿਣੀ ਤੇ ਕਰਨੀ ਨੂੰ ਸੱਚ ਕਰ ਦਿਖਾਇਆ ਹੈ,ਚੋਣਾਂ ਵੇਲੇ ਦੇ ਵਾਅਦੇ ਅਤੇ ਅੱਜ ਦੇ ਐਲਾਨ ਆਪਸ ਵਿੱਚ ਮੇਲ ਖਾਂਦੇ ਹਨ।
ਤਿੰਨ ਸਾਲਾਂ ਵਿੱਚ ਪੂਰੇ ਹੋਣ ਵਾਲੇ ਤਕਰੀਬਨ 503 ਮਿਲੀਅਨ ਡਾਲਰ ਦੇ ਪਰਜੈਕਟ ਦੇ ਐਲਾਨ ਉਪਰੰਤ ਐਲੀਸਨ ਰੈਡਫੋਰਡ ਦਾ ਕਹਿਣਾ ਸੀ ਸਾਡੀ ਸਰਕਾਰ ਨੂੰ ਲੋਕਾਂ ਨੇ ਅਲਬਰਟਾ ਨੂੰ ਮਜ਼ਬੂਤ ਬਣਾਉਣ ਲਈ ਹੀ ਚੁਣਿਆ ਹੈ। ਇਸ ਐਲਾਨ ਨਾਲ ਸਹਿਰ ਦੇ ਇਸ ਖਿੱਤੇ ਵਿੱਚ ਰਹਿਣ ਵਾਲੇ ਲੋਕਾਂ ਨਮੂ ਤਾਂ ਖੁਸੀ ਹੋਣੀ ਹੀ ਸੀ ਸਗੋਂ ਵਿਰੋਧੀ ਧਿਰ ਲਿਬਰਲ ਪਾਰਟੀ ਦੇ ਇਸ ਹਲਕੇ ਦੇ ਐਮ ਐਲ ਏ ਸ: ਦਰਸਨ ਸਿੰਘ ਕੰਗ ਨੇ ਵੀ ਇੱਕ ਵੱਖਰੇ ਬਿਆਨ ਵਿੱਚ ਕਿਹਾ ਕਿ ਮੈਂ ਸਰਕਾਰ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਹਲਕੇ ਦੀਆਂ ਲੋੜਾਂ ਨੂੰ ਸਮਝਦੇ ਹੋਏ ਪਹਿਲ ਦੇ ਅਧਾਰ ‘ਤੇ ਪੂਰਾ ਕੀਤਾ ਹੈ।
-ਹਰਬੰਸ ਬੁੱਟਰ, ਕੈਲਗਰੀ