ਹਰਬੰਸ ਬੁੱਟਰ ਪੰਜਾਬੀ ਮੀਡੀਆ ਐਵਾਰਡ ਨਾਲ ਸਨਮਾਨਤ
Posted on:- 18-04-2013
ਏਸ ਐਂਟਰਟੇਨਮੈਂਟ ਐਂਡ ਮੀਡੀਆਂ ਗਰੁੱਪ, ਸਬਰੰਗ ਰੇਡੀਓ ਅਤੇ ਆਈ-ਵੈੱਬ ਗਾਏ ਵਲੋਂ ਆਯੋਜਿਤ ਵਿਸਾਖੀ ਮੇਲਾ-2013, ਪਿਛਲੇ ਸਾਲ ਦੇ ਵਿਸਾਖੀ ਮੇਲੇ ਨੂੰ ਪਿੱਛੇ ਛੱਡ ਗਿਆ।ਮਨਜੀਤ ਪਿਆਸਾ ਅਤੇ ਸਮਰਿਧੀ ਜੀ ਨੇ ਸਭਿਆਚਾਰਕ ਸਟੇਜ ਬਤੌਰ ਐਮ ਸੀ ਆ ਸੰਭਾਲੀ।ਇਸ ਮੇਲੇ ਦੇ ਸੰਚਾਲਕ ਅਤੇ ਕਰਤਾ ਧਰਤਾ ਰਾਜੇਸ਼ ਅੰਗਰਾਲ ਜੀ ਨੇ ਮੇਲਾ ਵੇਖਣ ਪਹੁੰਚੇ ਦਰਸ਼ਕਾਂ ਨੂੰ ਵਿਸਾਖੀ ਦੀਆਂ ਵਧਾਈਆਂ ਉਪਰੰਤ ਪ੍ਰੋਗਰਾਮ ਦੀ ਸ਼ੁਰੂਆਤ ਗੁਰਮੀਤ ਸਰਪਾਲ, ਗੁਰਮੀਤ ਮੱਲ੍ਹੀ, ਹਰਭਜਨ ਚੱਠਾ ਦੁਆਰਾ ਗਾਇਨ ਕੀਤੇ ਸ਼ਬਦ `ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ ਨਾਲ ਕੀਤੀ ਗਈ।ਫਿਰ ਤਾਂ ਜਿੰਵੇਂ ਸਭਿਆਚਾਰਕ ਨਾਚਾਂ ਦੀ ਝੜੀ ਲਗ ਗਈ।ਉਰਵਸ਼ੀ ਕਲਾ ਕੇਂਦਰ ਦੀਆਂ ਡਾਂਸਰਜ਼ ਵਲੋਂ ਦੋ ਕਲਾਸੀਕਲ ਅਤੇ ਇੱਕ ਬਾਲੀਵੁੱਡ ਨਾਚ ਪੇਸ਼ ਕੀਤਾ ਗਿਆ।
ਦਸਤਾਰ ਸਜਾਉਣ ਅਤੇ ਗੁੱਤ ਗੁੰਦਣ ਦੇ ਮੁਕਾਬਲੇ ਦੌਰਾਨ ਡੌਲੀ ਨੂੰ ਜੇਤੂ ਅਤੇ ਮੌਨਿਕਾ ਨੂੰ ਤੇਜ਼, ਸੁਹਣੀ ਤੇ ਸਫਾਈ ਵਾਲੀ ਗੁੰਦੀ ਹੋਈ ਗੁੱਤ ਲਈ ਜੇਤੂ ਘੋਸ਼ਿਤ ਕੀਤਾ।ਛੋਟੀਆਂ ਬੱਚੀਆਂ ਵਿਚੋਂ ਇੱਕਮਨ ਜੇਤੂ ਅਤੇ ਹਰਜੋਤ ਰਨਰ ਰਹੀ। ਦਸਤਾਰ ਸਜਾਉਣ ਦੇ ਮੁਕਾਬਲੇ ਵਿੱਚ ਜੁਗਿੰਦਰ ਸਿਘ ਜੇਤੂ ਤੇ ਕਰਮਵੀਰ ਸਿੰਘ ਰਨਰ ਰਹੇ।
ਦਲਜਿੰਦਰ ਸਿੰਘ ਜੌਹਲ ਦੀ ਅਗਵਾਈ ਹੇਠ ਭੰਗੜਾ ਟੀਮਾਂ ਨੇ ਆਪੋ ਆਪਣੀ ਕਲਾ ਦੇ ਜੌਹਰ ਵਿਖਾ ਕੇ ਦਰਸ਼ਕਾਂ ਨੂੰ ਕੀਲੀ ਰਖਿਆ।
ਨੰਨ੍ਹੇ ਮੁੰਨ੍ਹੇ ਢਾਡੀ ਜੱਥੇ ਨੇ ਸਭ ਨੂੰ ਕੀਲ ਕੇ ਰੱਖ ਦਿੱਤਾ। ਗਤਕੇ ਦੇ ਪ੍ਰਦਰਸ਼ਨ ਵਿੱਚ ਮਾਰਸ਼ਲ ਆਰਟ ਨੂੰ ਬਾਖੂਬੀ ਪੇਸ਼ ਕੀਤਾ।ਰਵੀ ਪ੍ਰਕਾਸ਼ ਨੇ ਫਿਲਮੀ ਧੁਨ ਤੇ ਆਪਣੀ ਖੁਬਸੂਰਤ ਅਵਾਜ਼ ਵਿੱਚ ਗੀਤ ਗਾਇਆ।ਬੱਚੀ ਹਰਲੀਨ ਗਰੇਵਾਲ ਨੇ ਵਿਸਾਖੀ ਦੀ ਕਵਿਤਾ ਸੁਣਾਈ ਤੇ ਸਿਮਰਨਪ੍ਰੀਤ ਸਿੰਘ ਨੇ ਵਿਅੰਗ-ਕਵਿਤਾ ਪੇਸ਼ ਕੀਤੀ।ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੀਆਂ ਮੈਂਬਰਾਂ ਵਲੋਂ ਘਰੇਲੂ ਹਿੰਸਾ ਦੇ ਵਿਸ਼ੇ ਨੂੰ ਪੇਸ਼ ਕਰਦੇ, ਗੁਰਚਰਨ ਕੌਰ ਥਿੰਦ ਦੇ ਲਿਖੇ ਅਤੇ ਤਿਆਰ ਕਰਵਾਏ ਸਕਿੱਟ `ਇਨ੍ਹਾਂ ਦੀ ਵੀ ਸੁਣੋ` ਦੀ ਪੇਸ਼ਕਾਰੀ ਨੇ ਸਭ ਨੂੰ ਵਾਹ ਵਾਹ ਕਰਨ ਲਗਾ ਦਿੱਤਾ।
ਐਮ.ਪੀ. ਦਵਿੰਦਰ ਸ਼ੋਰੀ ਉਚੇਚੇ ਤੌਰ ‘ਤੇ ਇਸ ਮੇਲੇ ਵਿੱਚ ਸ਼ਾਮਲ ਹੋਕੇ ਵਿਸਾਖੀ ਦੀ ਵਧਾਈ ਦਿੱਤੀ ।ਬਿਲ ਕਾਹਲੋਂ ਨੇ ਇਸ ਮੁਬਾਰਕ ਦਿਨ ਤੇ ਨਸ਼ਾ ਮੁਕਤ ਸਮਾਜ ਸਿਰਜਨ ਦੀ ਗੱਲ ਕੀਤੀ। ਰੌਸ਼ਨ ਚੁੰਬਰ, ਨੇ ਵਿਸਾਖੀ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਅਤੇ ਉਸ ਤੋਂ ਪਹਿਲਾਂ ਮਹਾਤਮਾ ਬੁੱਧ ਨੇ ਵੀ ਜਾਤਾਂ ਪਾਤਾਂ ਦਾ ਖੰਡਨ ਕੀਤਾ ਸੀ।
ਵਿਸਾਖੀ ਮੇਲਾ-2013 ਵਿੱਚ ਕਮਿਊਨਿਟੀ ਦੀਆਂ ਸਖਸ਼ੀਅਤਾਂ ਨੂੰ ਉਹਨਾਂ ਦੇ ਮਹੱਤਵ ਪੂਰਨ ਯੋਗਦਾਨ ਲਈ ਸਨਮਾਨਤ ਕੀਤਾ ਗਿਆ।ਸ਼੍ਰੀ ਬਿੱਲ ਕਾਹਲੋਂ ਜੀ ਨੂੰ ਉਹਨਾਂ ਦੇ `ਡਰੱਗ ਅਵੇਅਰਨੈੱਸ` ਲਈ ਕੀਤੇ ਜਾ ਰਹੇ ਕੰਮਾਂ ਲਈ ਕਮਿਊਨਿਟੀ ਲੀਡਰ ਦੇ ਖਿਤਾਬ ਨਾਲ ਨਿਵਾਜਿਆ ਗਿਆ।ਦਲਜਿੰਦਰ ਸਿੰਘ ਜੌਹਲ, ਗੁਰਮੀਤ ਸਰਪਾਲ ਅਤੇ ਨੀਲਮ ਮਦਾਨ ਹੁਰਾਂ ਨੂੰ ਵੀ ਉਹਨਾਂ ਦੇ ਕਮਿਊਨਿਟੀ ਲਈ ਕੀਤੇ ਜਾ ਰਹੇ ਕਾਰਜਾਂ ਲਈ ਕਮਿਊਨਿਟੀ ਲੀਡਰ ਦੇ ਸਨਮਾਨ ਭੇਟ ਕੀਤੇ ਗਏ।
ਇਸ ਮੇਲੇ ਦੇ ਸਮਾਗਮ ਵਿੱਚ ਸੰਜੀਵ ਮਲਹਨ ਅਤੇ ਪਾਲ ਗਰੇਵਾਲ ਨੂੰ ਵਧੀਆ ਬਿਜ਼ਨਸਮੈਨ ਵਜੋਂ ਅਤੇ ਪਾਲ ਭੁਲਰ ਤੇ ਬਿੱਲੂ ਫਗੂੜਾ ਨੂੰ ਯੰਗ ਬਿਜ਼ਨੈੱਸ ਪਰਸਨ ਵਜੋਂ ਸਨਮਾਨਿਆ ਗਿਆ। ਹਰਬੰਸ ਬੁੱਟਰ ਨੂੰ ਉਹਨਾਂ ਦੇ ਪੰਜਾਬੀ ਮੀਡੀਆ ਵਿੱਚ ਪਾਏ ਜਾ ਰਹੇ ਮਹੱਤਵ ਪੂਰਨ ਯੋਗਦਾਨ ਹਿੱਤ ਮੀਡੀਆ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਗੁਰਚਰਨ ਕੌਰ ਥਿੰਦ ਨੂੰ ਉਨ੍ਹਾਂ ਦੇ ਵੱਖ ਵੱਖ ਈਵੈਂਟਸ ਨੂੰ ਨੇਪਰੇ ਚਾੜ੍ਹਨ ਵਿਚ ਪਾਏ ਜਾ ਰਹੇ ਯੋਗਦਾਨ ਅਤੇ ਸਮਾਜਿਕ, ਸਾਹਿਤਕ ਤੇ ਮੀਡੀਆ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਲਈ ਐਵਾਰਡ ਦਿੱਤਾ ਗਿਆ।