ਗੁਰਦੁਆਰਾ ਪ੍ਰਬੰਧਾਂ ਨੂੰ ਲੈਕੇ ਦੋ ਧਿਰਾਂ ਵਿਚਕਾਰ ਚੋਣ ਦੰਗਲ ਦੀ ਸੰਭਾਵਨਾ ਬਣੀ
Posted on:- 26-03-2013
ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਇਸ ਸਾਲ ਆਉਣ ਵਾਲੀ ਸਾਲਾਨਾ ਚੋਣ ਦੇ ਸਬੰਧ ਵਿੱਚ ਸੁਚੱਜੇ ਵਾਸਤੇ ਪ੍ਰਬੰਧਕਾਂ ਦੀ ਸਹੀ ਚੋਣ ਕਰਨ ਵਾਸਤੇ ਕੈਲਗਰੀ ਦੀਆਂ ਸਿੱਖ ਸੰਗਤਾਂ ਨਾਲ ਵਿਚਾਰ ਕਰਨ ਅਤੇ ਸਲਾਹ ਲੈਣ ਸਬੰਧੀ ਇੱਕ ਇਕੱਠ ਕੀਤਾ ਗਿਆ। ਪਿਛਲੇ ਹਫਤੇ ਵੀ ਸਿੱਖ ਯੂਥ ਕੈਲਗਰੀ ਦੇ ਨਾਂ ਥੱਲੇ ਆਉਣ ਵਾਲੀ ਧਿਰ(ਸਲੇਟ) ਵੱਲੋਂ ਕੀਤਾ ਵੱਡਾ ਇਕੱਠ ਅਤੇ ਅੱਜ ਦੇ ਇਕੱਠ ਤੋਂ ਇਹੀ ਸੰਭਾਵਨਾ ਬਣੀ ਲੱਗਦੀ ਹੈ ਕਿ ਇਸ ਵਾਰ ਗੁਰੂਘਰ ਦੀ ਸੇਵਾ ਸੰਭਾਲ ਲਈ ਚੋਣ ਦੰਗਲ ਵਿੱਚ ਜ਼ੋਰ ਅਜ਼ਮਾਈ ਹੋਵੇਗੀ।
ਅੱਜ ਦੇ ਇਸ ਇਕੱਠ ਦੌਰਾਨ ਸਟੇਜ਼ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਭਾਈ ਰਣਬੀਰ ਸਿੰਘ ਪ੍ਰਮਾਰ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੌਜੂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਸਾਡੇ ਕਮੇਟੀ ਦੇ ਪ੍ਰਬੰਧਾਂ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਯਾਦਾ ਜੋ ਲਾਗੂ ਕੀਤੀ ਗਈ ਸੀ, ਉਸ ਨੂੰ ਸਹੀ ਅਮਲ ਵਿੱਚ ਨਹੀਂ ਲਿਆਂਦਾ ਸਗੋਂ ਨਵੇਂ ਚੁਣੇ ਯੂਥ ਮੈਂਬਰਾਂ ਨੇ ਪਿਛਲੇ ਸਮੇਂ ਦੌਰਾਨ ਕਈ ਸਿੱਖ ਧਰਮ ਦੇ ਪ੍ਰਚਾਰਕਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਪ੍ਰਚਾਰ ਕਰਨ ਤੇ ਵੀ ਰੋਕ ਲਾਈ ਹੈ।
ਹੁਣ ਉਹ ਯੂਥ ਨੂੰ ਫਿਰ ਆਉਣ ਵਾਲੇ ਸਮੇਂ ਲਈ ਪ੍ਰਬੰਧ ਸੌਪਣ ਦੀ ਗੱਲ ਕਰਕੇ ਸਿੱਖ ਸੰਗਤਾਂ ਵਿੱਚ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਖਾਲਸਾ ਸਕੂਲ ਕੈਲਗਰੀ ਵਿੱਚ ਕੁੱਝ ਨਿਯੁਕਤੀਆ ਗਲਤ ਤਰੀਕੇ ਨਾਲ ਕੀਤੀਆ ਹਨ।। ਸ. ਜਸਪਾਲ ਸਿੰਘ ਕੰਗ ਸਾਬਕਾ ਚੇਅਰਮੈਨ ਬੋਰਡ ਆਫ ਟਰੱਸਟੀ ਨੇ ਆਪਣੇ ਸਮੇਂ ਦੌਰਾਨ ਕੀਤੇ ਖਾਲਸਾ ਸਕੂਲ ਕੈਲਗਰੀ ਦੇ ਕੰਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਵੀ ਮਰਜ਼ੀ ਬਣੇ ਪਰ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਜਾਂ ਨੇੜੇ ਦੇ ਰਿਸਤਦਾਰ ਖਾਲਸਾ ਸਕੂਲ ਦੀਆਂ ਨੌਕਰੀਆਂ ਉੱਪਰ ਨਹੀਂ ਰੱਖਣੇ ਚਾਹੀਦੇ ਕਿਉਂਕਿ ਜੇਕਰ ਕੋਈ ਪਰਬੰਧਕੀ ਯਾਚੇ ਅਤੇ ਸਕੂਲ ਦੇ ਮੁਲਾਜ਼ਮਾਂ ਵਿਚਕਾਰ ਮਸਲਾ ਖੜਾ ਹੋ ਜਾਂਦਾ ਹੈ ਤਾਂ ਉੱਥੇ ਨਿਆਂ ਦੀ ਆਸ ਨਹੀਂ ਰਹਿ ਜਾਵੇਗੀ। ਇਸ ਸਮੇਂ ਭਾਈ ਨਮਜੀਤ ਸਿੰਘ ਰੰਧਾਵਾ ਪ੍ਰਧਾਨ ਯੂਨਾਈਟਿਡ ਸਿੱਖ ਫੈਂਡਰੇਸ਼ਨ ਨੇ ਆਏ ਮੋਹਤਵਾਰ ਵਿਅਕਤੀਆ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਮੈਂਬਰਸ਼ਿਪ ਜ਼ਰੂਰ ਬਣਾਉਣ।
ਸ. ਸੁਖਦੇਵ ਸਿੰਘ ਖਹਿਰਾ ਅਤੇ ਸ. ਸੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸਮੇਂ ਕੋਈ ਵੀ ਕਿਸੇ ਕਿਸਮ ਦੀ ਝਗੜਾ ਨਹੀਂ ਹੋਣਾ ਚਾਹੀਦਾ। ਅਸੀਂ ਸ਼ਾਤੀ ਪੂਰਵਕ ਅਤੇ ਸਰਬਸੰਮਤੀ ਚੋਣ ਕਰਵਾਉਣ ਲਈ ਪੂਰੀ ਕੋਸ਼ਿਸ ਕਰਾਂਗੇ। ਸ. ਜਤਿੰਦਰ ਸਿੰਘ ਲੰਮੇ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਤੋ ਇਲਾਵਾ ਹੋਰ ਵੀ ਕਮਿਉਨਟੀ ਦੇ ਕਈ ਮਸਲੇ ਹਨ। ਜੋ ਕੈਨੇਡਾ ਸਰਕਾਰ ਇੰਮੀਗ੍ਰੇਸ਼ਨ ਬਾਰੇ ਸਾਡੇ ਲੋਕਾਂ ਨਾਲ ਧੱਕਾ ਕਰ ਰਹੀ ਹੈ। ਇਸ ਬਾਰੇ ਵੀ ਵਿਚਾਰ ਕਰਨ ਦੀ ਲੋੜ ਹੈ। ਸ. ਮਨਜੋਤ ਸਿੰਘ ਗਿੱਲ ਨੇ ਮੈਂਬਰਸਿੱਪ ਬਣਾਉਣ ਸਬੰਧੀ ਕੁੱਝ ਦੁਖਦਾਊ ਪਹਿਲੂ ਸਾਹਮਣੇ ਲਿਆਂਦੇ ਕਿ ਕਿਸ ਤਰਾਂ ਗੁਰੂ ਘਰ ਦੇ ਪ੍ਰਬੰਧ ਊੱਪਰ ਕਾਬਜ ਹੋਣ ਲਈ ਤਰਲੋ ਮੱਛੀ ਹੋ ਰਹੀਆਂ ਧਿਰਾਂ ਵੱਲੋਂ ਮੈਂਬਰਸਿੱਪ ਫਾਰਮ ਭਰਨ ਵੇਲੇ ਫੀਸ, ਚੋਣਾਂ ਵਿੱਚ ਖੁੱਦ ਪਿੱਛੇ ਰਹਿ ਕੇ ਪਰ ਨਵੇਂ ਬਣਨ ਵਾਲੇ ਮੈਂਬਰਾ ਦੀ ਫੀਸ ਉਹਨਾਂ ਵੱਲੋਂ ਭਰੀ ਜਾ ਰਹੀ ਹੈ।
ਸ. ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਗੁਰੂਘਰ ਅੰਦਰ ਵਿਜ਼ਟਿਰ ਵੀਜੇ ਉੱਪਰ ਆਇਆ ਕੋਈ ਪ੍ਰਚਾਰਕ ਕਿਸ ਤਰਾਂ ਲੰਗਰ ਹਾਲ ਵਿੱਚ ਸੇਵਾ ਨਹੀਂ ਸਗੋਂ ਨੌਕਰੀ ਕਰ ਰਿਹਾ ਹੈ,ਕੀ ਉਸ ਕੋਲ ਵਰਕ ਪਰਮਿਟ ਹੈ ਜਾਂ ਫਿਰ ਪ੍ਰਬੰਧਕਾ ਦਾ ਰਿਸਤੇਦਾਰ ਹੋਣਾ ਹੀ ਕਾਫੀ ਹੈ ? ਹਰਚਰਨ ਸਿੰਘ “ਸਿੱਖ ਵਿਰਸਾ” ਸ. ਅਵਿਨਾਸ਼ ਸਿੰਘ ਖੰਗੂੜਾ ਸਾਬਕਾ ਸੀਨੀਅਰ ਮੀਤ ਪ੍ਰਧਾਨ, , ਸ. ਲਖਵਿੰਦਰ ਸਿੰਘ ਮੱਲੀ ਸਾਬਕਾ ਸੈਕਟਰੀ, ਸ. ਬਲਵਿੰਦਰ ਸਿੰਘ ਸਹੋਤਾ, ਸ. ਜਗਦੀਸ਼ ਸਿੰਘ ਚੋਹਕਾ ਅਤੇ ਹੋਰਨਾਂ ਨੇ ਗੁਰਮਤਿ ਅਨੁਸਾਰ ਚੱਲਣ ਵਾਲੀ ਲੀਡਰਸਿੱਪ ਚੁਣਨ ਸਬੰਧੀ ਆਪਣੇ ਵਿਚਾਰ ਵਿਚਾਰ ਸਾਂਝੇ ਕੀਤੇ ਅਤੇ ਆਈਆਂ ਸਿੱਖ ਸੰਗਤਾਂ ਨੂੰ ਮੈਂਬਰਸ਼ਿਪ ਬਣਾਉਣ ਵਾਸਤੇ ਅਪੀਲ ਕੀਤੀ।
-ਹਰਬੰਸ ਬੁੱਟਰ, ਕੈਲਗਰੀ