ਟੀਚਰ ਯੂਨੀਅਸ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਰੋਸ ਰੈਲੀ ਕਰਨ ਦਾ ਫੈਸਲਾ
Posted on:- 21-03-2013
ਐੱਸ ਐੱਸ ਐੱਸ, ਰਮਸਾ, ਸੀ ਐੱਸ ਐੱਸ ਟੀਚਰ ਯੂਨੀਅਨ ਵੱਲੋਂ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ , ਸੀ ਐੱਸ ਐੱਸ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਤਬਦੀਲ ਕਰਕੇ ਪਿਛਲੇ ਗਿਆਰਾਂ ਮਹੀਨੇ ਤੋਂ ਰੁਕੀਆਂ ਤਨਖਾਹਾਂ ਜਾਰੀ ਕਰਵਾਉਣ, ਬਠਿੰਡਾ ਵਿਖੇ 59 ਅਧਿਅਪਕਾਂ 'ਤੇ ਦਰਜ ਝੂਠੇ ਪੁਲਿਸ ਕੇਸ ਰੱਦ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਲਾਗੂ ਕਰਵਾਉਣ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਉਤੇ ਸਿੱਖਿਆ ਮੰਤਰੀ ਸਿੰਕਦਰ ਸਿੰਘ ਮਲੂਕਾ ਦੇ ਪਿੰਡ ਵਿਖੇ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਜੱਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਰਾਮਭਜਨ ਚੋਧਰੀ , ਸੂਬਾ ਜਰਨਲ ਸਕੱਤਰ ਹਰਦੀਪ ਟੋਡਰਪੁਰ ਅਤੇ ਪ੍ਰੈੱਸ ਸਕੱਤਰ ਅਮਨ ਸ਼ਰਮਾ ਨੇ ਆਖਿਆ ਕਿ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਅਧਿਕਾਰੀਆਂ ਨੇ ਜੱਥੇਬੰਦੀ ਨਾਲ ਹੋਈਆਂ ਮੀਟਿੰਗਾਂ ਦੌਰਾਨ ਹਮੇਸ਼ਾ ਅਧਿਅਪਕਾਂ ਦੀਆਂ ਮੰਗਾਂ ਮੰਨਣ ਦੇ ਵਾਅਦੇ ਕਰਦੇ ਰਹੇ ਹਨ ਪਰ ਅਜੇ ਤਕ ਸਰਕਾਰ ਦੇ ਇਹ ਵਾਅਦੇ ਵਫਾ ਨਹੀਂ ਹੋ ਸਕੇ।
ਅਧਿਆਪਕ ਆਗੂਆਂ ਨੇ ਆਖਿਆ ਕਿ ਸੀ ਐੱਸ ਐੱਸ ਅਧੀਨ ਕੰਮ ਕਰਦੇ ਹਿੰਦੀ ਅਧਿਆਪਕਾਂ ਨੂੰ ਪਿਛਲੇ ਗਿਆਰਾਂ ਮਹੀਨਿਆਂ ਤੋਂ ਤਨਖਾਹ ਨਾ ਦੇ ਕੇ ਪੰਜਾਬ ਸਰਕਾਰ ਕਿਰਤ ਕਾਨੂੰਨਾਂ ਦੀ ਉਲੰਘਣਾ ਕਰ ਰਹੀ ਹੈ। ਇਸੇ ਤਰ੍ਹਾ ਸਰਵ ਸਿੱਖਿਆ ਅਭਿਆਨ, ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਅਤੇ ਸੈਂਟਰ ਸਪਾਂਸਰਡ ਸਕੀਮ ਤਹਿਤ ਕੰਮ ਕਰਦੀਆਂ ਮਹਿਲਾ ਅਧਿਆਪਕਾਵਾਂ ਨੂੰ ਛੇ ਮਹੀਨੇ ਦੀ ਬਜਾਏ ਸਿਰਫ ਤਿੰਨ ਮਹੀਨੇ ਦੀ ਪ੍ਰਸ਼ੂਤਾ ਛੁੱਟੀ ਦੇ ਕੇ ਪੰਜਾਬ ਸਰਕਾਰ ਔਰਤਾਂ ਅਤੇ ਬੱਚਿਆਂ ਦੇ ਮਨੁੱਖੀ ਅਧਿਕਾਰਾਂ ਅਤੇ ਵਿਸ਼ਵ ਸਿਹਤ ਸੰਸਥਾਂ (WHO) ਦੇ ਮਾਪਦੰਡਾਂ ਦੀ ਘੋਰ ਉਲੰਘਣਾ ਕਰ ਰਹੀ ਹੈ।
ਉਨ੍ਹਾਂ ਆਖਿਆ ਕਿ ਜੇਕਰ ਪੰਜਾਬ ਸਰਕਾਰ ਨੇ ਸਮਾਂ ਰਹਿੰਦੇ ਅਧਿਆਪਕਾਂ ਦੇ ਮਸਲੇ ਹੱਲ ਨਾ ਕੀਤੇ ਤਾਂ 23 ਮਾਰਚ ਨੂੰ ਪੰਜਾਬ ਦੇ ਕੋਨੇ ਕੋਨੇ ਵਿਚੋਂ ਅਧਿਆਪਕ ਮਲੂਕਾ ਵਿਖੇ ਪੁਹੰਚਣਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਰਾਜਪ੍ਰੀਤ ਗੁਰਦਾਸਪੁਰ, ਲਵਤਾਰ ਜਲੰਧਰ, ਲਖਵੀਰਪ੍ਰੀਤ ਕਪੂਰਥਲਾ, ਗੁਰਪ੍ਰੀਤ ਮਾਨਸਾ, ਬੇਅੰਤ ਬਠਿੰਡਾ, ਕੁਲਦੀਪ ਬਰਨਾਲਾ, ਹਰਮਿੰਦਰ ਪਟਿਆਲਾ , ਸੁਰਿੰਦਰ ਫਾਜਿਲਕਾ, ਬਿਕਰਮ ਅਮ੍ਰਿਤਸਰ , ਪ੍ਰਿਤਪਾਲ ਹੁਸ਼ਿਆਰਪੁਰ, ਨਿਰਭੈ ਸੰਗਰੂਰ, ਵਰਿੰਦਰ ਤਰਨਤਾਰਨ, ਅੰਮ੍ਰਿਤ ਫਤਿਹਗੜ੍ਹ ਸਾਹਿਬ, ਅਮਰਦੀਪ ਰੋਪੜ, ਹਰਜਿੰਦਰ ਫਿਰੋਜਪੁਰ, ਰਾਜਵਿੰਦਰ, ਸੁਰਿੰਦਰ ਅਤੇ ਗੁਰਜੀਤ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ।