ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ...
Posted on:- 20-03-2013
ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਰਚ ਮਹੀਨੇ ਦੀ ਮਾਸਿਕ ਇਕੱਤਰਤਾ ਪੂਰੀ ਤਰ੍ਹਾਂ ਕੌਮਾਂਤਰੀ ਇਸਤਰੀ ਦਿਵਸ ਨੂੰ ਸਮਰਪਿਤ ਸੀ । ਸਕੱਤਰ ਸ਼੍ਰ ਕੁਲਬੀਰ ਸਿੰਘ ਸ਼ੇਰਗਿੱਲ ਦੇ ਸੱਦੇ ਉੱਪਰ ਸਭ ਤੋਂ ਪਹਿਲਾਂ ਪ੍ਰਧਾਨ ਜਸਵੀਰ ਸਿੰਘ ਜੀ ਸਿਹੋਤਾ ਨੇ ਕੌਮਾਂਤਰੀ ਨਾਰੀ ਦਿਵਸ ਬਾਰੇ ਜਾਣਕਾਰੀ ਦਿੱਤੀ ।ਰਜਿੰਦਰ ਕੌਰ ਚੋਹਕਾ ਨੇ ਵੀ ਇਸੇ ਵਿਸ਼ੇ ਨੂੰ ਅੱਗੇ ਤੋਰਦਿਆਂ ਦੱਸਿਆ ਕਿ ਭਾਵੇਂ ਇਹ ਦਿਨ 8 ਮਾਰਚ 1857 ਤੋਂ ਹੀ ਮਨਾਇਆ ਜਾ ਰਿਹਾ ਹੈ, ਪਰ ਫਿਰ ਵੀ ਨਾਰੀ ਨੂੰ ਬਣਦਾ ਸਤਿਕਾਰ ਨਹੀਂ ਮਿਲ ਰਿਹਾ ।
ਉਨ੍ਹਾਂ ਦੱਸਿਆ ਕਿ ਸੰਸਾਰ ਵਿੱਚ 120 ਕਰੋੜ ਤੋਂ ਵੱਧ ਕਿਰਤੀ ਇਸਤਰੀਆਂ ਸਮਾਜ ਦੇ ਵੱਖੋ ਵੱਖਰੇ ਖੇਤਰਾਂ ਵਿੱਚ ਅਪਣਾ ਯੋਗਦਾਨ ਪਾ ਰਹੀਆਂ ਹਨ, ਜਦਕਿ ਸੰਸਾਰ ਦੀ ਕੁਲ ਜਾਇਦਾਦ ਵਿੱਚੋਂ ਇਨ੍ਹਾਂ ਦੀ ਮਾਲਕੀ ਸਿਰਫ 3% ਜਾਇਦਾਦ ਉੱਪਰ ਹੀ ਹੈ । ਮੀਤ ਪ੍ਰਧਾਨ ਸੁਰਿੰਦਰ ਢਿੱਲੋਂ ਨੇ ਚਾਨਣਾ ਪਾਇਆ ਕਿ ਕਿਵੇਂ ਸਮਾਜ ਮਰਦ ਪ੍ਰਧਾਨ ਬਣਿਆ ਜਦੋਂ ਸਮਾਜ ਨੇ ਖ਼ੁਦ ਹੀ ਪੁੱਤਰ ਨੂੰ ਜਿ਼ਆਦਾ ਮਹੱਤਵ ਦੇ ਕੇ ਧੀਆਂ ਨੂੰ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝਿਆਂ ਰੱਖਿਆ । ਸਭਾ ਦੇ ਨਵੇਂ ਬਣੇ ਮੈਂਬਰ ਸ੍ਰ ਨਿਰਮਲ ਸਿੰਘ ਘੁੰਮਣ ਜੀ ਨੂੰ ਜੀ ਆਇਆਂ ਕਿਹਾ ਗਿਆ ਜੋ ਕਿ 52 ਵਾਰ ਖੁਨ ਦਾਨ ਕਰ ਚੁੱਕੇ ਹਨ ।
ਮਨਮੋਹਨ ਸਿੰਘ ਜੀ ਬਾਠ ਨੇ ਅਪਣੀ ਹਾਜ਼ਰੀ ਮੁਹੰਮਦ ਰਫੀ ਸਾਹਿਬ ਦੇ ਮਸ਼ਹੂਰ ਗੀਤ “ ਜੋ ਉਨਕੀ ਤਮੰਨਾ ਹੈ ਬਰਬਾਦ ਹੋ ਜਾ “ ਦੇ ਨਾਲ ਲਗਵਾਈ । ਬੀਬੀ ਸੁਰਿੰਦਰ ਗੀਤ ਸਾਬਕਾ ਪ੍ਰਧਾਨ ਨੇ ਖ਼ੂਬਸੂਰਤ ਰਚਨਾ ਰਾਹੀਂ ਸਮਾਜ ਵਿੱਚ ਆਏ ਦਿਨ ਵਾਪਰ ਰਹੀਆਂ ਘਟਨਾਵਾਂ ਉੱਤੇ ਰੌਸ਼ਨੀ ਪਾ ਕੇ ਸਭ ਨੂੰ ਝੰਜੋੜਿਆ । ਸ੍ਰ ਹਰਦਿਆਲ ਸਿੰਘ ਮਾਨ ਨੇ ਸਮਾਜ ਵਿੱਚ ਔਰਤਾਂ ਦੀ ਦੁਰਦਸ਼ਾ ਲਈ ਜ਼ਿੰਮੇਵਾਰ ਤੁਲਸੀ ਦਾਸ ਵਰਗੇ ਅਖੌਤੀ ਵਿਦਵਾਨਾਂ ਬਾਰੇ ਅਪਣੇ ਵਿਚਾਰ ਪੇਸ਼ ਕੀਤੇ ।ਉਨ੍ਹਾਂ ਕਿਹਾ ਕਿ ਨਾਰੀ ਨੂੰ ਉਸਦਾ ਬਣਦਾ ਹੱਕ ਦਿਵਾਉਣ ਲਈ ਸਭ ਵਰਗਾਂ ਦੇ ਸਾਂਝੇ ਹੰਭਲੇ ਦੀ ਲੋੜ ਹੈ । ਸੀਨ ਮੀਤ ਪ੍ਰਧਾਨ ਸ੍ਰ ਸੁਰਜੀਤ ਸਿੰਘ ਜੀ ਸੀਤਲ ਹੋਰਾਂ ਨੇ ਅਪਣੀਆਂ ਰੁਬਾਈਆਂ ਨਾਲ ਰੌਣਕ ਲਾ ਦਿੱਤੀ ।
ਜਗਦੀਸ਼ ਸਿੰਘ ਜੀ ਚੋਹਕਾ ਨੇ ਇਸ ਵਿਸ਼ੇ ਉੱਤੇ ਸਿਰਫ ਭੜਕਾਊ ਤਕਰੀਰਾਂ ਕਰਨ ਦੀ ਬਜਾਏ ਇਨ੍ਹਾਂ ਨੂੰ ਅਮਲ ਵਿੱਚ ਲਿਆਉਣ ਉੱਤੇ ਜ਼ੋਰ ਦਿੱਤਾ । ਸ੍ਰ ਅਜਾਇਬ ਸਿੰਘ ਸੇਖੋਂ ਜੀ ਨੇ ਦੁਨੀਆਂ ਦੇ ਵੱਖੋ ਵੱਖਰੇ ਦੇਸ਼ਾਂ ਵਿੱਚ ਔਰਤਾਂ ਦੀ ਦਸ਼ਾ ਦਰਸਾਉਦੀ ਬਹੁਤ ਹੀ ਮਿਹਨਤ ਨਾਲ ਇਕੱਤਰ ਕੀਤੀ ਜਾਣਕਾਰੀ ਸਾਂਝੀ ਕੀਤੀ । ਰਵੀ ਜਨਾਗਲ ਜੀ ਨੇ ਅਪਣੀ ਸੁਰੀਲੀ ਅਵਾਜ਼ ਵਿੱਚ ਸੰਤ ਰਾਮ ਉਦਾਸੀ ਜੀ ਦੀ ਬਹੁਤ ਹੀ ਮਸ਼ਹੂਰ ਰਚਨਾ ਸੁਣਾਈ :
“ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਮੱਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ”
ਸ. ਰਣਬੀਰ ਸਿੰਘ ਪਰਮਾਰ ਸਾਬਕਾ ਪ੍ਰਧਾਨ ਗੁਰੁਦਵਾਰਾ ਦਸਮੇਸ਼ ਕਲਚਰਲ ਕੈਲਗਰੀ ਨੇ ਅਖੌਤੀ ਡੇਰੇਵਾਦੀਆਂ ਵੱਲੋਂ ਇਸਤਰੀਆਂ ਨੂੰ ਮਹਾਂਵਾਰੀ ਦੇ ਦਿਨਾਂ ਵਿੱਚ ਅਪਵਿੱਤਰ ਗਰਦਾਨਣ ਉੱਤੇ ਚੋਟ ਕਰਦਿਆਂ ਕਿਹਾ ਕਿ ਇਹ ਇੱਕ ਪ੍ਰਾਕਿਰਤਿਕ ਕਿਰਿਆ ਹੈ ਤੇ ਇਸ ਨਾਲ ਕੋਈ ਸ਼ੁੱਧ ਅਸ਼ੁੱਧ ਨਹੀਂ ਹੋ ਜਾਂਦਾ । ਪਰਮਿੰਦਰ ਗਰੇਵਾਲ ਨੇ ਰੋਜ਼ਾਨਾ ਜ਼ਿੰਦਗੀ ਵਿੱਚ ਕਸਰਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ਼ । ਉਨ੍ਹਾਂ ਤੇਲ,ਨਮਕ ਅਤੇ ਚੀਨੀ ਦੀ ਸੀਮਤ ਮਾਤਰਾ ਵਰਤਣ ਲਈ ਪ੍ਰੇਰਿਆ । ਕੁਲਬੀਰ ਸਿੰਘ ਸ਼ੇਰਗਿੱਲ , ਜਰਨੈ਼ਲ ਤੱਗੜ, ਸ੍ਰ ਜਸਵੰਤ ਸਿੰਘ ਹਿੱਸੋਵਾਲ,ਮਾਸਟਰ ਭਜਨ ਸਿੰਘ ਜੀ ਗਿੱਲ ਅਤੇ ਜੱਸ ਚਾਹਲ ਨੇ ਵੀ ਕੌਮਾਂਤਰੀ ਨਾਰੀ ਦਿਵਸ ਉੱਤੇ ਤਕਰੀਰਾਂ ਕੀਤੀਆਂ ।
ਬੀਜਾ ਰਾਮ ਨੇ ਕੈਲਗਰੀ ਹਾੱਕਸ ਹਾਕੀ ਅਕਾਦਮੀ ਦਾ ਮੁੱਖ ਬੁਲਾਰਾ ਹੋਣ ਦੇ ਨਾਤੇ 7,8 ਅਤੇ 9 ਜੂਨ ਨੂੰ ਹੋਣ ਵਾਲੇ ਫੀਲਡ ਹਾਕੀ ਦੇ ਟੂਰਨਾਮੈਂਟ ਲਈ ਸਭ ਨੂੰ ਸੱਦਾ ਦਿੱਤਾ । ਅੰਤ ਵਿੱਚ ਪ੍ਰਧਾਨ ਜਸਵੀਰ ਸਿਹੋਤਾ ਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਜਤਿੰਦਰ ਸਿੰਘ ਸਵੈਚ, ਸ੍ਰ ਹਰਬਖਸ਼ ਸਿੰਘ, ਸ੍ਰ ਜੀਤ ਸਿੰਘ ਕੰਬੋਜ,ਬੀਬੀ ਸਰਬਜੀਤ,ਬੀਬੀ ਸੁਰਿੰਦਰ ਕੌਰ,ਬੀਬੀ ਜੁਗਿੰਦਰ ਗਰੇਵਾਲ,ਸ੍ਰ ਸੰਗਰਾਮ ਸਿੰਘ ਸੰਧੂ,ਸ੍ਰ ਹਰਜੀਤ ਸਿੰਘ ਸਰੋਆ ਪ੍ਰਧਾਨ ਕੇਸੋ,ਸ੍ਰ ਆਲਮਦੀਪ ਸੰਧੂ,ਸ੍ਰ ਗੁਰ ਵਰਿੰਦਰ ਸਿੰਘ ਧਾਲ਼ੀਵਾਲ ਰੇਡਿਓ ਹੋਸਟ,ਰਛਪਾਲ ਸਹੋਤਾ ਅਤੇ ਸ਼੍ਰੀ ਤੇਜੀ ਸਿੱਧੂ ਵੀ ਹਾਜ਼ਰ ਸਨ ।
- ਹਰਬੰਸ ਬੁੱਟਰ, ਕੈਲਗਰੀ
Jessica
Fidning this post has solved my problem