ਪਰਵਾਸੀ ਲੇਖਕ ਐੱਸ ਅਸ਼ੋਕ ਭੌਰਾ ਦੀਆਂ ਦੋ ਪੁਸਤਕਾਂ ‘ ਨੈਣ ਨਕਸ਼ ’ ਅਤੇ ‘ ਗੱਲੀਂ ਬਾਤੀਂ ’ ਰਿਲੀਜ
Posted on:- 15-03-2013
ਮਾਹਿਲਪੁਰ (ਸ਼ਿਵ ਕੁਮਾਰ ਬਾਵਾ) ਸਾਹਿਤਕ ਅਤੇ ਸੱਭਿਆਚਾਰਕ ਮੰਚ ਜੇਜੋ ਵੱਲੋਂ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿੱਚ ਪੰਜਾਬੀ ਦੇ ਉੱਘੇ ਪਰਵਾਸੀ ਲੇਖਕ ਅਤੇ ਪੱਤਰਕਾਰ ਐੱਸ ਅਸ਼ੋਕ ਭੌਰਾ ਦੀਆਂ ਦੋ ਪੁਸਤਕਾਂ ਜ਼ਿੰਦਗੀ ਦਾ ਸਾਂਝਾ ਰੰਗ ਮੰਚ ‘ ਗੱਲੀ ਬਾਤੀ ’ ਤੇ ਵੰਨ ਸੁਵੰਨੇ ਲੇਖਾਂ ਨਾਲ ਭਰੀ ਪੁਸਤਕ ‘ ਨੈਣ ਨਕਸ਼ ’ ਰਿਲੀਜ ਕੀਤੀ ਗਈ ।
ਇਸ ਪੁਸਤਕ ਰਿਲੀਜ, ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸਾਹਿਤ ਅਕਾਦਮੀ ਐਵਾਰਡ ਜੇਤੂ ਸਾਹਿਤਕਾਰ ਵਰਿਆਮ ਸਿੰਘ ਸੰਧੂ ,ਪ੍ਰਿੰਸੀਪਲ ਸਰਵਣ ਸਿੰਘ, ਜਗਦੇਵ ਸਿੰਘ ਜੱਸੋਵਾਲ, ਪ੍ਰੋ ਸੰਧੂ ਵਰਿਆਣਵੀ , ਪ੍ਰੋ ਸੁਰਜੀਤ ਜੱਜ ਆਦਿ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ । ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾ ਸੁਰਜੀਤ ਸਿੰਘ ਰੰਧਾਵਾ , ਪਰਮਜੀਤ ਸਿੰਘ ਕਾਹਮਾਂ ਅਤੇ ਰੇਸ਼ਮ ਚਿੱਤਰਕਾਰ ਨੇ ਸਾਂਝੇ ਤੌਰ ’ਤੇ ਕੀਤੀ ।
ਇਸ ਮੌਕੇ ਪੁਸਤਕ ਰਿਲੀਜ ਕਰਦਿਆਂ ਵਰਿਆਮ ਸਿੰਘ ਸੰਧੂ ਨੇ ਆਖਿਆ ਕਿ ਨੈਣ ਨਕਸ਼ ਅਤੇ ਗੱਲੀਂ ਬਾਤੀਂ ਦੋਵੇਂ ਪੁਸਤਕਾਂ ਪਾਠਕਾਂ ਦੀ ਕਸੌਟੀ ’ਤੇ ਖਰੀਆਂ ਉਤਰਨ ਵਾਲੀਆਂ ਹਨ। ਉਹਨਾਂ ਕਿਹਾ ਕਿ ਭੌਰਾ ਬੁਲੰਦ ਵਾਰਤਕ ਲੇਖਕਾਂ ਦੇ ਵਿਰਲੇ ਜਿਹੇ ਇਕੱਠ ਵਿੱਚ ਆਪਣਾ ਝੰਡਾ ਲਿਆ ਗੱਡਿਆ ਹੈ। ਉਹਨਾਂ ਕਿਹਾ ਕਿ ਪੁਸਤਕਾਂ ਦੀ ਸਹਿਜ ਪੜ੍ਹਤ ਹੀ ਅਹਿਸਾਸ ਕਰਾ ਦਿੰਦੀ ਹੈ ਕਿ ਲੇਖਕ ਕੋਲ ਜ਼ਿੰਦਗੀ ਦਾ ਵਸੀਹ ਤਜ਼ਰਬਾ ਤੇ ਅਨੁਭਵੀ ਮੁਸ਼ਹਾਦਾ ਹੈ। ਰਿਸ਼ਤਿਆਂ ਤੇ ਮਸਲਿਆਂ ਨੂੰ ਬਰੀਕੀ ਤੇ ਡੂੰਘਾੲ ਨਾਲ ਸਮਝਣ ਵਾਲਾ ਅਤੇ ਦਿਖ ਦੀ ਪੱਧਰ ‘ਤੇ ਸਿੱਧੇ ਸਪਾਟ ਪਰ ਤੱਤ ਦੀ ਸ਼ਕਲ ਵਿੱਚ ਅਤਿ ਗੁੰਜਲਦਾਰ ਵਰਤਾਰਿਆਂ ਦੀ ਕੱਪੜ ਛਾਣ ਕਰਨ ਵਾਲਾ ਦਾਰਸ਼ਨਿਕ ਨਜ਼ਰੀਆ ਹੈ ।
ਇਸ ਮੌਕੇ ਪ੍ਰੋ ਮੋਹਨ ਸਿੰਘ ਫਾਊਂਡੇਸ਼ਨ ਦੇ ਚੇਅਰਮੈਨ ਜਗਦੇਵ ਸਿੰਘ ਜੱਸੋਵਾਲ ਨੇ ਆਖਿਆ ਕਿ ਐੱਸ ਅਸ਼ੋਕ ਭੌਰਾ ਪੰਜਾਬੀ ਦਾ ਪ੍ਰਸਿੱਧ ਲੇਖਕ ਹੀ ਨਹੀਂ ਉਸ ਨੇ ਆਪਣੀ ਸਮੁੱਚੀ ਜ਼ਿੰਦਗੀ ਪੰਜਾਬੀ ਜ਼ੁਬਾਨ ਅਤੇ ਸੱਭਿਆਚਾਰ ਨੂੰ ਨਿਖਾਰਨ ਅਤੇ ਸ਼ਿੰਗਾਰਨ ’ਤੇ ਲਗਾ ਦਿੱਤੀ। ਪੁਸਤਕਾਂ ਤੋਂ ਇਲਾਵਾ ਉਸ ਨੇ ਪੰਜਾਬੀ ਅਖਬਾਰਾਂ ਅਤੇ ਟੀ ਵੀ ਦੇ ਵੱਖ ਵੱਖ ਚੈਨਲਾਂ ’ਤੇ ਹੁਣ ਅਮਰੀਕਾ ਰਹਿਕੇ ਵੀ ਪੰਜਾਬੀ ਜ਼ੁਬਾਨ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਉੱਚਾ ਚੁੱਕਣ ਵਿੱਚ ਕੋਈ ਕਸਰ ਨਹੀਂ ਛੱਡੀ।
ਇਸ ਮੌਕੇ ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਭੌਰੇ ਵਲੋਂ ਲਿਖੀ ਪੁਸਤਕ ਗੱਲੀ ਬਾਤੀ ਸਧਾਰਨ ਪੁਸਤਕ ਨਹੀਂ ਹੈ। ਇਹ ਇੱਕ ਪੰਜਾਬੀ ਲੇਖਕ ਦਾ ਸਿਰਜਿਆ ਜ਼ਿੰਦਗੀ ਦੇ ਸਾਂਝੇ ਰੰਗਮੰਚ ਦਾ ਮਾਡਰਨ ਗ੍ਰੰਥ ਹੈ । ਉਸ ਨੂੰ ਪੰਜਾਬੀ ਵਾਰਤਕ ਦਾ ਅਫਲਾਤੂਨ ਕਿਹਾ ਜਾ ਸਕਦਾ। ਉਹ ਪਿਛਲੇ ਤਿੰਨ ਸਾਲਾਂ ਤੋਂ ਅਮਰੀਕਾ ਵਿੱਚ ਤਿੰਨ ਥਾਈਂ ਛਪਦੇ ‘ਪੰਜਾਬ ਟਾਈਮਜ਼’ ਵਿੱਚ ਅਤੇ ਉਸ ਤੋਂ ਬਾਅਦ ਕਈ ਵੈੱਬਸਾਈਟਾਂ ਉਤੇ ਛਪਦਾ ਉਹਦਾ ਕਾਲਮ ‘ ਗੱਲੀਂ ਬਾਤੀਂ ’ ਹਜ਼ਾਰਾਂ ਪਾਠਕਾਂ ਵਲੋਂ ਸਲਾਹਿਆ ਜਾ ਰਿਹਾ ਹੈ।
ਸਮਾਗਮ ਦੇ ਦੂਸਰੇ ਦੌਰ ਵਿੱਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਗੁਰਮਿੰਦਰ ਕੈਡੋਵਾਲ, ਅਮਰੀਕ ਹਮਰਾਜ, ਰਾਮ ਸ਼ਰਨ ਜੌਸ਼ੀਲਾ , ਅਵਤਾਰ ਸਿੰਘ ਸੰਧੂ , ਗਾਇਕ ਜੋੜੀ ਲਵਦੀਪ ਅਤੇ ਨਵਦੀਪ ਲੁਧਿਆਣਾ ਵਲੋਂ ਆਪਣੀਆਂ ਗ਼ਜ਼ਲਾਂ, ਗੀਤਾਂ ਅਤੇ ਕਵਿਤਾਵਾਂ ਪੇਸ਼ ਕਰਕੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ ।
ਇਸ ਮੌਕੇ ਉੱਘੇ ਸ਼ਾਇਰ ਪ੍ਰੋ ਸੁਰਜੀਤ ਜੱਜ , ਮਦਨ ਵੀਰਾ, ਬਲਜਿੰਦਰ ਮਾਨ, ਪ੍ਰੋ ਬਲਬੀਰ ਕੌਰ ਰੀਹਲ, ਪ੍ਰੀਤ ਨੀਤਪੁਰ, ਪ੍ਰੋ ਜਸਵਿੰਦਰ ਸਿੰਘ, ਪ੍ਰੋ ਚੰਦੇਲ, ਅਵਤਾਰ ਸਿੰਘ ਪੱਖੋਵਾਲ, ਗੁਰਮੀਤ ਖਾਨਪੁਰੀ , ਸੁਖਜੀਤ ਖਾਨਪੁਰੀ, ਸ਼ਿਵ ਕੁਮਾਰ ਬਾਵਾ , ਪਰਮਜੀਤ ਸਿੰਘ ਭੂੰਨੋ , ਗੁਰਨਾਮ ਸਿੰਘ ਬੈਸ , ਪ੍ਰੋ ਜੈ ਬੀ ਸੇਖੋਂ, ਹਰਬੰਸ ਹੀਓ, ਐਸ ਡੀ ਸ਼ਿਨਾ ਰਾਓ, ਆਸ਼ੂ ਕਾਂਤ ਰਵੀ ਕਾਂਤ, ਕੁਲਦੀਪ ਸਿੰਘ ਪੱਟੀ ,ਗੁਰਸ਼ਰਨਜੀਤ ਸਿੰਘ ਨਡਾਲੋ ਸਮੇਤ 200 ਦੇ ਕਰੀਬ ਸਾਹਿਤ ਨਾਲ ਸੰਬੰਧਤ ਸ਼ਖ਼ਸੀਅਤਾਂ ਅਤੇ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।
ਇਸ ਮੌਕੇ ਦੁਆਬਾ ਸਾਹਿਤਕ ਅਤੇ ਸੱਭਿਆਚਾਰਕ ਮੰਚ ਜੇਜੋ ਦੁਆਬਾ ਵਲੋਂ ਐਸ ਅਸ਼ੋਕ ਭੌਰਾ , ਵਰਿਆਮ ਸਿੰਘ ਸੰਧੂ ਅਤੇ ਪ੍ਰਿੰਸੀਪਲ ਸਰਵਣ ਸਿੰਘ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ । ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਾਲਜ ਦੇ ਪ੍ਰਿੰਸੀਪਲ ਡਾ ਸੁਰਜੀਤ ਸਿੰਘ ਰੰਧਾਵਾ ਵਲੋਂ ਕੀਤਾ ਗਿਆ।