ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ ਦੇ ਫੰਡ ਰੇਜ਼ਿੰਗ ਡਿਨਰ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ
Posted on:- 14-03-2013
ਸਰ੍ਹੀ: 10 ਮਾਰਚ (ਪ੍ਰਮਿੰਦਰ ਕੌਰ ਸਵੈਚ) ਗ਼ਦਰ ਪਾਰਟੀ ਦੀ ਸ਼ਤਾਬਦੀ ਦਾ ਵਰ੍ਹਾ 2013 ਮਨਾਉਣ ਲਈ ਬਣਾਈ ਗਈ ਗ਼ਦਰ ਪਾਰਟੀ ਸ਼ਤਾਬਦੀ ਸਮਾਰੋਹ ਕਮੇਟੀ ਵੱਲੋਂ ਜਥੇਬੰਦ ਕੀਤਾ ਫੰਡ ਰੇਜ਼ਿੰਗ ਡਿਨਰ ਬਹੁਤ ਹੀ ਸਫ਼ਲ ਰਿਹਾ, ਜਿਸ ਨੂੰ ਤਕਰੀਬਨ 600 ਲੋਕਾਂ ਦੇ ਇਕੱਠ ਨੇ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰਮਿੰਦਰ ਸਵੈਚ ਨੇ ਗ਼ਦਰ ਲਹਿਰ, ਗ਼ਦਰੀ ਸੂਰਮਿਆਂ ਤੇ ਸਰਕਾਰ ਦੇ ਰਵੱਈਏ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਗ਼ਦਰ ਲਹਿਰ ਦੀ ਸ਼ਤਾਬਦੀ ਮਨਾਉਣ ਦੇ ਮਕਸਦ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਮੌਕਾ ਅੱਜ ਸਾਡੇ ਹਿੱਸੇ ਆਇਆ ਹੈ।
ਅੱਜ ਅਸੀਂ ਇਹ ਸ਼ਤਾਬਦੀ ਮਨਾ ਰਹੇ ਹਾਂ ਪਰ ਸਾਡਾ ਮੁੱਖ ਉਦੇਸ਼ ਗ਼ਦਰ ਲਹਿਰ ਬਾਰੇ ਇਹ ਜਾਣਕਾਰੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੌਂਪਕੇ ਜਾਣਾ ਤੇ ਗ਼ਦਰ ਪਾਰਟੀ ਦੇ ਸਪੁਨਿਆਂ ਨੂੰ ਪੂਰਾ ਕਰਨਾ ਵੀ ਹੈ। ਉਪਰੰਤ ਸ਼ਤਾਬਦੀ ਕਮੇਟੀ ਦੇ ਮੈਂਬਰਾਂ ਨੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਇਆ ਅਤੇ ਗ਼ਦਰ ਲਹਿਰ ਦਾ ਇਤਿਹਾਸ ਸਮੇਤ ਆਉਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਾ ਕਲੈਂਡਰ (ਅਪਰੈਲ 2013 ਤੋਂ ਮਾਰਚ 2014) ਤੱਕ ਜਾਰੀ ਕੀਤਾ।ਇਸ ਕਲੈਂਡਰ ਦੀ 10,000 ਕਾਪੀ ਛਾਪੀ ਗਈ ਹੈ।
ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਸਭ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਕਰਵਾਏ ਜਾਂਦੇ ਗ਼ਦਰੀ ਬਾਬਿਆਂ ਦੇ ਸਲਾਨਾ ਮੇਲੇ ਤੇ ਪੇਸ਼ ਕੀਤੇ ਗਏ ਝੰਡੇ ਦੇ ਗੀਤ ਦੀ ਵੀਡੀਓ ਦਿਖਾਈ ਗਈ ਜੋ ਇਸ ਵਾਰ ਅਕਤੂਬਰ 2012 ਦੇ ਮੇਲੇ ਤੇ ਅਜ਼ਾਦ ਹਿੰਦ ਫੌਜ ਨੂੰ ਸਮਰਪਤ ਸੀ।
ਇੰਦਰਜੀਤ ਸਿੰਘ ਧਾਮੀ ਦੀ ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਬਾਰੇ ਜੋਸ਼ੀਲੀ ਕਵਿਤਾ ਤੋਂ ਬਾਅਦ ਕ੍ਰਿਪਾਲ ਬੈਂਸ ਨੇ ਗ਼ਦਰ ਪਾਰਟੀ ਦੇ ਹੋਂਦ ਵਿੱਚ ਆਉਣ ਦੇ ਕਾਰਨਾਂ, ਪਾਰਟੀ ਦੇ ਉਦੇਸ਼ਾਂ ਜਿਵੇਂ ਭਾਰਤ ਨੂੰ ਬ੍ਰਿਟਿਸ਼ ਸਾਮਰਾਜ ਦੀ ਗ਼ੁਲਾਮੀ ਤੋਂ ਮੁਕਤੀ ਅਤੇ ਭਾਰਤ ਵਿੱਚ ਜਮਾਤ ਅਤੇ ਜਾਤ ਪਾਤ ਰਹਿਤ ਬਰਾਬਰਤਾ ਵਾਲਾ ਸਮਾਜ ਸਥਾਪਤ ਕਰਨ ਬਾਰੇ ਵਿਸਥਾਰ ਪੂਰਵਕ ਦੱਸਿਆ।ਉਨ੍ਹਾਂ ਇਹ ਵੀ ਦੱਸਿਆ ਕਿ ਗ਼ਦਰੀ ਬਾਬਿਆਂ ਦਾ ਇਹ ਪੱਕਾ ਵਿਸ਼ਵਾਸ਼ ਸੀ ਕਿ ਇਹ ਸਭ ਕੁਝ ਹਥਿਆਰਬੰਦ ਇਨਕਲਾਬ ਰਾਹੀਂ ਕੀਤਾ ਜਾ ਸਕੇਗਾ।
ਉਨ੍ਹਾਂ ਗ਼ਦਰੀ ਬਾਬਿਆਂ ਵੱਲੋਂ ਕੀਤੀਆਂ ਕੁਰਬਾਨੀਆਂ ਬਾਰੇ ਵੀ ਚਾਨਣਾ ਪਾਇਆ।ਉਨ੍ਹਾਂ ਦੀ ਤਕਰੀਰ ਵਿੱਚੋਂ ਕੁੱਝ ਮੁੱਦਿਆਂ ਬਾਰੇ ਦੁਬਾਰਾ ਗੱਲ ਕਰਨ ਦੀ ਮੰਗ ਮੀਰਾਂ ਵਿਰਕ ਨੇ ਖੁਦ ਸਟੇਜ ਤੇ ਆਕੇ ਕੀਤੀ ਜਿਨ੍ਹਾਂ ਬਾਰੇ ਕ੍ਰਿਪਾਲ ਬੈਂਸ ਨੇ ਇੱਕ ਵਾਰ ਫੇਰ ਦੁਹਰਾਇਆ ਉਨ੍ਹਾਂ ਵਿੱਚੋਂ ਇੱਕ ਮੁੱਦਾ ਅੰਡੇਮਾਨ ਨਿਕੋਬਾਰ ਦੀ ਜੇਲ੍ਹ ਅੰਦਰ ਪੱਗ ਦੀ ਹੋਈ ਹੱਤਕ ਦੇ ਵਿਰੋਧ ਵਿੱਚ ਰੱਖੀ ਗਈ ਭੁੱਖ ਹੜਤਾਲ ਬਾਰੇ ਸੀ ਤੇ ਦੂਸਰਾ ਮੁੱਦਾ 1915 ਵਿੱਚ ਜਦੋਂ ਕਰਤਾਰ ਸਿੰਘ ਸਰਾਭਾ ਭਾਰਤ ਵਿਚਲੀਆਂ ਛੌਣੀਆਂ ਵਿੱਚ ਭਾਰਤੀ ਫੌਜੀਆਂ ਨੂੰ ਬ੍ਰਿਟਿਸ਼ ਸਾਮਰਾਜ ਵਿਰੁੱਧ ਗ਼ਦਰ ਕਰਨ ਲਈ ਪ੍ਰੇਰ ਰਿਹਾ ਸੀ ਉਸੇ ਵਕਤ ਕਰਮਚੰਦ ਗਾਂਧੀ ਇੰਗਲੈਂਡ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਬ੍ਰਿਟਿਸ਼ ਫੌਜ ਵਿੱਚ ਭਰਤੀ ਹੋਕੇ ਸੰਸਾਰ ਜੰਗ ਵਿੱਚ ਸ਼ਾਮਲ ਹੋ ਕੇ ਅੰਗ਼ਰੇਜ਼ਾਂ ਦੀ ਮਦਦ ਕਰਨ ਲਈ ਕਹਿ ਰਿਹਾ ਸੀ।
ਇਸ ਯਤਨ ਦੀ ਦਰਸ਼ਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਬੜੇ ਧਿਆਨ ਨਾਲ ਸੁਣਿਆ। ਉਨ੍ਹਾਂ ਇਹ ਵੀ ਦੱਸਿਆ ਕਿ ਜਿੱਥੇ ਇਹ ਲੜਾਈ ਭਾਰਤ ਵਿੱਚ ਲੜੀ ਜਾ ਰਹੀ ਸੀ ਉਸਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਵੀ ਇਹ ਲੜਾਈ ਅਮਰੀਕਾ ਅਤੇ ਕੈਨੇਡਾ ਵਿੱਚ ਨਸਲਵਾਦ ਦੇ ਵਿਰੁੱਧ ਜਾਰੀ ਰਹੀ। ਬੇਸ਼ੱਕ ਗ਼ਦਰ ਪਾਰਟੀ 1947 ਵਿੱਚ ਭੰਗ ਕਰ ਦਿੱਤੀ ਗਈ ਪਰੰਤੂ ਨਸਲਵਾਦ ਖ਼ਤਮ ਨਹੀਂ ਹੋਇਆ ਸਗੋਂ 1968 ਤੱਕ ਹੋਰ ਵਧਦਾ ਗਿਆ। ਕੈਨੇਡਾ ਵਿੱਚ ਈਸਟ ਇੰਡੀਅਨ ਡਿਫੈਂਸ ਕਮੇਟੀ ਨੇ ਇਸ ਜੱਦੋ ਜਹਿਦ ਨੂੰ ਗ਼ਦਰ ਪਾਰਟੀ ਦੀਆਂ ਲੀਹਾਂ ਤੇ ਜਾਰੀ ਰੱਖਿਆ ਅਤੇ ਹਿੰਦੁਸਤਾਨ ਵਿੱਚ ਚੱਲ ਰਹੇ ਲੋਕ ਜਮਹੂਰੀ ਇਨਕਲਾਬ ਦੀ ਹਮਾਇਤ ਵੀ ਪੂਰਨ ਤੌਰ ਤੇ ਜਾਰੀ ਰੱਖੀ।
ਸਿੱਟੇ ਵਜੋਂ ਭਾਵੇਂ ਅੱਜ ਨੰਗੇ ਚਿੱਟੇ ਰੂਪ ਵਿੱਚ ਨਸਲਵਾਦ ਬਹੁਤ ਘੱਟ ਦਿਖਾਈ ਦੇ ਰਿਹਾ ਹੈ ਪਰ ਇਹ ਨਸਲਵਾਦ ਅੱਜ ਵੀ ਸਰਕਾਰੀ ਨੀਤੀਆਂ ਵਿੱਚੋਂ ਝਲਕ ਰਿਹਾ ਹੈ ਜਿਸਦੀ ਤਾਜ਼ਾ ਮਿਸਾਲ ਏਸ਼ੀਅਨ ਲੋਕਾਂ ਦੇ ਮਾਪਿਆਂ ਨੂੰ ਕੈਨੇਡਾ ਮੰਗਵਾਉਣ ਦਾ ਹੱਕ ਸੁਪਰ ਵੀਜ਼ੇ ਦੇ ਨਾਂ ਥੱਲੇ ਖੋਹ ਲਿਆ ਗਿਆ ਹੈ। ਹੁਣ ਸੁਪਰ ਵੀਜ਼ੇ ਤਹਿਤ ਆਏ ਮਾਪੇ ਕੰਮ ਨਹੀਂ ਕਰ ਸਕਦੇ, ਉਨ੍ਹਾਂ ਦੀ ਇੰਸ਼ੋਰੈਂਸ ਦਾ ਖਰਚ ਵੀ ਸਾਨੂੰ ਖੁਦ ਨੂੰ ਕਰਨਾ ਪੈਂਦਾ ਹੈ ‘ਤੇ ਉਹ ਪੈਨਸ਼ੈਨ ਦੇ ਹੱਕ ਤੋਂ ਵੀ ਵਾਂਝੇ ਕਰ ਦਿੱਤੇ ਗਏ ਹਨ।ਇਹ ਕਾਨੂੰਨ ਯੂਰਪੀਅਨ ਲੋਕਾਂ ‘ਤੇ ਲਾਗੂ ਨਹੀਂ ਹੈ।
ਇਸ ਦੁਰਾਨ ਸ਼ਾਂਤੀ ਥੰਮਣ ਨੇ ਗੀਤ “ਸਮੇਂ ਦੀ ਮੰਗ”. ਬਿੱਲਾ ਤੱਖਰ ਤੇ ਸਾਥੀਆਂ ਵੱਲੋਂ ਗ਼ਦਰ ਲਹਿਰ ਨਾਲ ਸਬੰਧਤ ਇਨਕਲਾਬੀ ਵਾਰ, ਅਨਮੋਲ ਸਵੈਚ ਨੇ ਗੁਰਭਜਨ ਗਿੱਲ ਦੀ ਕਵਿਤਾ “ਰਾਤ ਬਾਕੀ ਹੈ” ਪੇਸ਼ ਕੀਤੀ।ਬਾਈ ਅਵਤਾਰ ਗਿੱਲ ਵੱਲੋਂ ਤਿਆਰ ਕਰਵਾਈਆਂ ਕੋਰੀਓਗਰਾਫੀਆਂ ਸੁਰਿੰਦਰ ਗਿੱਲ ਦੇ ਗੀਤ “ਛੱਟਾ ਚਾਨਣਾ ਦਾ” ਅਤੇ ਅਵਤਾਰ ਪਾਸ਼ ਦੇ ਗੀਤ “ਦਹਿਕਦੇ ਅੰਗਿਆਰਾਂ ਤੇ” ਪੇਸ਼ ਕੀਤੀਆਂ ਗਈਆਂ ਜਿਸ ਵਿੱਚ ਕਮਲ ਪ੍ਰੀਤ ਦੀ ਅਵਾਜ਼ ਦਾ ਅਹਿਮ ਯੋਗਦਾਨ ਰਿਹਾ। ਬਾਈ ਅਵਤਾਰ ਗਿੱਲ ਨੇ ਗ਼ਦਰ ਪਾਰਟੀ ਦਾ ਕੈਨੇਡਾ ਵਿੱਚ ਮਹੱਤਵ ਦੱਸਦਿਆਂ ਗ਼ਦਰ ਪਾਰਟੀ ਨੂੰ ਸਮਰਪਤ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ। ਹਰਭਜਨ ਚੀਮਾ ਨੇ ਗ਼ਦਰ ਪਾਰਟੀ ਬਾਰੇ ਗੱਲ ਕਰਦਿਆਂ ਜੋਰ ਦੇ ਕੇ ਕਿਹਾ ਪਰਵਿਾਰਾਂ ਨੂੰ ਕੱਠੇ ਕਰਨ ਦਾ ਹੱਕ ਸਾਡੇ ਬਜ਼ੁਰਗਾਂ ਨੇ 1908 ਵਿੱਚ ਤਕੜੇ ਸੰਘਰਸ਼ ਰਾਹੀਂ ਹਾਸਲ ਕੀਤਾ ਸੀ ਜੋ ਅੱਜ ਹਾਰਪਰ ਸਰਕਾਰ ਨੇ ਏਸ਼ੀਅਨ ਲੋਕਾਂ ਤੋਂ ਇਹ ਹੱਕ 100 ਸਾਲ ਬਾਅਦ ਖੋਹਕੇ ਉਨ੍ਹਾਂ ਉੱਪਰ ਸਿੱਧਾ ਹਮਲਾ ਕੀਤਾ ਹੈ।ਜਿਸਨੂੰ ਸਾਡੀ ਕਮੇਟੀ ਗ਼ਦਰ ਪਾਰਟੀ ਦੀਆਂ ਲੀਹਾਂ ਤੇ ਚਲਦੀ ਹੋਈ ਮੁੜ ਹਾਸਲ ਕਰਨ ਲਈ ਸਿਦਕਦਿਲੀ ਨਾਲ ਜੱਦੋ ਜਹਿਦ ਕਰਦੀ ਰਹੇਗੀ। ਉਨ੍ਹਾਂ ਆਏ ਹੋਏ ਲੋਕਾਂ ਦਾ ਇਸ ਫੰਡ ਰੇਜ਼ਿੰਗ ਡਿਨਰ ਵਿੱਚ ਯੋਗਦਾਨ ਪਾਉਣ ਲਈ, ਵਪਾਰੀ ਵੀਰਾਂ ਵੱਲੋਂ ਕੀਤੀ ਆਰਥਿਕ ਮਦਦ ਲਈ, ਮੀਡੀਏ ਵੱਲੋਂ ਖਾਸ ਕਰਕੇ ਰੈੱਡ ਐਫ ਐਮ ਰੇਡੀਓ ਵੱਲੋਂ ਸਹਿਯੋਗ ਕਰਨ ਲਈ ਅਤੇ ਕਮੇਟੀ ਮੈਂਬਰਾਂ ਦਾ ਫੰਡ ਰੇਜ਼ਿੰਗ ਬਿਨਰ ਨੂੰ ਕਾਮਯਾਬ ਕਰਨ ਲਈ ਧੰਨਵਾਦਿ ਕੀਤਾ।
ਪ੍ਰੋਗਰਾਮ ਦੁਰਾਨ ਪੇਸ਼ ਕੀਤੀਆਂ ਪੇਸ਼ਕਾਰੀਆਂ ਨੂੰ ਦਰਸ਼ਕਾਂ ਨੇ ਬਹੁਤ ਹੀ ਸਲਾਹਿਆ। “ਛੱਟਾ ਚਾਨਣਾਂ ਦਾ” ਦੀ ਪੇਸ਼ ਕਾਰੀ ਕੈਨੇਡਾ ਦੇ ਜੰਮਪਲ ਬੱਚਿਆਂ ਜਸਨੂਰ ਤੇ ਹਰਮੋਤ ਖੱਖ, ਨਵਨੀਤ, ਪਰਣੀਤ, ਰਨਦੀਪ ‘ਤੇ ਇਸ਼ਾਨਪ੍ਰੀਤ ਗਿੱਲ ਤੋਂ ਇਲਾਵਾ ਮਨਜੀਤ ਨਾਗਰਾ ਅਤੇ ਦਵਿੰਦਰ ਬਚਰਾ ਨੇ ਬਾ-ਕਮਾਲ ਪੇਸ਼ਕਾਰੀ ਕੀਤੀ। ਦਹਿਕਦੇ ਅੰਗਿਆਰਾਂ ਵਿੱਚ ਗੁਰਮੇਲ ਗਿੱਲ ਤੇ ਪਰਮ ਸਰਾਂ ਦੀ ਭੂਮਿਕਾ ਕਾਬਲੇ ਤਾਰੀਫ ਸੀ।ਅੰਤ ਵਿੱਚ ਗਾਇਕਾ ਤਰੰਨਮ ਪ੍ਰੀਤ ਦੀ ਅਵਾਜ਼ ਵਿੱਚ ਪਾਈਆਂ ਗਈਆਂ ਸੰਗਰਾਮੀ ਬੋਲੀਆਂ ਤੇ ਅਧਾਰਤ ਗਿੱਧਾ ਦਵਿੰਦਰ ਕੌਰ ਤੇ ਜਸਨੂਰ ਕੌਰ ਖੱਖ, ਪਰਮਜੀਤ ਕੌਰ, ਜਸਪ੍ਰੀਤ ਕੌਰ ਤੇ ਜਤਿੰਦਰ ਕੌਰ ਗਿੱਲ, ਜਸਮੇਲ ਕੌਰ ਸਿੱਧੂ, ਮਨਜੀਤ ਨਾਗਰਾ ਤੇ ਦਵਿੰਦਰ ਕੌਰ ਬਚਰਾ, ਹਰਬੰਸ ਕੌਰ ਪੁਰੇਵਾਲ ਅਤੇ ਸਵਰਨਜੀਤ ਕੌਰ ਗਰੇਵਾਲ ਦੀ ਟੀਮ ਵੱਲੋਂ ਪੇਸ਼ ਕੀਤਾ ਗਿਆ। ਇੰਦਰਜੀਤ ਸਿੰਘ ਬੈਂਸ ਹੋਰਾਂ ਇਸ ਯਤਨ ਲਈ ਵਧਾਈ ਦਿੱਤੀ।ਇਸ ਦੁਰਾਨ ਵਪਾਰੀ ਵੱੀਰਾਂ ਵੱਲੋਂ ਸਪੌਂਸਰ ਕੀਤੇ ਸਮਾਨ ਦੇ ਰੈਫਿਲਜ਼ ਵੀ ਕੱਢੇ ਗਏ।ਮਨਜੀਤ ਨਾਗਰਾ ਤੇ ਦਵਿੰਦਰ ਬਚਰਾ ਦਾ ਇਸ ਪ੍ਰਬੰਧ ਵਿੱਚ ਅਹਿਮ ਯੋਗਦਾਨ ਰਿਹਾ ਜੋ ਵਧਾਈ ਦੇ ਪਾਤਰ ਹਨ।
ਗ਼ਦਰ ਪਾਰਟੀ ਸ਼ਤਾਬਦੀ ਕਮੇਟੀ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੈ ਕਿ ਅੱਜ ਵੀ 65 ਸਾਲ ਬੀਤ ਜਾਣ ਤੇ ਵੀ ਭਾਰਤ ਅੰਦਰ ਗ਼ਦਰੀ ਸੂਰਮਿਆਂ ਦੀ ਸੋਚ ਦਾ ਸਮਾਜ ਨਹੀਂ ਸਿਰਜਿਆ ਜਾ ਸਕਿਆ ਹੈ ਜਿਸ ਲਈ ਯਤਨ ਜਾਰੀ ਰਹਿਣੇ ਚਾਹੀਦੇ ਹਨ।ਅਸੀਂ ਇੰਨ੍ਹਾਂ ਮਹਾਨ ਗ਼ਦਰੀ ਬਾਬਿਆ ਦੀਆਂ ਕੁਰਬਾਨੀਆ ਨੂੰ ਕਦੇ ਵੀ ਭੁਲਾ ਨਹੀਂ ਸਕਦੇ ਸਗੋਂ ਉਨ੍ਹਾਂ ਲੀਹਾਂ ਤੇ ਚਲਣ ਦਾ ਭਰਪੂਰ ਯਤਨ ਕਰ ਰਹੇ ਹਾਂ।
ਸਾਲ 2013 ਵਿੱਚ ਕਰਵਾਏ ਜਾ ਰਹੇ ਪ੍ਰੋਗਰਾਮਾਂ ਦਾ ਵੇਰਵਾ
ਮਿਤੀ 16 ਜੂਨ, 2013 ਦਿਨ ਐਤਵਾਰ, ਕਵੀ ਦਰਬਾਰ, ਸਥਾਨ ਗ੍ਰੈਂਡ ਤਾਜ ਬੈਂਕੁਇਟ ਹਾਲ ਸਮਾਂ 11 ਵਜੇ ਸਵੇਰੇ, 23 ਜੂਨ ਦਿਨ ਐਤਵਾਰ ਸੈਮੀਨਾਰ ਸਥਾਨ ਨੌਰਥ ਡੈਲਟਾ ਸੈਕੰਡਰੀ ਸਕੂਲ ਸਮਾਂ 11 ਵਜੇ ਸਵੇਰੇ, 06 ਜੁਲਾਈ ਦਿਨ ਐਤਵਾਰ ਕਲਚਰਲ ਪ੍ਰੋਗਰਾਮ ਤੇ ਬੁਲਾਰੇ ਸਥਾਨ ਐਬਸਫੋਰਡ ਆਰਟ ਸੈਂਟਰ, 07 ਜੁਲਾਈ ਦਿਨ ਐਤਵਾਰ ਕਲਚਰਲ ਪੋ੍ਰਗਰਾਮ ਸਥਾਨ ਬੈੱਲ ਪ੍ਰਫਾਰਮਿਮਗ ਆਰਟ ਸੈਂਟਰ ਸਰ੍ਹੀ, 14 ਜੁਲਾਈ ਦਿਨ ਐਤਵਾਰ ਪਬਲਿਕ ਰੈਲੀ ਤੇ ਸਨਮਾਨ ਸਮਾਰੋਹ ਹੋਣਗੇ।ਇਸਤੋਂ ਇਲਾਵਾ ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਫੈਟੀਵਲ 25 ਅਗਸਤ, ਸ਼ਹੀਦ ਭਗਤ ਸਿੰਘ 5 ਕਿਲੋਮੀਟਰ ਰਨ 22 ਸਿਤੰਬਰ, ਸਲਾਨਾ ਤਰਕਸ਼ੀਲ ਮੇਲਾ 13 ਅਕਤੂਬਰ, ਡਿਫੈਂਸ ਕਮੇਟੀ ਦੀ 40 ਵੀਂ ਵਰ੍ਹੇ ਗੰਢ 30 ਨਵੰਬਰ ਇਹ ਸਾਰੇ ਪ੍ਰੋਗਰਾਮ ਵੀ ਗ਼ਦਰ ਲਹਿਰ ਨੂੰ ਸਮਰਪਤ ਕੀਤੇ ਜਾਣਗੇ।ਸਮੁੱਚੇ ਭਾਈਚਾਰੇ ਨੂੰ ਇੰਨ੍ਹਾਂ ਪੋ੍ਰਗਰਾਮਾਂ ਵਿੱਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਦੀ ਹੇ।ਆਸ ਕਰਦੇ ਹਾਂ ਕਿ ਆਪ ਸਭ ਇੰਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਕੇ ਸਾਡੇ ਮਹਾਨ ਨਾਇਕਾਂ ਨੂੰ ਸ਼ਰਧਾਂਜਲੀ ਪੇਸ਼ ਕਰੋਗੇ।
ਨੋਟ:- ਇਹ ਸਾਰੇ ਪ੍ਰੋਗਰਾਮ ਬਿਨਾਂ ਟਿਕਟ ਤੋਂ ਪਰ ਲੋਕਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ।