ਸਹਾਇਕ ਪ੍ਰੋਫ਼ੈਸਰ ਵੱਲੋਂ ਵਿਦਿਆਰਥੀ ਨਾਲ ਦੁਰਵਿਵਹਾਰ
Posted on:- 06-03-2013
ਬੀਤੀ 28 ਫਰਵਰੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਆਯੋਜਿਤ ‘ਸਾਉਫੈਸਟ’ ਵਿੱਚ ਐੱਨ.ਐੱਸ.ਐੱਸ. ਦਾ ਵਲੰਟੀਅਰ ਹਰਪ੍ਰੀਤ ਸਿੰਘ ਆਪਣੀ ਡਿਊਟੀ ਦੇ ਰਿਹਾ ਸੀ, ਜੋ ਕਿ ਪੰਜਾਬੀ ਵਿਭਾਗ ਵਿੱਚ ਪੀ-ਐੱਚ.ਡੀ. ਦਾ ਵਿਦਿਆਰਥੀ ਵੀ ਹੈ। ਇਸ ਦੌਰਾਨ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਗੁਰਜੰਟ ਸਿੰਘ ਨੇ ਆਪਣਾ ਘਰੇਲੂ ਕੰਮ ਨਾ ਕਰਨ ਬਦਲੇ ਰਾਤ ਦਾ ਖਾਣਾ ਖਾਂਦੇ ਸਮੇਂ ਜਿੱਥੇ ਕਿ ਹੋਰ ਵਲੰਟੀਅਰ ਅਤੇ ਫੈਕਲਟੀ ਹਾਜ਼ਰ ਸੀ, ਹਰਪ੍ਰੀਤ ਸਿੰਘ ਦੇ ਚਪੇੜਾਂ ਮਾਰੀਆਂ ਅਤੇ ਬਦਸਲੂਕੀ ਕੀਤੀ।
ਇਸ ਸੰਬੰਧ ਵਿੱਚ ਪੰਜਾਬੀ ਯੂਨੀਵਰਸਿਟੀ ਰਿਸਰਚ ਸਕਾਲਰ ਐਸੋਸੀਏਸ਼ਨ (ਪੁਰਸਾ) ਅਤੇ ਸਮੂਹ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਭਾਰੀ ਰੋਸ ਪ੍ਰਗਟਾਇਆ ਜਾ ਰਿਹਾ ਹੈ, ਕਿਉਂਕਿ ਇਸੇ ਪ੍ਰੋਫੈਸਰ ਨੇ ਪਹਿਲਾਂ ਵੀ ਪ੍ਰੀਖਿਆ ਕੇਂਦਰ ਵਿੱਚ ਡਿਊਟੀ ਦੇ ਰਹੇ ਵਿਦਿਆਰਥੀ ਰਾਮਪਾਲ ਸਿੰਘ ਨਾਲ ਦੁਰਵਿਵਹਾਰ ਕੀਤਾ ਸੀ, ਜਿਸ ਲਈ ਇਸ ਪ੍ਰੋਫੈਸਰ ਨੇ ਪੁਰਸਾ ਤੋਂ ਲਿਖਤੀ ਮੁਆਫੀ ਮੰਗੀ ਸੀ, ਜਿਸ ਵਿੱਚ ਅੱਗੇ ਤੋਂ ਆਪਣਾ ਵਿਹਾਰ ਠੀਕ ਰੱਖਣ ਦਾ ਪ੍ਰਣ ਕੀਤਾ ਸੀ।
ਇਸ ਸੰਬੰਧ ਵਿੱਚ ਪੁਰਸਾ ਵੱਲੋਂ ਵਿਦਿਆਰਥੀਆਂ ਦੀ ਭਰਵੀਂ ਹਾਜ਼ਰੀ ’ਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਇਸ ਚਾਂਸਲਰ, ਰਜਿਸਟਰਾਰ, ਡੀਨ ਅਕਾਦਮਿਕ ਮਾਮਲੇ, ਡੀਨ ਵਿਦਿਆਰਥੀ ਭਲਾਈ, ਐਨ.ਐਸ.ਐਸ. ਕੋਆਰਡੀਨੇਟਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਨੂੰ ਲਿਖਤੀ ਸ਼ਿਕਾਇਤ ਪੱਤਰ ਦਿੱਤੇ ਗਏ ਹਨ, ਜਿਸ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪੰਜਾਬੀ ਯੂਨੀਵਰਸਿਟੀ ਰਿਸਰਚ ਸਕਾਲਰ ਐਸੋਸੀਏਸ਼ਨ ਅਤੇ ਸਮੂਹ ਵਿਦਿਆਰਥੀਆਂ ਵੱਲੋਂ ਇਹ ਪੁਰਜ਼ੋਰ ਮੰਗ ਹੈ ਕਿ ਦੁਰਵਿਹਾਰ ਕਰਨ ਵਾਲੇ ਇਸ ਪ੍ਰੋਫੈਸਰ ਦੀਆਂ ਸੇਵਾਵਾਂ ਯੂਨੀਵਰਸਿਟੀ ’ਚੋਂ ਪੱਕੇ ਤੌਰ ’ਤੇ ਬਿਨਾਂ ਸ਼ਰਤ ਖਤਮ ਕੀਤੀਆਂ ਜਾਣ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਵਿਦਿਆਰਥੀਆਂ ਨੂੰ ਮਜਬੂਰਨ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ।