'ਸੂਹੀ ਸਵੇਰ ਮੀਡੀਆ' ਨੇ ਕਰਵਾਇਆ ਆਪਣੀ 11ਵੀਂ ਵਰ੍ਹੇਗੰਢ ਉੱਤੇ ਸਮਾਗਮ
Posted on:- 19-02-2023
ਲੁਧਿਆਣਾ, 19 ਫਰਵਰੀ
ਅਦਾਰਾ ਸੂਹੀ ਸਵੇਰ ਮੀਡੀਆ ਵੱਲੋਂ ਆਪਣੀ ਗਿਆਰ੍ਹਵੀਂ ਵਰ੍ਹੇਗੰਢ ਮੌਕੇ ਪੰਜਾਬੀ ਭਵਨ ਵਿੱਚ ਸਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਲੇਖਕ ਅਤੇ ਚਿੰਤਕ ਧੀਰੇਂਦਰ ਕੇ. ਝਾਅ ਨੇ ਮੁੱਖ ਬੁਲਾਰੇ ਵਜੋ ਸ਼ਿਰਕਤ ਕੀਤੀ ਅਤੇ ‘ਅੱਜ ਦੇ ਸਮੇਂ ਵਿੱਚ ਭਾਰਤ ਵਿੱਚ ਫਿਰਕਾਪ੍ਰਸਤੀ’ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕੀਤੇ।
ਸ੍ਰੀ ਝਾਅ ਨੇ ਆਪਣੇ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਸਾਲ 1920 ਤੋਂ 1947 ਤੱਕ ਦੇ ਸਮੇਂ ਨੂੰ ਘੋਖਣ ਦੀ ਵਿਸ਼ੇਸ਼ ਲੋੜ ਹੈ ਕਿਉਂਕਿ ਇਸ ਦਰਮਿਆਨ ਜਿੱਥੇ ਭਾਰਤੀਆਂ ਦੀ ਬ੍ਰਿਟਿਸ਼ ਰਾਜ ਨਾਲ ਜੰਗ ਚੱਲ ਰਹੀ ਸੀ ਉੱਥੇ ਖ਼ਾਸ ਕਰ ਇਸੇ ਸਮੇਂ ਦੌਰਾਨ ਹੀ ਹਿੰਦੂ-ਮੁਸਲਿਮ ਭਾਈਚਾਰੇ ਦੇ ਆਪਸੀ ਵਿਰੋਧ ਦੇ ਬੀਜ ਫੁੱਟ ਰਹੇ ਸਨ। ਆਜ਼ਾਦੀ ਤੋਂ ਲੈ ਕੇ ਮਹਾਤਮਾ ਗਾਂਧੀ ਦੀ ਹੱਤਿਆ ਦਰਮਿਆਨ ਵਾਲੇ ਸਮੇਂ ਨੂੰ ਵੀ ਘੋਖਣਾ ਬਹੁਤ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਫਿਰਕਾਪ੍ਰਸਤੀ ਦਾ ਜ਼ਿਆਦਾ ਸ਼ਿਕਾਰ ਘੱਟ ਗਿਣਤੀ ਹੋ ਰਹੀ ਹੈ ਅਤੇ ਮੀਡੀਆ ਦਾ ਇੱਕ ਵੱਡਾ ਹਿੱਸਾ ਵੀ ਇਸ ਦਾ ਭਾਗੀਦਾਰ ਹੈ, ਜੋ ਇਸ ਨੂੰ ਭੜਕਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਭਾਰਤ ਵਿੱਚ ਹਿੰਦੂਤਵ ਦੀ ਰਾਜਨੀਤੀ ਹੈਰਾਨੀਜਨਕ ਰੂਪ ਵਿੱਚ ਮਜ਼ਬੂਤ ਹੋਈ ਹੈ। ਇਹ ਸਾਰੇ ਇੱਕ ਹੀ ਮਕਸਦ ਲਈ ਕੰਮ ਕਰ ਰਹੇ ਹਨ ਕਿ ਇੱਕ ਖਾਸ ਭਾਈਚਾਰੇ ਯਾਨੀ ਹਿੰਦੂਆਂ ਕੋਲ ਵਿਸ਼ੇਸ਼ ਅਧਿਕਾਰ ਹੋਵੇ ਅਤੇ ਉਹੀ ਰਾਸ਼ਟਰੀ ਪਛਾਣ ਨੂੰ ਪਰਿਭਾਸ਼ਿਤ ਕਰਨ।
ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਏਕਤਾ ਨੂੰ ਵੰਡਣ ਦੀਆਂ ਤਾਕਤਾਂ ਧਰਮ ਦੇ ਨਾਮ ਦੇ ਵੰਡ ਰਹੀ ਹੈ ਜੋ ਗੰਭੀਰ ਚਿੰਤਨ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਭਾਰਤ ਸਭਾ ਦਾ ਇੱਕ ਅਹਿਮ ਟੀਚਾ ਲੋਕਾਂ ਨੂੰ ਧਾਰਮਿਕ ਜਨੂਨ ਤੋਂ ਮੁਕਤ ਕਰਨਾ, ਜਾਤ-ਪਾਤ ਨੂੰ ਖ਼ਤਮ ਕਰਨਾ, ਲਿੰਗ ਭੇਦ ਦਾ ਖਾਤਮਾ, ਨੌਜਵਾਨਾਂ ਨੂੰ ਕਾਰਨ ਸਮਝਣ ਦੇ ਕਾਬਿਲ ਬਣਾਉਣਾ ਵੀ ਸੀ ਤਾਂ ਜੋ ਆਪਣੀ ਸਾਂਝ ਬਣੀ ਰਹੇ। ਸੁਕੀਰਤ ਅਨੰਦ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਫਿਰਕਾਪ੍ਰਸਤੀ ਦੇ ਰੰਗ ਵਿੱਚ ਕੁਝ ਫ਼ਿਲਮਾਂ ਵੀ ਰੰਗੀਆਂ ਹੋਈਆਂ ਹਨ, ਜੋ ਲੋਕਾਂ ਨੂੰ ਆਪਸ ਵਿੱਚ ਭੜਕਾ ਰਹੀਆਂ ਹਨ। ਸਾਡੇ ਅੰਦਰ ਫਿਰਕਾਪ੍ਰਸਤੀ ਦਾ ਘੁਣ ਲੱਗਾ ਹੋਇਆ ਹੈ, ਜਿਸ ਨੂੰ ਖ਼ਤਮ ਕਰਨ ਦੀ ਲੋੜ ਹੈ, ਜਿਸ ਵਾਸਤੇ ਸਾਨੂੰ ਸਾਰਿਆਂ ਨੂੰ ਜੱਦੋ-ਜਹਿਦ ਕਰਨ ਦੀ ਲੋੜ ਹੈ। ਰਜੀਵ ਖੰਨਾ ਨੇ ਕਿਹਾ ਕਿ ਅਜੋਕੇ ਸਮੇਂ ਫਿਰਕਾਪ੍ਰਸਤੀ ਸਬੰਧੀ ਘਟਨਾਵਾਂ ਪ੍ਰਤੀ ਫਿਕਰ ਦੀ ਗੱਲ ਇਹ ਹੈ ਕਿ ਲੋਕਾਂ ਲਈ ਇਹ ਹੁਣ ਰੋਜ਼ਮਰ੍ਹਾ ਦੀਆਂ ਆਮ ਘਟਨਾ ਵਾਂਗ ਬਣ ਗਈ ਹੈ। ਬੂਟਾ ਸਿੰਘ ਨੇ ਕਿਹਾ ਕਿ ਫਿਰਕਾਪ੍ਰਸਤੀ ਨੂੰ ਪੈਦਾ ਕਰਨ ਵਾਲੀ ਸੋਚ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨਾ ਬੇਹੱਦ ਲਾਜ਼ਮੀ ਹੈ ਅਤੇ ਇਸ ਜਾਗਰੂਕਤਾ ਲਈ ਜ਼ਮੀਨੀ ਪੱਧਰ ’ਤੇ ਕਾਰਜ ਕਰਨ ਦੀ ਲੋੜ ਹੈ। ਇਸ ਮੌਕੇ ਤਰਸੇਮ ਲਾਲ ਨੇ ਧਰੇਂਦਰ ਝਾਅ ਦੀਆਂ ਪੰਜਾਬੀ ਵਿੱਚ ਅਨੁਵਾਦ ਹੋਈਆਂ ਕਿਤਾਬਾਂ ਦੀ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਪਹੁੰਚੀਆਂ ਸ਼ਖਸੀਅਤਾਂ ਦਾ ਸਵਾਗਤ ਕਰਦਿਆਂ ਸੂਹੀ ਸਵੇਰ ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਨੇ ਕਿਹਾ ਕਿ ਸੂਹੀ ਸਵੇਰ ਮੀਡੀਆ ਲੋਕਧਾਰਾ ਦਾ ਮੀਡੀਆ ਹੈ, ਜੋ ਲੋਕਾਂ ਦੀ ਮਦਦ ਨਾਲ ਚਲਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਅਦਾਰੇ ਦੀਆਂ ਵੈੱਬਸਾਈਟਸ ਉੱਤੇ ਲੋਕ ਵਿਰੋਧੀ ਤਾਕਤਾਂ ਹਮਲਾ ਕਰਦੀਆਂ ਰਹੀਆਂ ਹਨ ਪਰ ਅਦਾਰਾ ਬਿਨਾਂ ਕਿਸੇ ਖੌਫ਼ ਦੇ ਮੁੜ ਤੋਂ ਆਪਣੇ ਪੈਰਾਂ ਉੱਤੇ ਖੜਾ ਹੋ ਕੇ ਪਿਛਲੇ ਇੱਕ ਦਹਾਕੇ ਤੋਂ ਕਾਰਜਸ਼ੀਲ ਹੈ।ਉਨ੍ਹਾਂ ਦੱਸਿਆ ਕਿ ਅਦਾਰੇ ਵੱਲੋਂ ਸੂਹੀ ਸਵੇਰ ਯੂ ਟਿਊਬ ਚੈਨਲ ਵੀ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਦਾਰੇ ਵੱਲੋਂ ਇਸ ਸਾਲ ਦਾ ਸੂਹੀ ਸਵੇਰ ਮੀਡੀਆ ਐਵਾਰਡ ਲਈ ਕਿਤਾਬਾਂ ਦੀ ਦੁਨੀਆਂ ਦੇ ਮਕਬੂਲ ਨਾਮ ਮਾਸਟਰ ਹਰੀਸ਼ ਮੋਦਗਿਲ ਦਾ ਨਾਮ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਪੱਖੋਵਾਲ ਨਾਲ ਸਬੰਧਤ ਮਾਸਟਰ ਹਰੀਸ਼ ਮੋਦਗਿਲ ਸਾਹਿਤ ਦੇ ਖੇਤਰ ਦਾ ਉਹ ਨਾਮ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਸਾਹਿਤ ਨੂੰ ਪਾਠਕਾਂ ਤੱਕ ਪਹੁੰਚਾ ਰਹੇ ਹਨ। ਇਸ ਮੌਕੇ ਮਾਸਟਰ ਹਰੀਸ਼ ਮੋਦਗਿਲ ਨੇ ਕਿਹਾ ਕਿ ਉਨ੍ਹਾਂ ਨੇ ਸਮਾਜ ਵਿੱਚ ਸਾਹਿਤ ਦੀ ਚੇਟਕ ਲਗਾਉਣ ਲਈ ਆਪਣੇ ਪਿੰਡ ਪੱਖੋਵਾਲ ਤੋਂ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਬਾਲ ਮੇਲਾ ਵੀ ਸ਼ੁਰੂ ਕੀਤਾ ਗਿਆ। ਕਵਿਤਾ ਵਿਦਰੋਹੀ, ਸੁਦੇਸ਼ ਕੁਮਾਰੀ, ਰਾਜ ਪਾਲ ਸਿੰਘ, ਖ਼ੁਸ਼ਵੰਤ ਬਰਗਾੜੀ, ਕੰਵਲਜੀਤ ਖੰਨਾ, ਨਰਾਇਣ ਦੱਤ, ਜਗਦੇਵ ਕਲਸੀ, ਬਲਵੀਰ ਬੱਲੀ, ਜੱਸ ਮੰਡ, ਡਾ. ਰਵਨੀਤ ਕੌਰ ਆਦਿ ਸਾਹਿਤਕਾਰਾਂ ਤੇ ਵਿਦਵਾਨਾਂ ਨੇ ਭਾਗ ਲਿਆ।