ਕਸ਼ਮੀਰੀ ਪੱਤਰਕਾਰ ਫ਼ਾਹਦ ਸ਼ਾਹ ਨੂੰ ਤੁਰੰਤ ਰਿਹਾਅ ਕੀਤਾ ਜਾਵੇ – ਜਮਹੂਰੀ ਅਧਿਕਾਰ ਸਭਾ
Posted on:- 07-02-2022
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ, ਜਨਰਲ ਸਕੱਤਰ ਪ੍ਰੋ. ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ‘ਕਸ਼ਮੀਰ ਵਾਲਾ’ ਮੈਗਜ਼ੀਨ ਅਤੇ ਆਨਲਾਈਨ ਨਿਊਜ਼ ਪੋਰਟਲ ਦੇ ਸੰਪਾਦਕ ਫਾਹਦ ਸ਼ਾਹ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕਰਦਿਆਂ ਉਨ੍ਹਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਹੈ। ਕਸ਼ਮੀਰ ਵਿਚ ਮੀਡੀਆ ਨੂੰ ਅਣਐਲਾਨੀ ਸੈਂਸਰਸ਼ਿੱਪ ਅਤੇ ਝੂਠੇ ਕੇਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਥਿਤ ਦਹਿਸ਼ਤਗਰਦਾਂ ਨਾਲ ਮੁਕਾਬਲਿਆਂ ਦੀ ਹਕੀਕਤ ਦੀ ਤਹਿ ਤੱਕ ਜਾਣ ਵਾਲੇ ਅਤੇ ਪੁਲਿਸ-ਸੁਰੱਖਿਆ ਬਲਾਂ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਕਹਾਣੀਆਂ ਉੱਪਰ ਤੱਥਾਂ ’ਤੇ ਆਧਾਰਿਤ ਸਵਾਲ ਉਠਾਉਣ ਵਾਲੇ ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ ਝੂਠੇ ਕੇਸਾਂ ਅਤੇ ਜੇਲ੍ਹਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿਛਲੇ ਦਿਨੀਂ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਹੋਏ ਮੁਕਾਬਲੇ ਬਾਰੇ ‘ਕਸ਼ਮੀਰ ਵਾਲਾ’ ਅਤੇ ਹੋਰ ਮੀਡੀਆ ਵੱਲੋਂ ਰਿਪੋਰਟ ਛਾਪੀ ਗਈ ਸੀ। ਉਸ ਵਿਵਾਦਪੂਰਨ ਮੁਕਾਬਲੇ ’ਚ ਮਾਰੇ ਗਏ ਸਥਾਨਕ ਨਾਬਾਲਗ ਕਸ਼ਮੀਰੀ ਨੌਜਵਾਨ ਦੇ ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਲੜਕੇ ਨੂੰ ਝੂਠਾ ਮੁਕਾਬਲਾ ਬਣਾ ਕੇ ਮਾਰਿਆ ਗਿਆ ਹੈ ਅਤੇ ਉਹ ਬੇਕਸੂਰ ਸੀ। ਇਸ ਤੋਂ ਤਿੰਨ ਦਿਨ ਬਾਅਦ ਪੁਲੀਸ ਨੇ ਤਿੰਨ ਹੋਰ ਪੱਤਰਕਾਰਾਂ ਸਮੇਤ ਫਾਹਦ ਸ਼ਾਹ ਨੂੰ ਫੋਨ ਕਰ ਕੇ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਸੀ। ਥਾਣੇ ਪਹੁੰਚਣ ’ਤੇ ਉਸ ਨੂੰ ਯੂਏਪੀਏ ਰਾਜਧਰੋਹ ਦੀ ਧਾਰਾ 124-ਏ ਅਤੇ ਆਈਪੀਸੀ ਦੇ ਸੈਕਸ਼ਨ 505 ਤਹਿਤ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਜਮਹੂਰੀ ਅਧਿਕਾਰ ਸਭਾ ਦੇ ਆਗੂਆਂ ਨੇ ਕਿਹਾ ਕਿ ਕਸ਼ਮੀਰ ਵਿਚ ਪ੍ਰੈੱਸ ਅਤੇ ਮੀਡੀਆ ਦੀ ਆਜ਼ਾਦੀ ਦਾ ਗਲਾ ਘੁੱਟਣ ਅਤੇ ਪੱਤਰਕਾਰਾਂ ’ਚ ਦਹਿਸ਼ਤ ਪਾਉਣ ਲਈ ਭਾਰਤ ਸਰਕਾਰ ਦੇ ਇਸ਼ਾਰੇ ’ਤੇ ਜੰਮੂ-ਕਸ਼ਮੀਰ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ‘ਬਾਂਹ ਮਰੋੜ’ ਤਰੀਕੇ ਅਪਣਾਏ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕਸ਼ਮੀਰ ਵਿਚ ਪ੍ਰੈੱਸ ਦੀ ਆਜ਼ਾਦੀ ਬਹਾਲ ਕੀਤੀ ਜਾਵੇ ਅਤੇ ਝੂਠੇ ਕੇਸਾਂ ਅਤੇ ਹੋਰ ਤਰੀਕਿਆਂ ਨਾਲ ਪੱਤਰਕਾਰਾਂ ਨੂੰ ਪ੍ਰੇ਼ਸ਼ਾਨ ਕਰਨਾ ਬੰਦ ਕੀਤਾ ਜਾਵੇ।