ਪੰਜਾਬ ਸਟੇਟ ਯੂਨੀਵਰਸਿਟੀ ਬੁੱਕ ਬੋਰਡ ਦੇ ਹੱਕ ’ਚ ਪੰਜਾਬੀ ਲੇਖਕ ਸਭਾ ਨੇ ਮਾਰਿਆ ਹਾਅ ਦਾ ਨਾਅਰਾ
Posted on:- 10-05-2021
ਬੁੱਕ ਬੋਰਡ ਨੂੰ ਮਰਨ ਤੋਂ ਬਚਾਉਣ ਲਈ ਹਰ ਸੱਤਾ ਨਾਲ ਲੜਾਂਗੇ : ਬਲਕਾਰ ਸਿੱਧੂ
ਚੰਡੀਗੜ੍ਹ : ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, ਚੰਡੀਗੜ੍ਹ ਪੰਜਾਬ ਸਰਕਾਰ ਦਾ ਇਕ ਬਹੁਤ ਮਹੱਤਵਪੂਰਨ ਅਦਾਰਾ ਹੈ, ਜਿਸ ਨੂੰ 1970 ਈਸਵੀ ਵਿਚ ਕੇਂਦਰ ਸਰਕਾਰ ਦੀ ਇਕ ਬਹੁਤ ਹੀ ਵਧੀਆ ਯੋਜਨਾ ਤੇ ਤਹਿਤ ਬਣਾਇਆ ਗਿਆ ਸੀ। ਪਰ ਸਮੇਂ ਦੇ ਨਾਲ-ਨਾਲ ਇਸ ’ਚ ਲਗਾਤਾਰ ਨਿਘਾਰ ਆਉਂਦਾ ਚਲਾ ਗਿਆ। ਪ੍ਰੰਤੂ ਹੁਣ ਪੰਜਾਬ ਸਟੇਟ ਯੂਨੀਵਰਸਿਟੀ ਬੁੱਕ ਬੋਰਡ ਦੇ ਹੱਕ ’ਚ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਨੇ ਹਾਅ ਦਾ ਨਾਅਰਾ ਮਾਰਿਆ ਹੈ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਦੱਸਿਆ ਕਿ ਅਸੀਂ ਬੁੱਕ ਬੋਰਡ ਨੂੰ ਮਰਨ ਤੋਂ ਬਚਾਉਣ ਲਈ ਹਰ ਸੱਤਾ ਨਾਲ ਲੜਨ ਲਈ ਤਿਆਰ ਹਾਂ। ਪੰਜਾਬੀ ਲੇਖਕ ਸਭਾ ਦੀ ਸਮੁੱਚੀ ਕਾਰਜਕਾਰਨੀ ਪੰਜਾਬ ਸਟੇਟ ਯੂਨੀਵਰਸਿਟੀ ਬੁੱਕ ਬੋਰਡ ਨੂੰ ਬਚਾਉਣ ਅਤੇ ਪੈਰਾਂ ਸਿਰ ਕਰਨ ਲਈ ਪੂਰੀ ਤਰ੍ਹਾਂ ਇੱਕਜੁੱਟ ਹੈ।ਪੰਜਾਬ ਸਟੇਟ ਯੂਨੀਵਰਸਿਟੀ ਬੁੱਕ ਬੋਰਡ ਦੀ ਸਾਰਿਆਂ ਸੂਬਿਆਂ ਦੇ ਵਿਚ ਖੇਤਰੀ ਭਾਸ਼ਾਵਾਂ ਦੇ ਵਿਕਾਸ ਦੀ ਯੋਜਨਾ ਸੀ। ਪੰਜਾਬ ਵਿਧਾਨ ਸਭਾ ਵਿਚ ਇਕ ਐਕਟ ਨੂੰ ਪਾਸ ਕਰਕੇ ਇਹ ਮਹਿਕਮਾ ਹੋਂਦ ਵਿਚ ਲਿਆਂਦਾ ਗਿਆ ਸੀ, ਜਿਸ ਦਾ ਮੁੱਖ ਮਕਸਦ ਪੰਜਾਬੀ ਦੀਆਂ ਪੁਸਤਕਾਂ ਦੀ ਛਪਾਈ ਕਰਕੇ ਵਿਦਿਆਰਥੀਆਂ ਤੱਕ ਸਸਤੇ ਰੇਟਾਂ ’ਤੇ ਮੁਹੱਈਆ ਕਰਵਾਉਣਾ ਸੀ।
ਵੱਖ-ਵੱਖ ਵਿਸ਼ਿਆਂ ਦੀਆਂ 400 ਤੋਂ ਵੱਧ ਮੌਲਿਕ ਅਤੇ ਸਿਲੇਬਸ ਦੀਆਂ ਪੁਸਤਕਾਂ ਛਾਪ ਕੇ ਇਹ ਪੰਜਾਬੀ ਭਾਸ਼ਾ ਦੀ ਝੋਲੀ ਭਰ ਚੁੱਕਾ ਹੈ। ਗਿਆਨੀ ਲਾਲ ਸਿੰਘ, ਸਰਦਾਰ ਸੂਬਾ ਸਿੰਘ, ਸਰਦਾਰ ਕਰਤਾਰ ਸਿੰਘ ਦੁੱਗਲ, ਡਾਕਟਰ ਅਤਰ ਸਿੰਘ, ਪ੍ਰੋ. ਪਿ੍ਰਥੀਵਾਲ ਸਿੰਘ ਕਪੂਰ ਵਰਗੇ ਉਘੇ ਲੇਖਕ ਇਸ ਸੰਸਥਾ ਨਾਲ ਜੁੜੇ ਰਹੇ। ਜਿਨ੍ਹਾਂ ਦੀ ਅਗਵਾਈ ਅਤੇ ਸਲਾਹ ਨਾਲ ਇਹ ਆਪਣਾ ਕੰਮ ਵਧੀਆ ਤਰੀਕੇ ਨਾਲ ਕਰਦਾ ਰਿਹਾ ਹੈ।
ਕੁੱਝ ਸਾਲਾਂ ਤੋਂ ਸਟਾਫ਼ ਦੀ ਅਣਹੋਂਦ ਕਾਰਨ ਅਤੇ ਖਾਸ ਕਰਕੇ ਅਤੇ ਵਧੀਆ ਅਕਾਦਮਿਕ ਮੁਖੀ ਦੀ ਘਾਟ ਕਾਰਨ ਇਸ ਮਹਿਕਮੇ ਵਿਚ ਨਿਘਾਰ ਹੁੰਦਾ ਚਲਾ ਗਿਆ। ਇਸ ਸਮੇਂ ਸਰਕਾਰਾਂ ਵੱਲੋਂ ਇਸ ਨੂੰ ਮੁੜ ਸੁਰਜੀਤ ਕਰਨ ਦੇ ਫੈਸਲੇ ਲਏ ਗਏ। ਇਸ ਤੋਂ ਜ਼ਿਆਦਾ ਕੌੜੀ ਸੱਚਾਈ ਇਹ ਹੈ ਕਿ ਇਸ ਨੂੰ ਬੰਦ ਕਰਨ ਦੇ ਯਤਨ ਵੀ ਕੀਤੇ ਗਏ। ਪਰੰਤੂ ਪੰਜਾਬ ਵਿਚ ਪੰਜਾਬੀ ਦੇ ਇਕ ਮਹਿਕਮੇ ਨੂੰ ਬੰਦ ਕਰਨਾ ਹਰ ਸਰਕਾਰ ਲਈ ਕੌੜਾ ਘੁੱਟ ਭਰਨ ਦੇ ਬਰਾਬਰ ਸੀ। ਫਿਰ ਉਦੋਂ ਜਦੋਂ ਕੇਂਦਰ ਸਰਕਾਰ ਵੀ ਬਰਾਬਰ ਦੀ ਭਾਈਵਾਲ ਹੋਵੇ।
ਹੁਣ ਇਹ ਗੱਲ ਵੀ ਨੋਟਿਸ ’ਚ ਆਈ ਹੈ ਕਿ ਪੰਜਾਬ ਸਰਕਾਰ ਦੀ ਅੱਖ ਇਸ ਦੀਆਂ ਬੱਚਤਾਂ ਤੇ ਫੰਡ ਉਪਰ ਹੈ। ਜੋ ਕੇਂਦਰ ਸਰਕਾਰ ਦੇ ਵੱਲੋਂ ਮਿਲੀ ਸਹਾਇਤਾ ਨਾਲ ਪੁਸਤਕਾਂ ਦੀ ਵਿਕਰੀ ਨਾਲ ਇਕੱਤਰ ਹੋਇਆ ਹੈ। ਇਹ ਵੀ ਇਕ ਕੌੜੀ ਸਚਾਈ ਹੈ ਕਿ ਜਦੋਂ ਕਈ ਕਈ ਸਾਲ ਤੱਕ ਸਰਕਾਰਾਂ ਵੱਲੋਂ ਇਸ ਨੂੰ ਫੰਡ ਜਾਰੀ ਨਹੀਂ ਕੀਤੇ ਗਏ ਤਾਂ ਇਸ ਨੇ ਆਪਣੀਆਂ ਬੱਚਤਾਂ ਵਿਚੋਂ ਖਰਚ ਕਰਕੇ ਆਪਣੀ ਹੋਂਦ ਹੀ ਬਰਕਾਰ ਨਹੀਂ ਰੱਖੀ ਸਗੋਂ ਬਹੁਤ ਵਧੀਆ ਕੰਮ ਕਰਕੇ ਵਿਖਾਇਆ। ਪੰਜਾਬੀ ਲੇਖਕ ਸਭਾ ਦੀ ਸਰਕਾਰ ਨੂੰ ਬੇਨਤੀ ਹੈ ਕਿ ਇਸ ਸੰਸਥਾ ਨੂੰ ਮਰਨ ਨਾ ਦਿੱਤਾ ਜਾਵੇ ਬਲਕਿ ਉਚੇਚਾ ਧਿਆਨ ਦੇ ਕੇ ਇਸ ਨੂੰ ਮੁੜ ਆਪਣੇ ਪੈਰਾਂ ’ਤੇ ਕੀਤਾ ਜਾਵੇ।