ਪੰਜਾਬ ਤੋਂ ਕਿਸਾਨਾਂ ਦੇ ਸੈਂਕੜੇ ਜਥੇ ਦਿੱਲੀ-ਮੋਰਚਿਆਂ ਲਈ ਰਵਾਨਾ
Posted on:- 10-05-2021
ਖੇਤੀ-ਕਾਨੂੰਨ ਰੱਦ ਕਰਵਾਉਣ ਤੱਕ ਡਟੇ ਰਹਾਂਗੇ : ਕਿਸਾਨ ਆਗੂ
ਚੰਡੀਗੜ੍ਹ : ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤਹਿਤ ਪੰਜਾਬ ਭਰ 'ਚੋਂ ਕਿਸਾਨਾਂ ਦੇ ਸੈਂਕੜੇ ਜਥੇ ਸ਼ੰਭੂ ਅਤੇ ਖਨੌਰੀ ਪੰਜਾਬ-ਹਰਿਆਣਾ ਬਾਰਡਰ ਰਾਹੀਂ ਦਿੱਲੀ ਲਈ ਰਵਾਨਾ ਹੋਏ। ਸੰਗਰੂਰ, ਲੁਧਿਆਣਾ, ਮਾਨਸਾ, ਬਰਨਾਲਾ, ਪਟਿਆਲਾ, ਜਲੰਧਰ, ਨਵਾਂਸ਼ਹਿਰ ਅਤੇ ਰੋਪੜ ਜਿਲ੍ਹਿਆਂ ਦੇ ਕਿਸਾਨਾਂ ਨੇ ਟਰੈਕਟਰ-ਟਰਾਲੀਆਂ, ਬੱਸਾਂ, ਕਾਰਾਂ ਰਾਹੀਂ ਵੱਖ-ਵੱਖ ਥਾਵਾਂ 'ਤੇ ਇਕੱਠੇ ਹੁੰਦਿਆਂ ਕੇਂਦਰ-ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪ੍ਰਣ ਕੀਤਾ ਕਿ ਖੇਤੀ-ਕਾਨੂੰਨ ਰੱਦ ਕਰਵਾਉਣ ਤੱਕ ਕੇਂਦਰ-ਸਰਕਾਰ ਖ਼ਿਲਾਫ਼ ਡਟੇ ਰਹਿਣਗੇ। ਗਰਮੀ ਦਾ ਮੌਸਮ ਵੇਖਦਿਆਂ ਕਿਸਾਨ ਪੱਖੇ, ਕੂਲਰ ਅਤੇ ਮੱਛਰਦਾਨੀਆਂ ਸਮੇਤ ਹੋਰ ਜ਼ਰੂਰੀ ਸਮਾਨ ਲੈ ਕੇ ਕਿਸਾਨਾਂ ਨੇ ਲੰਮੇ ਸਮੇਂ ਤੱਕ ਡਟੇ ਰਹਿਣ ਦਾ ਐਲਾਨ ਕੀਤਾ ਹੈ।ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਅੰਦੋਲਨ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ ਜਾਵੇਗਾ, ਸਗੋਂ ਹਰ ਵਰਗ ਦੀ ਸ਼ਮੂਲੀਅਤ ਕਰਵਾਉਂਦਿਆਂ ਅੰਦੋਲਨ ਨੂੰ ਜਿੱਤ ਤੱਕ ਲੈ ਕੇ ਜਾਵਾਂਗੇ।
ਕਿਸਾਨ-ਆਗੂਆਂ ਨੇ ਕਿਹਾ ਕਿ ਕਿਸਾਨਾਂ ਵਲੋਂ ਕਾਲੇ ਕਾਨੂੰਨਾਂ ਵਿਰੁੱਧ ਕੀਤਾ ਜਾ ਸੰਘਰਸ਼ ਸਮੂਹ ਲੋਕਾਂ ਲਈ ਹੈ, ਕਿਉਂਕਿ ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਜਿੱਥੇ ਜ਼ਮੀਨਾਂ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋਵੇਗਾ, ਉਥੇ ਅਨਾਜ ਸਬਜ਼ੀਆਂ, ਦਾਲਾਂ, ਮਸਾਲੇ ਅਤੇ ਹੋਰ ਖਾਧ ਪਦਾਰਥ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਣਗੇ। ਜਿਸ ਕਾਰਨ ਭੁੱਖ ਮਰੀ ਵਿਚ ਵਾਧਾ ਹੋਵੇਗਾ ਅਤੇ ਲੋਕਾਂ ਦੇ ਜੀਵਨ ਪੱਧਰ ਵਿਚ ਗਿਰਾਵਟ ਆਵੇਗੀ। ਇਸ ਲਈ ਹੁਣ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਛੋਟੇ ਕਾਰੋਬਾਰੀਆਂ ਦਾ ਏਕਾ ਉਸਾਰਨਾ ਸਮੇਂ ਦੀ ਅਹਿਮ ਲੋੜ ਹੈ।
ਸੀਨੀਅਰ ਕਿਸਾਨ-ਆਗੂ ਹਰਮੀਤ ਸਿੰਘ ਕਾਦੀਆਂ, ਹਰਿੰਦਰ ਸਿੰਘ ਲੱਖੋਵਾਲ, ਬਲਬੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਬਹਿਰੂ ਅਤੇ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ 400 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਕੇਂਦਰ-ਸਰਕਾਰ ਵੱਲੋਂ ਅੰਦੋਲਨ ਪ੍ਰਤੀ ਧਾਰੀ ਬੇਰੁਖੀ ਸਾਬਤ ਕਰਦੀ ਹੈ ਕਿ ਸਰਕਾਰ ਮਸਲਿਆਂ ਦਾ ਹੱਲ ਕਰਨ ਲਈ ਸੁਹਿਰਦ ਨਹੀਂ।
ਭਲਕੇ 12 ਮਈ ਨੂੰ ਵੀ ਪੰਜਾਬ-ਹਰਿਆਣਾ ਤੋਂ ਕਿਸਾਨਾਂ ਦੇ ਜਥੇ ਸਿੰਘੂ ਅਤੇ ਟਿਕਰੀ ਬਾਰਡਰ ਲਈ ਰਵਾਨਾ ਹੋਣਗੇ।
ਸੰਯੁਕਤ ਕਿਸਾਨ ਮੋਰਚਾ 'ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਦੇ ਪੱਕੇ-ਧਰਨਿਆਂ ਦੇ 221ਵੇਂ ਦਿਨ ਵੀ ਵੀ ਜੋਸ਼ੋ-ਖ਼ਰੋਸ਼ ਨਾਲ ਜਾਰੀ ਰਹੇ। 3 ਖੇਤੀ ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨਾਂ ਦਾ ਜ਼ਜ਼ਬਾ ਬਰਕਰਾਰ ਹੈ।
ਪੰਜਾਬ ਭਰ 'ਚ 108 ਥਾਵਾਂ- ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ 'ਚ ਲਗਾਤਾਰ ਕੇਂਦਰ-ਸਰਕਾਰ ਖ਼ਿਲਾਫ਼ ਨਾਅਰੇ ਗੂੰਜ ਰਹੇ ਹਨ।
ਕਿਸਾਨੀ-ਧਰਨਿਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਦਿਨਾਂ ਦੀ ਗਿਣਤੀ ਸਾਡੇ ਲਈ ਕੋਈ ਅਹਿਮੀਅਤ ਨਹੀਂ ਰੱਖਦੀ। ਸਾਡਾ ਇਕੋ ਇੱਕ ਨਿਸ਼ਾਨਾ ਆਪਣੀਆਂ ਮੰਗਾਂ ਮਨਵਾਉਣਾ ਹੈ ਜਿਸ ਲਈ ਚਾਹੇ ਸਾਨੂੰ ਆਪਣਾ ਅੰਦੋਲਨ ਕਿੰਨੇ ਵੀ ਲੰਬੇ ਸਮੇਂ ਲਈ ਕਿਉਂ ਨਾ ਚਲਾਉਣਾ ਪਵੇ। ਸਰਕਾਰ ਦੀ ਮਨਸ਼ਾ ਹੈ ਕਿ ਕਿਸਾਨ ਥੱਕ ਹਾਰ ਕੇ ਵਾਪਸ ਚਲੇ ਜਾਣ। ਉਹ ਸਾਡਾ ਸਿਦਕ ਤੇ ਸਿਰੜ ਪਰਖਣਾ ਚਾਹੁੰਦੇ ਹਨ ਅਤੇ ਅਸੀਂ ਇਸ ਪਰਖ ਵਿੱਚ ਜ਼ਰੂਰ ਕਾਮਯਾਬ ਹੋਵਾਂਗੇ।