ਬਰਨਬੀ ਦੀ ਸਿਟੀ ਕਾਉਂਸਲ ਵੱਲੋਂ ਕਿਸਾਨ ਸੰਘਰਸ਼ ਦੇ ਹੱਕ ਵਿੱਚ ਮਤਾ
Posted on:- 20-04-2021
ਬਰਨਬੀ, ਬ੍ਰਿਟਿਸ਼ ਕੋਲੰਬੀਆ (ਸੁਖਵੰਤ ਹੁੰਦਲ): ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਬਰਨਬੀ ਦੀ ਸਿਟੀ ਕਾਉਂਸਲ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਦੇ ਹੱਕ ਵਿੱਚ 12 ਅਪ੍ਰੈਲ ਨੂੰ ਇਕ ਮਤਾ ਪਾਸ ਕੀਤਾ ਹੈ। ਢਾਈ ਲੱਖ ਦੀ ਅਬਾਦੀ ਵਾਲੇ ਇਸ ਸ਼ਹਿਰ ਦੀ ਕਾਉਂਸਲ ਵੱਲੋਂ ਪਾਸ ਕੀਤੇ ਇਸ ਮਤੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਬਹੁਗਿਣਤੀ ਕਿਸਾਨਾਂ ਵੱਲੋਂ ਭਾਰਤ ਸਰਕਾਰ ਵੱਲੋਂ ਖੇਤੀ ਸਨਅਤ ਨਾਲ ਸੰਬੰਧਿਤ ਕੀਤੀਆਂ ਤਬਦੀਲੀਆਂ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਇਹ ਤਬਦੀਲੀਆਂ ਉਨ੍ਹਾਂ ਲੱਖਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਜਿ਼ੰਦਗੀਆਂ ਲਈ ਖਤਰਾ ਹਨ, ਜਿਹਨਾਂ ਦੀ ਆਮਦਨ ਦਾ ਮੁੱਖ ਸ੍ਰੋਤ ਖੇਤੀ ਨਾਲ ਜੁੜਿਆ ਹੋਇਆ ਹੈ। ਇਹ ਕਾਨੂੰਨੀ ਤਬਦੀਲੀਆਂ ਸਿਰਫ ਭਾਰਤੀ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਣਗੀਆਂ ਸਗੋਂ ਉਨ੍ਹਾਂ ਦੇਸ਼ਾਂ ਦੀ ਖੁਰਾਕ ਸੁਰੱਖਿਆ (ਫੂਡ ਸਿਕਿਉਰਟੀ) ਨੂੰ ਵੀ ਸੰਕਟ ਵਿੱਚ ਪਾਉਣਗੀਆਂ ਜਿਹੜੇ ਦੇਸ਼ ਭਾਰਤ ਨਾਲ ਖੇਤੀ ਦੀਆਂ ਜਿਣਸਾਂ ਦਾ ਵਪਾਰ ਕਰਦੇ ਹਨ।
ਮਹਾਂਮਾਰੀ ਦੀਆਂ ਭਿਆਨਕ ਸਥਿਤੀਆਂ ਦੇ ਹੁੰਦੇ ਹੋਏ ਵੀ ਲੱਖਾਂ ਕਿਸਾਨਾਂ ਅਤੇ ਉਨ੍ਹਾਂ ਦੇ ਹਿਮਾਇਤੀਆਂ ਨੇ ਆਾਪਣੇ ਪਰਿਵਾਰਾਂ, ਜ਼ਮੀਨਾਂ, ਫਸਲਾਂ ਅਤੇ ਪਸ਼ੂਆਂ ਤੋਂ ਦੂਰ ਅਸਿਹ ਹਾਲਤਾਂ ਵਿੱਚ ਸ਼ਾਂਤਮਈ ਰੋਸ ਪ੍ਰਗਟ ਕਰਦਿਆਂ ਆਪਣੀਆਂ ਜਿ਼ੰਦਗੀਆਂ ਨੂੰ ਖਤਰੇ ਵਿੱਚ ਪਾਇਆ ਹੋਇਆ ਹੈ ਅਤੇ ਆਪਣੀ ਰੋਜ਼ੀ ਰੋਟੀ ਦੇ ਬਚਾਅ ਲਈ ਨਿਆਂਕਾਰੀ ਅਤੇ ਉਚਿਤ ਕਾਨੂੰਨ ਦੀ ਮੰਗ ਕਰਦਿਆਂ ਸੈਂਕੜੇ ਮੁਜ਼ਾਹਰਾਕਾਰੀ ਆਪਣੀਆਂ ਜਿ਼ੰਦਗੀਆਂ ਗੁਆ ਚੁੱਕੇ ਹਨ।
ਜਦੋਂ ਵੀ ਕਿਸੇ ਕਾਨੂੰਨ ਦਾ ਵਿਸ਼ਵ ਪੱਧਰ ‘ਤੇ ਵਿਰੋਧ ਹੋ ਰਿਹਾ ਹੋਵੇ, ਉਦੋਂ ਲੋਕਤੰਤਰ ਢੰਗ ਨਾਲ ਚੁਣੀ ਸਰਕਾਰ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸ ਬਾਰੇ ਇਮਾਨਦਾਰੀ ਨਾਲ ਪ੍ਰਤੀਕਰਮ ਕਰੇ।
ਲੋਕਾਂ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਜ਼ੋਰਦਾਰ ਹਿਮਾਇਤੀ ਹੁੰਦਿਆਂ ਹੋਇਆਂ ਬਰਨਬੀ ਦੀ ਸਿਟੀ ਕਾਊਂਸਲ (ਭਾਰਤ ਸਰਕਾਰ ਵੱਲੋਂ) ਸ਼ਾਂਤਮਈ ਮੁਜ਼ਾਹਰਾਕਾਰੀਆਂ ਨਾਲ ਕੀਤੇ ਜਾ ਰਹੇ ਸਖਤ ਵਰਤਾਅ ਦਾ ਵਿਰੋਧ ਕਰਦੀ ਹੈ ਅਤੇ ਭਾਰਤ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦੀ ਹੈ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬੇਨਤੀ ਕਰਦੀ ਹੈ ਕਿ ਉਹ ਭਾਰਤ ਸਰਕਾਰ ਨੂੰ ਕਹੇ ਕਿ ਉਹ ਪੀੜਿਤ ਕਿਸਾਨਾਂ ਦੀਆਂ ਸਿ਼ਕਾਇਤਾਂ ਦਾ ਹੱਲ ਲੱਭਣ ਲਈ ਉਨ੍ਹਾਂ ਨਾਲ ਫੌਰੀ ਤੌਰ ‘ਤੇ ਗੱਲਬਾਤ ਕਰੇ।