ਹਰ ਕੋਈ ਮਾਣ ਕਰੇਗਾ ਅਜਿਹੇ ਸੰਗਮ ਨੂੰ ਵੇਖ ਕੇ –ਨਰਾਇਣ ਦੱਤ
Posted on:- 09-03-2021
ਸੈਂਕੜੇ ਕਿਸਾਨ ਔਰਤਾਂ ਦੇ ਕਾਫਲੇ ਜਦ ਕੱਲ੍ਹ ਦਾਣਾ ਮੰਡੀ ਧਨੌਲਾ ਤੋਂ ਦਿੱਲੀ ਟਿੱਕਰੀ ਬਾਰਡਰ ਵੱਲ ਰਵਾਨਾ ਕੀਤੇ ਤਾਂ ਅਜਿਹਾ ਜਾਪਦਾ ਸੀ ਕਿ ਸਰਗਰਮ ਕਿਸਾਨ ਔਰਤਾਂ ਦੀ ਗੈਰ ਮੌਜੂਦਗੀ ਵਿੱਚ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਮਨਾਏ ਜਾਣ ਵਾਲੇ ਕੌਮਾਂਤਰੀ ਔਰਤ ਦਿਵਸ ਸਮੇਂ ਔਰਤ ਦੀ ਗਿਣਤੀ ਘਟ ਤਾਂ ਨਹੀਂ ਜਾਵੇਗੀ। ਪਰ ਅੱਜ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਹਰ ਵਰਗ ਦੀਆਂ ਹਜਾਰਾਂ ਦੀ ਤਾਦਾਦ ਵਿੱਚ ਜੁਝਾਰੂ ਔਰਤਾਂ ਦੇ ਕਾਫਲੇ ਇਹ ਸਾਰੀਆਂ ਗਿਣਤੀਆਂ-ਮਿਣਤੀਆਂ ਪੁੱਠੀਆਂ ਪਾ ਦਿੱਤੀਆਂ। ਬਰਨਾਲਾ ਦੇ ਧਰਤੀ ਤੇ ਕਿਸਾਨ-ਮਜਦੂਰ ਔਰਤਾਂ, ਅਧਿਆਪਕਾਵਾਂ, ਸਕੂਲ, ਕਾਲਜ ਦੀਆਂ ਵਿਦਿਆਰਥਣਾਂ ਸਮੇਤ ਹਰ ਵਰਗ ਦੀਆਂ ਔਰਤਾਂ ਨੇ ਨਵੇਂ ਕੀਰਤੀਮਾਨ ਵੀ ਸਥਾਪਤ ਕਰ ਦਿੱਤੇ।ਅਜਿਹਾ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਮਹੀਨਿਆਂ ਬੱਧੀ ਸਮੇਂ ਤੋਂ ਚੱਲ ਰਹੇ ਸਿੱਧੇ ਕਿਸਾਨ/ਲੋਕ ਸੰਘਰਸ਼ ਅਤੇ 1990-91 ਤੋਂ ਸਾਮਰਾਜੀ ਮੁਲਕਾਂ ਦੇ ਹਿੱਤਾਂ ਦੀ ਰਾਖੀ ਲਈ ਕਾਇਮ ਵਿਸ਼ਵ ਵਪਾਰ ਸੰਸਥਾ ਦੇ ਦਿਸ਼ਾ ਨਿਰਦੇਸ਼ਨਾਂ ਤਹਿਤ ਲਾਗੂ ਕੀਤੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ਸ਼ੀਲ ਤਬਕਿਆਂ ਨੂੰ ਚੇਤੰਨ ਹੋਕੇ ਜਥੇਬੰਦ ਹੋਕੇ ਸੰਘਰਸ਼ਾਂ ਦਾ ਪਿੜ ਮੱਲਣ ਲਈ ਕੀਤੀਆਂ ਜਾ ਰਹੀਆਂ ਚੇਤੰਨ ਕੋਸ਼ਿਸ਼ਾਂ ਦਾ ਸਿੱਟਾ ਹੈ।
ਮੌਜੂਦਾ ਜ਼ਮੀਨਾਂ ਸਮੇਤ ਪੇਂਡੂ ਸੱਭਿਅਤਾ ਸਮੇਤ ਹੋਂਦ ਦੀ ਰਾਖੀ ਲਈ ਚੱਲ ਰਹੀ ਜੱਦੋਜੋਿਹਦ ਦੀ ਚੁਣੌਤੀ ਭਲੇ ਹੀ ਵਡੇਰੀ ਹੈ।ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦ ਵੀ ਔਰਤਾਂ ਨੇ ਚੇਤੰਨ ਰੂਪ`ਚ ਸੰਘਰਸ਼ਾਂ ਵਿੱਚ ਸ਼ਮੂਲੀਅਤ ਕਰਨ ਸਮੇਤ ਅਗਵਾਈ ਕਰਨ ਦਾ ਬੀੜਾ ਚੁੱਕਿਆ ਹੈ ਤਾਂ ਹਕੂਮਤਾਂ ਨੂੰ ਝੁਕਣਾ ਪਿਆ ਹੈ। ਹੁਣ ਵਾਲੇ ਸੰਘਰਸ਼ ਵਿੱਚ ਕਿਸਾਨ ਔਰਤਾਂ ਸਮੇਤ ਹੋਰਨਾਂ ਚੇਤੰਨ ਵਰਗ ਦੀਆਂ ਔਰਤਾਂ ਦਾ ਯੋਗਦਾਨ ਭਵਿੱਖ ਦੀਆਂ ਚੁਣੌਤੀਆਂ ਦਾ ਦ੍ਰਿੜਤਾ ਨਾਲ ਟਾਕਰਾ ਕਰਨ ਦੀ ਸਮਰੱਥਾ ਰੱਖਦਾ ਹੈ।
ਭਲੇ ਹੀ ਔਰਤਾਂ ਨੂੰ ਮਰਦ ਸਮਾਜ ਅੰਦਰ ਜਾਬਰ ਹਕੂਮਤੀ ਢਾਚੇ ਵੱਲੋਂ ਬਹੁਤ ਪਛੜਿਆਂ ਰੱਖਿਆ ਹੋਇਆ ਹੈ। ਪਰ ਜਥੇਬੰਦ ਸੰਘਰਸ਼ਾਂ ਦੀ ਸੋਝੀ ਦਾ ਹੋਇਆ ਸੰਚਾਰ ਭਵਿੱਖ ਦੇ ਗਰਭ ਵਿੱਚ ਵੱਡੀਆਂ ਸੰਭਾਵਨਾਵਾਂ ਸਮੋਈ ਬੈਠਾ ਹੈ। ਸਲਾਮ ਹੈ! ਜੁਝਾਰੂ ਭੈਣਾਂ ਨੂੰ, ਜਿਨ੍ਹਾਂ ਲਈ ਪ੍ਰਬੰਧਕ ਭੈਣਾਂ ਨੂੰ ਪੰਡਾਲ ਵਿੱਚ ਵਾਰ-ਵਾਰ ਮਰਦ ਕਿਸਾਨਾਂ ਨੂੰ ਥਾਂ ਖਾਲੀ ਕਰਨ ਲਈ ਕਹਿਣਾ ਪੈ ਰਿਹਾ ਸੀ। ਕੌੰਮਾਂਤਰੀ ਔਰਤ ਦਿਵਸ ਮੌਕੇ ਕਨਵੈਨਸ਼ਨ ਤੋਂ ਬਾਅਦ ਸ਼ਹਿਰ ਵਿੱਚ ਕੀਤੇ ਵਿਸ਼ਾਲ ਰੋਸ ਮਾਰਚ ਵਿੱਚ ਮੋਦੀ ਹਕੂਮਤ ਖਿਲਾਫ ਰੋਹ ਦੀ ਜਵਾਲਾ ਫੁੱਟ ਫੁੱਟ ਪੈਂਦੀ ਨਵੇਂ ਸੂਰਜ ਚੜ੍ਹਨ ਦੀ ਲਾਲੀ ਦਾ ਸਪਸ਼ਟ ਸੰਦੇਸ਼ ਸੀ।
ਸਲਾਮ ਇਨ੍ਹਾਂ ਕਦਮਾਂ ਨੂੰ!!
ਪਾਸ਼ ਦੀਆਂ ਸਤਰਾਂ ਸੱਚ ਹੀ ਆਖਦੀਆਂ ਹਨ
ਦੋ ਸਾਲ, ਦਸ ਸਾਲ ਬਾਅਦ
ਸਵਾਰੀਆਂ ਫਿਰ ਕਿਸੇ ਟਿਕਟ-ਕੱਟ ਤੋਂ ਪੁੱਛਣਗੀਆਂ
“ ਇਹ ਕਿਹੜੀ ਥਾਂ ਹੈ?
ਮੈਨੂੰ ਬਰਨਾਲੇ ਉਤਾਰ ਦੇਣਾ
ਜਿੱਥੇ ਹਰੇ ਘਾਹ ਦਾ ਜੰਗਲ ਹੈ।
ਮੈਂ ਘਾਹ ਹਾਂ,ਮੈਂ ਆਪਣਾ ਕੰਮ ਕਰਾਂਗਾ
ਮੈਂ ਤੁਹਾਡੇ ਕੀਤੇ ਕਰਾਏਤੇ ਉੱਗ ਆਵਾਂਗਾ