ਖੇਤੀ-ਆਰਡੀਨੈਂਸ : ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗ
Posted on:- 08-09-2020
ਸੰਗਰੂਰ : ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੀ ਜ਼ਿਲ੍ਹਾ-ਪੱਧਰੀ ਮੀਟਿੰਗ ਗੁਰਦੁਆਰਾ ਸਾਹਿਬ, ਮਸਤੂਆਣਾ ਵਿਖੇ ਸੂਬਾ-ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 14 ਸਤੰਬਰ ਨੂੰ ਬਰਨਾਲਾ ਵਿਖੇ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ 'ਤੇ ਕੀਤੀ ਜਾਣ ਵਾਲੀ ਕਿਸਾਨ-ਰੈਲੀ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ-ਕਮੇਟੀ ਵੱਲੋਂ ਤੈਅ ਕੀਤਾ ਗਿਆ ਕਿ ਸੰਗਰੂਰ, ਭਵਾਨੀਗੜ੍ਹ, ਸੁਨਾਮ, ਸ਼ੇਰਪੁਰ, ਧੂਰੀ ਅਤੇ ਲੌਂਗੋਵਾਲ ਇਲਾਕਿਆਂ 'ਚੋਂ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਭਾਕਿਯੂ-ਡਕੌਂਦਾ ਦੀ ਅਗਵਾਈ 'ਚ ਰੈਲੀ 'ਚ ਸ਼ਮੂਲੀਅਤ ਕਰਨਗੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਭੱਟੀਵਾਲ ਨੇ ਕਿਹਾ ਕਿ ਦੱਸਿਆ ਕਿ ਪਾਰਲੀਮੈਂਟ ਦੇ ਸੈਸ਼ਨ ਦੇ ਪਹਿਲੇ ਦਿਨ 14 ਸਤੰਬਰ ਨੂੰ ਪਾਰਲੀਮੈਂਟ ਦੇ ਸਾਹਮਣੇ ਕੌਮੀ ਵਰਕਿੰਗ ਗਰੁੱਪ ਦੀ ਅਗਵਾਈ 'ਚ ਕਿਸਾਨ ਸੰਕੇਤਕ ਰੋਸ-ਮੁਜ਼ਾਹਰਾ ਕਰਨ ਦੇ ਨਾਲ-ਨਾਲ ਪੰਜਾਬ ਵਿੱਚ 5 ਥਾਵਾਂ ਅੰਮ੍ਰਿਤਸਰ, ਫਗਵਾੜਾ, ਬਰਨਾਲਾ, ਪਟਿਆਲਾ ਅਤੇ ਮੋਗਾ ਵਿਖੇ ਵਿਸ਼ਾਲ ਕਿਸਾਨ ਰੈਲੀਆਂ ਕੀਤੀਆ ਜਾਣਗੀਆਂ ਅਤੇ 3 ਖੇਤੀ-ਆਰਡੀਨੈਂਸਾਂ ਸਮੇਤ ਬਿਜਲੀ-ਐਕਟ-2020 ਤੁਰੰਤ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਕਿਸਾਨ ਵਿਰੋਧੀ ਆਰਡੀਨੈਸਾਂ ਅਤੇ ਬਿਜਲੀ (ਸੋਧ )ਬਿੱਲ ਵਿਰੁੱਧ ਮਤਾ ਪਾਸ ਕਰਨ ਨੂੰ ਕਿਸਾਨ ਸੰਘਰਸ਼ ਦੀ ਅੰਸ਼ਕ-ਜਿੱਤ ਕਰਾਰ ਦਿੱਤਾ, ਜੋ ਕਿ 27 ਜੁਲਾਈ ਅਤੇ 10 ਅਗਸਤ ਨੂੰ ਕੀਤੇ ਵਿਰੋਧ-ਪ੍ਰਦਰਸ਼ਨਾਂ ਦਾ ਸਿੱਟਾ ਹੈ। ਉਹਨਾਂ ਦੱਸਿਆ ਕਿ ਮੋਦੀ-ਸਰਕਾਰ ਸਰਕਾਰੀ ਖ੍ਰੀਦ ਤੋਂ ਭੱਜ ਰਹੀ ਹੈ ਅਤੇ ਅਕਾਲੀ-ਭਾਜਪਾ ਆਗੂ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਕਿਉਂਕਿ ਜੋ ਗਿੱਦੜ-ਚਿੱਠੀ ਸੁਖਬੀਰ ਸਿੰਘ ਬਾਦਲ ਘੁਮਾ ਰਹੇ ਹਨ, ਉਸ 'ਚ ਇਹ ਸਪੱਸ਼ਟ ਹੈ ਕਿ ਖ੍ਰੀਦ ਦੀ ਜਿੰਮੇਵਾਰੀ ਰਾਜ-ਸਰਕਾਰਾਂ 'ਤੇ ਪਾਈ ਜਾ ਰਹੀ ਹੈ ਅਤੇ ਨਿੱਜੀ-ਖੇਤਰ ਦੀਆਂ ਕੰਪਨੀਆਂ ਨੂੰ ਬਿਨਾਂ ਰੋਕ-ਟੋਕ ਤੋਂ ਜਿਣਸਾਂ ਦੀ ਖ੍ਰੀਦ ਸਬੰਧੀ ਖੁੱਲ੍ਹ ਦਿੱਤੀ ਗਈ ਹੈ।
ਉਹਨਾਂ ਜਥੇਬੰਦੀਆ ਵੱਲੋਂ ਚਿਤਵਨੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਫੌਰੀ ਤੌਰ 'ਤੇ ਸੀ ਸੀ ਐਲ ਜਾਰੀ ਕਰੇ। ਸਰਕਾਰੀ ਖਰੀਦ ਲੇਟ ਹੋਣ ਦੀ ਸੂਰਤ ਵਿੱਚ , ਆਰਡੀਨੈਸ ਰੱਦ ਕਰਵਾਉਣ ਅਤੇ ਬਿਜਲੀ (ਸੋਧ)ਬਿੱਲ ਦੀ ਵਾਪਸੀ ਲਈ, ਫਸਲਾਂ ਦੇ ਭਾਅ ਡਾ. ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਲੈਣ, ਅਤੇ ਕਰਜ਼ਾ ਮੁਆਫੀ ਆਦਿ ਮੰਗਾਂ ਲਈ ਆਰ-ਪਾਰ ਦੀ ਲੜਾਈ ਲੜੀ ਜਾਵੇਗੀ, ਜਿਸਦੀ ਤਿਆਰੀ ਕੇਂਦਰ ਸਰਕਾਰ ਨੂੰ 14 ਸਤੰਬਰ ਨੂੰ ਹੋਣ ਵਾਲੀਆਂ ਵਿਸ਼ਾਲ-ਰੈਲੀਆਂ 'ਚ ਦਿਖ ਜਾਵੇਗੀ। ਇਸ ਮੌਕੇ ਕਰਮ ਸਿੰਘ ਬਲਿਆਲ, ਰਣਧੀਰ ਸਿੰਘ ਭੱਟੀਵਾਲ, ਨਛੱਤਰ ਸਿੰਘ ਝਨੇੜੀ ਸੰਤ ਰਾਮ ਛਾਜਲੀ, ਗੁਰਮੇਲ ਸਿੰਘ ਲੌਂਗੋਵਾਲ ਅਤੇ ਬੁੱਧ ਸਿੰਘ ਬਾਲਦ ਕਲਾਂ ਨੇ ਵੀ ਸੰਬੋਧਨ ਕੀਤਾ।