‘ਸੂਹੀ ਸਵੇਰ’ ਦੂਜੇ ਵਰ੍ਹੇ `ਚ ਪ੍ਰਵੇਸ਼ !
Posted on:- 02-02-2013
ਸਮੁੱਚੀ ਦੁਨੀਆ `ਚ ਵਸਦੇ ਪੰਜਾਬੀਆਂ ਦੇ ਮਨਾਂ `ਚ ਅਹਿਮ ਥਾਂ ਬਣਾ ਚੁੱਕੀ ਵੈੱਬਸਾਈਟ `ਸੂਹੀ ਸਵੇਰ ਡਾੱਟ ਆਰਗ` ਆਪਣੇ ਪੁਨਰ -ਆਗਮਨ ਦਾ ਇੱਕ ਵਰ੍ਹਾ ਪੂਰਾ ਕਰਕੇ ਦੂਜੇ ਵਰ੍ਹੇ `ਚ ਪ੍ਰਵੇਸ਼ ਕਰ ਰਹੀ ਹੈ। 2 ਫਰਵਰੀ, 2013 ਨੂੰ ਇਸ ਨੂੰ ਪੂਰਾ ਇੱਕ ਸਾਲ ਹੋ ਜਾਵੇਗਾ।
ਪਹਿਲੇ ਵਰ੍ਹੇ `ਚ ਪੁੱਟੀਆਂ ਪੁਲਾਂਘਾਂ ਦਾ ਜ਼ਿਕਰ ਕਰਦਿਆਂ `ਸੂਹੀ ਸਵੇਰ ਡਾੱਟ ਆਰਗ` ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਨੇ ਕਿਹਾ "ਸੂਹੀ ਸਵੇਰ ਦਾ ਪਹਿਲਾ ਵਰ੍ਹਾ ਚੁਣੌਤੀਆਂ ਅਤੇ ਕਾਮਯਾਬੀਆਂ ਭਰਪੂਰ ਰਿਹਾ ਹੈ |" ਵੈੱਬਸਾਈਟ ਦੇ ਪਿਛੋਕੜ ਬਾਰੇ ਦਸਦਿਆਂ ਉਨ੍ਹਾਂ ਕਿਹਾ "`ਸੂਹੀ ਸਵੇਰ ਡਾੱਟ ਆਰਗ` ਸਤੰਬਰ 2010 `ਚ ਪਹਿਲੀ ਵਾਰ ਹੋਂਦ ਵਿਚ ਆਈ ਤੇ ਇਸਨੇ ਪ੍ਰੰਪਰਾਗਤ ਮੀਡੀਆ ਤੋਂ ਹੱਟ ਕੇ ਸਮਾਜਿਕ, ਰਾਜਨੀਤਿਕ,ਆਰਥਿਕ, ਸਾਹਿਤਕ, ਸੱਭਿਆਚਾਰਕ ਅਤੇ ਦਾਰਸ਼ਨਿਕ ਮਸਲਿਆਂ ’ਤੇ ਚਿੰਤਨ ਕਰਦੀਆਂ ਲਿਖਤਾਂ ਲੋਕਾਂ ਦੇ ਸਨਮੁਖ ਕੀਤੀਆਂ। ‘ਸੂਹੀ ਸਵੇਰ’ ਨੇ ਹਰ ਪੱਧਰ ਦੀ ਇੰਤਹਾਪਸੰਦੀ ਖ਼ਿਲਾਫ ਮੋਰਚਾ ਖੋਲ੍ਹਿਆ ; 5 ਦਸੰਬਰ, 2011 ਤੱਕ ਇਸਨੇ ਆਪਣੇ ਨਾਲ 30 ਹਜ਼ਾਰ ਤੋਂ ਵੱਧ ਲੋਕਾਂ ਨੂੰ ਜੋੜਿਆ ਪਰ 5 ਦਸੰਬਰ, 2011 ਦੀ ਸ਼ਾਮ ਨੂੰ ਹੀ ਧਾਰਮਿਕ ਕੱਟੜਪੰਥੀਆਂ ਨੇ ਇਸਦਾ ਸਰਵਰ ਅਤੇ ਸਾਈਟ ਨੂੰ ਤਬਾਹ ਕਰ ਦਿੱਤਾ। ਤਕਨਾਲੋਜੀ ਦੀ ਘਾਟ ਕਰਕੇ ਅਸੀਂ ਸਾਰੀਆਂ ਪੁਰਾਣੀਆਂ ਲਿਖਤਾਂ ਨੂੰ ਵੀ ਨਹੀਂ ਸਾਂਭ ਸਕੇ। ਕਰੀਬ ਦੋ ਮਹੀਨੇ ਬਾਅਦ ਇਹੀ ਵੈੱਬਸਾਈਟ 2 ਫਰਵਰੀ, 2012 ਨੂੰ ਆਪਣੇ ਨਵੇਂ ਸਿਰਿਓਂ ਨਵੇਂ ਰੂਪ `ਚ ਆਉਂਦੀ। ਮੁੱਢ ਤੋਂ ਦੁਬਾਰਾ ਪੈਰੀਂ ਖੜ੍ਹੀ ਕਰਨਾ ਇਕ ਚੁਣੋਤੀ ਭਰਿਆ ਕੰਮ ਸੀ ਪਰ ਇਸ ਚੁਣੌਤੀ ਨੂੰ ਕਬੂਲਦਿਆਂ ਅਸੀਂ ਪਹਿਲਾਂ ਤੋਂ ਵੀ ਵਧੇਰੀ ਤਾਕਤ ਨਾਲ ਲੋਕ-ਪੱਖੀ ਮੁੱਦਿਆਂ ਨੂੰ ਉਠਾਇਆ ਅਤੇ ਫਿਰਕੂ ਤਾਕਤਾਂ ਦਾ ਰਾਹ ਡੱਕਿਆ ਤੇ ਹਮੇਸ਼ਾ ਆਪਣੇ ਪਦ ਚਿਨ੍ਹਾਂ `ਤੇ ਚੱਲਦੀ ਰਹੇਗੀ |"
ਵੈੱਬਸਾਈਟ ਦੇ ਸੰਪਾਦਕ ਵਿਕਰਮ ਸਿੰਘ ਸੰਗਰੂਰ ਨੇ ਇਸ ਮੌਕੇ ਆਖਿਆ, “ `ਸੂਹੀ ਸਵੇਰ` ਹਮੇਸ਼ਾ ਚਿੰਤਨ ਤੇ ਸੰਵਾਦ ਦੀ ਮੁਦੱਈ ਬਣੀ ਰਹੇਗੀ। ਸਾਡੀ ਵੱਡੀ ਪ੍ਰਾਪਤੀ ਇਹ ਵੀ ਆਖੀ ਜਾ ਸਕਦੀ ਹੈ ਕਿ ਅਸੀਂ 1 ਸਾਲ ਵਿੱਚ 1 ਲੱਖ 65 ਹਜ਼ਾਰ ਤੋਂ ਵੱਧ ਯੂਨਿਕ ਵਿਜ਼ਟਰ ਬਣਾਏ ਹਨ। ਸ਼ਾਹਮੁਖੀ ਵਿਚ `ਸੂਹੀ ਸਵੇਰ ਨੂੰ ਸ਼ੁਰੂ ਕਰਕੇ ਦੋਵਾਂ ਪੰਜਾਬਾਂ ` ਚ ਮੁਹੱਬਤ ਦਾ ਪੁਲ ਬਣਾਉਣ ਦਾ ਕੰਮ ਕੀਤਾ ਏ।"
`ਸੂਹੀ ਸਵੇਰ ( ਸ਼ਾਹਮੁਖੀ ) ਦੇ ਸੰਪਾਦਕ ਮੁਹੰਮਦ ਆਸਿਫ਼ ਰਜ਼ਾ ਨੇ ਇਸ ਸ਼ੁਭ ਮੌਕੇ ਆਖਿਆ ਕਿ ਉਹ ਪੰਜਾਬੀਆਂ ਤੋਂ ਇਹ ਵੀ ਆਸ ਰਖਦੇ ਹਨ ਕੇ ਸ਼ਾਹਮੁਖੀ ’ਚ ਵੀ ਸੂਹੀ ਸਵੇਰ ਨੂੰ ਗੁਰਮੁਖੀ ਵਾਂਗ ਮੁਹੱਬਤ ਨਾਲ ਨਿਵਾਜ਼ਨ। ਇਸ ਮੌਕੇ `ਸੂਹੀ ਸਵੇਰ` ਦੇ ਬਿਜ਼ਨੈਸ ਮੈਨੇਜਰ ਤਰਨਦੀਪ ਦਿਓਲ , ਟੀਮ ਮੈਂਬਰ ਮੰਗਾ ਬਾਸੀ, ਪ੍ਰੋ: ਬਾਵਾ ਸਿੰਘ ਤੇ ਰਾਜਪਾਲ ਸਿੰਘ ਨੇ ਵੀ ਸਮੂਹ ਪੰਜਾਬੀ ਪਾਠਕਾਂ ਦਾ ਧੰਨਵਾਦ ਕੀਤਾ।