ਪ੍ਰੋਫੈਸਰ ਹੈਨੀ ਬਾਬੂ ਦੀ ਗ੍ਰਿਫ਼ਤਾਰੀ ਲੋਕਪੱਖੀ ਬੁੱਧੀਜੀਵੀਆਂ ਵਿਰੁੱਧ ਬਦਲਾਲਊ ਕਾਰਵਾਈ - ਜਮਹੂਰੀ ਅਧਿਕਾਰ ਸਭਾ
Posted on:- 29-07-2020
ਲੁਧਿਆਣਾ: ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਐੱਨਆਈਏ (ਕੌਮੀ ਜਾਂਚ ਏਜੰਸੀ) ਵੱਲੋਂ ਦਿੱਲੀ ਯੂਨੀਵਰਸਿਟੀ ਦੇ ਇੰਗਲਿਸ਼ ਡਿਪਾਰਟਮੈਂਟ ਦੇ ਪ੍ਰੋਫੈਸਰ ਹੈਨੀ ਬਾਬੂ ਨੂੰ ਭੀਮਾ-ਕੋਰੇਗਾਓਂ ਕੇਸ ਵਿਚ ਗਿ੍ਰਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਇਹ ਇਸ ਕੇਸ ਵਿਚ 12ਵੀਂ ਗਿ੍ਰਫ਼ਤਾਰੀ ਹੈ। ਪਿਛਲੇ ਸਾਲ, ਸਤੰਬਰ 2019 ਵਿਚ ਪ੍ਰੋਫੈਸਰ ਹੈਨੀ ਦੇ ਘਰ ਪੂਨੇ ਪੁਲਿਸ ਦੇ 20 ਅਧਿਕਾਰੀਆਂ ਨੇ ਛਾਪਾ ਮਾਰ ਕੇ ਉਸ ਦਾ ਲੈਪਟਾਪ ਅਤੇ ਹੋਰ ਡਿਜੀਟਲ ਡਿਵਾਇਸ ਜ਼ਬਤ ਕਰ ਲਏ ਸਨ। ਜੋ ਉਸ ਨੂੰ ਵੀ ਹੋਰ ਬੁੱਧੀਜੀਵੀਆਂ ਵਾਂਗ ਇਸ ਕਥਿਤ ਸਾਜ਼ਿਸ਼ ਕੇਸ਼ ਵਿਚ ਉਲਝਾ ਕੇ ਗਿ੍ਰਫ਼ਤਾਰ ਕਰਨ ਦਾ ਬਹਾਨਾ ਸੀ। ਪਿਛਲੇ ਦਿਨੀਂ ਕੌਮੀ ਜਾਂਚ ਏਜੰਸੀ ਨੇ ਉਸ ਨੂੰ ਪੁੱਛਗਿੱਛ ਲਈ ਮੁੰਬਈ ਬੁਲਾ ਕੇ ਹੋਰ ਬੁੱਧੀਜੀਵੀਆਂ ਵਿਰੁੱਧ ਵਾਅਦਾ ਮਾਫ਼ ਗਵਾਹ ਬਣਾਉਣ ਦੀ ਕੋਸ਼ਿਸ਼ ਕੀਤੀ। ਜਿਸ ਵਿਚ ਅਸਫ਼ਲ ਹੋਣ ’ਤੇ ਉਸ ਵਿਰੁੱਧ ਬਦਲਾਲਊ ਝੂਠਾ ਦੋਸ਼ ਲਾਉਣ ਲਈ 11 ਮਹੀਨੇ ਬਾਦ ਕੌਮੀ ਜਾਂਚ ਏਜੰਸੀ ਦਾਅਵਾ ਕਰ ਰਹੀ ਹੈ ਕਿ ਉਸ ਦੇ ਲੈਪਟਾਪ ਵਿੱਚੋਂ ਇਕ ‘ਸੀਕਰਿਟ ਫੋਲਡਰ’ ਮਿਲਿਆ ਹੈ ਜੋ ਉਸ ਦੇ ਮਾਓਵਾਦੀਆਂ ਨਾਲ ਸੰਬੰਧਾਂ ਦਾ ਸਬੂਤ ਹੈ।
ਇਸੇ ਤਰ੍ਹਾਂ ਦੇ ਮਨਘੜਤ ਸਬੂਤ ਮਹਾਂਰਾਸ਼ਟਰ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਹੋਰ ਬੁੱਧੀਜੀਵੀਆਂ ਦੇ ਕੰਪਿਊਟਰਾਂ ਵਿੱਚੋਂ ਵੀ ਲੱਭਦੀਆਂ ਰਹੀਆਂ ਹਨ। ਪ੍ਰੋਫੈਸਰ ਹੈਨੀ ਬਾਬੂ ਸਮਾਜਿਕ ਨਿਆਂ ਲਈ ਆਵਾਜ਼ ਉਠਾਉਣ ਵਾਲੇ ਨਾਮਵਰ ਕਾਰਕੁੰਨ ਹਨ। ਉਹ ‘‘ਅਲਾਇੰਸ ਆਫ਼ ਸੋਸ਼ਲ ਜਸਟਿਸ’’ ਦੇ ਕੋਆਰਡੀਨੇਟਰ, ‘‘ਜੁਆਇੰਟ ਐਕਸ਼ਨ ਫਰੰਟ ਫਾਰ ਡੈਮੋਕਰੇਟਿਕ ਐਜੂਕੇਸ਼ਨ’’ ਦੇ ਸਰਗਰਮ ਮੈਂਬਰ ਅਤੇ ਪ੍ਰੋਫੈਸਰ ਸਾਈ ਬਾਬਾ ਦੀ ਡਿਫੈਂਸ ਕਮੇਟੀ ਦੇ ਆਗੂ ਹਨ। ਉਹ ਸਿਆਸੀ ਕੈਦੀ ਦੀ ਰਿਹਾਈ ਅਤੇ ਜਮਹੂਰੀ ਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਹਰ ਮੁਹਿੰਮ ਵਿਚ ਸਰਗਰਮ ਰਹੇ ਹਨ। ਉਸ ਨੂੰ ਝੂਠੇ ਕੇਸ ਵਿਚ ਫਸਾਉਣਾ ਹੁਕਮਰਾਨਾਂ ਦੇ ਇਸ਼ਾਰੇ ’ਤੇ ਕੌਮੀ ਜਾਂਚ ਏਜੰਸੀ ਦੀ ਬਦਲਾਲਊ ਕਾਰਵਾਈ ਹੈ ਜਿਸ ਦਾ ਮਨੋਰਥ ਸਮਾਜਿਕ ਨਿਆਂ ਲਈ ਆਵਾਜ਼ ਉਠਾਉਣ ਵਾਲਿਆਂ ਦੀ ਜ਼ੁਬਾਨਬੰਦੀ ਕਰਨਾ ਹੈ। ਭਾਰਤ ਸਮੇਤ ਦੁਨੀਆ ਭਰ ਦੇ ਇਨਸਾਫ਼ਪਸੰਦ ਲੋਕ ਤਾਂ ਪਹਿਲਾਂ ਗਿ੍ਰਫ਼ਤਾਰ ਕੀਤੇ ਬੁੱਧੀਜੀਵੀਆਂ ਪ੍ਰੋਫੈਸਰ ਵਰਾਵਰਾ ਰਾਓ ਅਤੇ ਹੋਰਨਾਂ ਦੀ ਰਿਹਾਈ ਦੀ ਲਗਾਤਾਰ ਮੰਗ ਕਰ ਰਹੇ ਹਨ। ਲੇਕਿਨ ਆਰ.ਐੱਸ.ਐੱਸ-ਭਾਜਪਾ ਦੇ ਇਸ਼ਾਰੇ ’ਤੇ ਕੌਮੀ ਜਾਂਚ ਏਜੰਸੀ ਭੀਮਾ-ਕੋਰੇਗਾਓਂ ਕੇਸ ਦਾ ਦਾਇਰਾ ਵਿਸ਼ਾਲ ਕਰਕੇ ਇਸ ਵਿਚ ਹੋਰ ਬੁੱਧੀਜੀਵੀਆਂ ਨੂੰ ਗਿ੍ਰਫ਼ਤਾਰ ਕਰਕੇ ਜੇਲ੍ਹਾਂ ਵਿਚ ਸੁੱਟ ਰਹੀ ਹੈ।
ਸਭਾ ਦੇ ਆਗੂਆਂ ਨੇ ਭਾਰਤ ਦੇ ਇਨਸਾਫ਼ਪਸੰਦ ਲੋਕਾਂ ਨੂੰ ਚੌਕਸ ਕਰਦਿਆਂ ਕਿਹਾ ਕਿ ਇਹ ਹਮਲਾ ਇੱਥੇ ਰੁਕਣ ਵਾਲਾ ਨਹੀਂ ਹੈ। ਆਉਣ ਵਾਲੇ ਦਿਨਾਂ ਵਿਚ ਹੋਰ ਬੁੱਧੀਜੀਵੀਆਂ, ਜਮਹੂਰੀ ਸ਼ਖਸੀਅਤਾਂ ਅਤੇ ਜਮਹੂਰੀ/ਮਨੁੱਖੀ ਹੱਕਾਂ ਦੇ ਕਾਰਕੁੰਨਾਂ ਨੂੰ ਇਸੇ ਸਾਜ਼ਿਸ਼ ਕੇਸ ਤਹਿਤ ਗਿ੍ਰਫ਼ਤਾਰ ਕੀਤਾ ਜਾ ਸਕਦਾ ਹੈ। ਇਸ ਦਾ ਡੱਟ ਕੇ ਵਿਰੋਧ ਕਰਨ ਦੀ ਲੋੜ ਹੈ। ਸਮੂਹ ਜਮਹੂਰੀ ਤਾਕਤਾਂ ਨੂੰ ਇਸ ਫਾਸ਼ੀਵਾਦੀ ਹਮਲੇ ਦਾ ਗੰਭੀਰ ਨੋਟਿਸ ਲੈ ਕੇ ਇਸ ਵਿਰੁੱਧ ਵਿਸ਼ਾਲ ਲੋਕ ਰਾਇ ਖੜ੍ਹੀ ਕਰਨ ਲਈ ਪੂਰੀ ਗੰਭੀਰਤਾ ਨਾਲ ਪਹਿਲਕਦਮੀਂ ਲੈਣੀ ਚਾਹੀਦੀ ਹੈ। ਉਹਨਾਂ ਮੰਗ ਕੀਤੀ ਕਿ ਪ੍ਰੋਫੈਸਰ ਹੈਨੀ ਬਾਬੂ, ਪ੍ਰੋਫੈਸਰ ਵਰਾਵਰਾ ਰਾਓ ਸਮੇਤ ਸਾਰੇ ਬੁੱਧੀਜੀਵੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਭੀਮਾ-ਕੋਰੇਗਾਓਂ ਹਿੰਸਾ ਦੇ ਅਸਲ ਦੋਸ਼ੀ ਸੰਘ ਪਰਿਵਾਰ ਦੇ ਆਗੂਆਂ ਨੂੰ ਗਿ੍ਰਫ਼ਤਾਰ ਕਰਕੇ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ।