ਖੇਤੀ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ
Posted on:- 27-07-2020
ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਖੇਤੀ-ਸੁਧਾਰਾਂ ਦੇ ਨਾਂਅ 'ਤੇ ਲਿਆਂਦੇ 3 ਆਰਡੀਨੈਂਸਾਂ ਅਤੇ ਬਿਜਲੀ-ਐਕਟ-2020 ਨੂੰ ਰੱਦ ਕਰਵਾਉਣ, ਤੇਲ ਦੀਆਂ ਕੀਮਤਾਂ ਦੇ ਵਾਧੇ ਨੂੰ ਵਾਪਸ ਕਰਵਾਉ਼ਣ ਅਤੇ ਜੇਲ੍ਹਾਂ 'ਚ ਬੰਦ ਬੁੱਧੀਜੀਵੀਆਂ ਦੀ ਰਿਹਾਈ ਲਈ ਪੰਜਾਬ ਦੀਆਂ ਇੱਕ ਦਰਜ਼ਨ ਕਿਸਾਨ ਜਥੇਬੰਦੀਆਂ ਵੱਲੋਂ ਇੱਕਜੁੱਟਤਾ ਵਿਖਾਉਂਦਿਆਂ ਪੰਜਾਬ ਭਰ 'ਚ ਟਰੈਕਟਰ-ਮਾਰਚ ਕਰਦਿਆਂ ਅਕਾਲੀ-ਭਾਜਪਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀਆਂ ਕੋਠੀਆਂ ਅਤੇ ਦਫਤਰਾਂ ਦਾ ਘਿਰਾਓ ਕੀਤਾ ਗਿਆ। ਪਿੰਡ ਬਾਦਲ ਵੱਲ ਵਧਦੇ ਕਿਸਾਨਾਂ ਨੂੰ ਪੁਲਿਸ ਵੱਲੋਂ ਰਸਤੇ 'ਚ ਰੋਕਿਆ ਵੀ ਗਿਆ। ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ, ਪੰਜਾਬ ਦੇ ਕਨਵੀਨਰ ਡਾ. ਦਰਸ਼ਨਪਾਲ ਨੇ ਦੱਸਿਆ ਕਿ ਕਮੇਟੀ 'ਚ ਸ਼ਾਮਿਲ 10 ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ(ਡਕੌਂਦਾ), ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ-ਪੰਜਾਬ, ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ-ਪੰਜਾਬ, ਕੁੱਲ ਹਿੰਦ ਕਿਸਾਨ ਸਭਾ(ਅਜੈ-ਭਵਨ), ਕਿਸਾਨ ਸੰਘਰਸ਼ ਕਮੇਟੀ ਪੰਜਾਬ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਜੈ ਕਿਸਾਨ ਅੰਦੋਲਨ ਅਤੇ ਭਾਰਤੀ ਕਿਸਾਨ ਯੂਨੀਅਨ(ਉਗਰਾਹਾਂ) ਤੇ ਭਾਰਤੀ ਕਿਸਾਨ ਯੂਨੀਅਨ(ਕ੍ਰਾਂਤੀਕਾਰੀ) ਵੱਲੋਂ ਤਾਲਮੇਲਵੇੰ-ਸੰਘਰਸ਼ ਦੇ ਸੱਦੇ ਤਹਿਤ ਅਕਾਲੀ-ਭਾਜਪਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀਆਂ ਕੋਠੀਆਂ/ਦਫ਼ਤਰਾਂ ਦਾ ਘਿਰਾਓ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ-ਆਰਡੀਨੈਂਸ ਫਸਲਾਂ ਦੇ ਖ੍ਰੀਦ-ਪ੍ਰਬੰਧ ਨੂੰ ਕਾਰਪੋਰੇਟ-ਹੱਥਾਂ 'ਚ ਸੌਂਪਣ ਵਾਲੇ ਹਨ।
22 ਜ਼ਿਲ੍ਹਿਆਂ ਵਿੱਚੋਂ 21 ਵਿੱੱਚ ਟਰੈਕਟਰ ਮਾਰਚ ਕਰਕੇ ਆਗੂਆਂ ਦੇ ਦਫ਼ਤਰਾਂ, ਘਰਾਂ ਤੱਕ ਰੋਸ ਮਾਰਚ ਕੀਤੇ ਗਏ। ਲੋਕ-ਸਭਾ ਮੈਂਬਰ ਤੇ ਪ੍ਰਧਾਨ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਘਰ ਅੱਗੇ ਪਿੰਡ ਬਾਦਲ 'ਚ, ਬਠਿੰਡਾ 'ਚ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੇ ਦਫ਼ਤਰ, ਪਟਿਆਲਾ ਵਿਖੇ ਇਕ ਟਰੈਕਟਰ ਮਾਰਚ ਸੀਨੀਅਰ ਅਕਾਲੀ ਲੀਡਰ ਸੁਰਜੀਤ ਸਿੰਘ ਰੱਖੜਾ ਦੇ ਲੀਲਾ ਭਵਨ ਵਿਖੇ ਦਫ਼ਤਰ ਅੱਗੇ ਜਦੋਂਕਿ ਦੂਸਰਾ ਨਾਭਾ ਰੋਡ ਉੱਤੇ ਸਥਿਤ ਉਨ੍ਹਾਂ ਦੇ ਘਰ ਅੱਗੇ, ਜ਼ਿਲ੍ਹਾ ਤਰਨ ਤਾਰਨ ਵਿਚ ਟਰੈਕਟਰ ਮਾਰਚ ਆਦੇਸ਼ ਪ੍ਰਤਾਪ ਕੈਰੋਂ ਦੇ ਦਫ਼ਤਰ ਅੱਗੇ, ਜਲੰਧਰ ਜ਼ਿਲ੍ਹੇ ਵਿਚ ਫਗਵਾੜਾ ਵਿਖੇ ਕਾਫ਼ਲਾ ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਅਤੇ ਨਕੋਦਰ ਵਿਖੇ ਅਕਾਲੀ ਵਿਧਾਇਕ ਵਡਾਲਾ ਦੇ ਦਫ਼ਤਰ /ਘਰ ਵੱਲ, ਮਾਨਸਾ ਵਿਖੇ ਹਰਸਿਮਰਤ ਕੌਰ ਬਾਦਲ ਦੇ ਦਫਤਰ ਅੱਗੇ, ਬਲਵਿੰਦਰ ਸਿੰਘ ਭੂੰਦੜ ਦੇ ਘਰ ਵਿਚਲੇ ਦਫ਼ਤਰ ਤੱਕ, ਫ਼ਰੀਦਕੋਟ ਜ਼ਿਲ੍ਹੇ ਵਿਚ ਮਨਤਾਰ ਸਿੰਘ ਬਰਾੜ ਦੇ ਘਰ ਅੱਗੇ ਕੋਟਕਪੂਰੇ ਅਤੇ ਫ਼ਰੀਦਕੋਟ ਵਿਖੇ ਬੰਟੀ ਰੋਮਾਣਾ ਕੇਂਦਰੀ ਯੂਥ ਅਕਾਲੀ ਦਲ ਦੇ ਆਗੂ ਦੇ ਘਰ ਵੱਲ, ਫਿਰੋਜ਼ਪੁਰ ਵਿਚ ਸੁਖਪਾਲ ਸਿੰਘ ਨੰਨੂ, ਭਾਜਪਾ ਆਗੂ ਅਤੇ ਜਨਮੇਜਾ ਸਿੰਘ ਸੇਖੋਂ, ਜਨਰਲ ਸਕੱਤਰ ਅਕਾਲੀ ਦਲ (ਬਾਦਲ) ਦੇ ਘਰ ਵੱਲ ਮਾਰਚ ਕੀਤਾ ਜਾਵੇਗਾ, ਫਿਰੋਜ਼ਪੁਰ 'ਚ ਹੀ ਜ਼ੀਰਾ ਵਿਖੇ ਹਰੀ ਸਿੰਘ ਜ਼ੀਰੇ ਦੇ ਘਰ ਵੱਲ, ਰੋਪੜ ਵਿਖੇ ਬੀ.ਜੇ.ਪੀ. ਦੇ ਸੂਬਾਈ ਆਗੂ ਵਿਜੈ ਪੁਰੀ ਅਤੇ ਇਕਬਾਲ ਸਿੰਘ ਲਾਲਪੁਰਾ ਦੇ ਘਰਾਂ ਅੱਗੇ, ਮੋਗਾ ਵਿਖੇ ਅਕਾਲੀ ਆਗੂ ਤੋਤਾ ਸਿੰਘ ਦੇ ਘਰ/ਦਫਤਰ ਅੱਗੇ, ਭਾਜਪਾ ਦੇ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਦੇ ਦਫ਼ਤਰ, ਅੰਮਿ੍ਤਸਰ ਵਿਚ ਰਾਜ ਸਭਾ ਦੇ ਮੈਂਬਰ ਅਤੇ ਭਾਜਪਾ ਦੇ ਸੀਨੀਅਰ ਲੀਡਰ ਸ਼ਵੇਤ ਮਲਿਕ ਦੇ ਘਰ ਅੱਗੇ, ਕਪੂਰਥਲਾ ਵਿਚ ਪਰਮਜੀਤ ਸਿੰਘ ਅਕਾਲੀ ਆਗੂ ਅਤੇ ਨਵਾਂਸ਼ਹਿਰ ਵਿਚ ਵੀ ਸੁਖਵਿੰਦਰ ਸੁੱਖੀ ਅਕਾਲੀ ਲੀਡਰ ਦੇ ਘਰ ਅੱਗੇ, ਗੁਰਦਾਸਪੁਰ ਵਿਚ 7 ਵੱਖ-ਵੱਖ ਥਾਵਾਂ 'ਤੇ, ਲੁਧਿਆਣਾ ਵਿਖੇ ਅਕਾਲੀ ਲੀਡਰ ਮਨਪ੍ਰੀਤ ਸਿੰਘ ਇਆਲੀ ਦੇ ਮੁੱਲਾਂਪੁਰ ਦਫ਼ਤਰ ਦੇ ਸਾਹਮਣੇ, ਫ਼ਾਜ਼ਿਲਕਾ ਵਿਖੇ ਸੁਰਜੀਤ ਕੁਮਾਰ ਜਿਆਣੀ ਸੀਨੀਅਰ ਭਾਜਪਾ ਲੀਡਰ ਦੇ ਘਰ ਅੱਗੇ, ਇਸੇ ਤਰ੍ਹਾਂ ਸੰਗਰੂਰ ਵਿਚ ਸੀਨੀਅਰ ਅਕਾਲੀ ਆਗੂ ਪ੍ਰਕਾਸ਼ ਚੰਦ ਗਰਗ ਦੇ ਭਵਾਨੀਗੜ੍ਹ ਵਿਖੇ ਦਫ਼ਤਰ ਅੱਗੇ, ਹੁਸ਼ਿਆਰਪੁਰ ਵਿਖੇ ਭਾਜਪਾ ਆਗੂ ਵਿਜੈ ਸਾਂਪਲਾ ਦੇ ਦਫਤਰ, ਬਰਨਾਲਾ ਵਿਖੇ ਅਕਾਲੀ ਆਗੂ ਬਲਬੀਰ ਸਿੰਘ ਘੁੰਨਸ, ਕੁਲਵੰਤ ਸਿੰਘ ਕੀਤੂ ਅਤੇ ਲੌਂਗੋਵਾਲ ਵਿਖੇ ਸੀਨੀਅਰ ਅਕਾਲੀ ਆਗੂ ਗੋਬਿੰਦ ਸਿੰਘ ਲੌਂਗੋਵਾਲ, ਫ਼ਤਿਹਗੜ੍ਹ ਦੇ ਕਿਸਾਨ ਟਰੈਕਟਰ ਲੈ ਕੇ ਸੁਰਜੀਤ ਸਿੰਘ ਰੱਖੜਾ ਦੇ ਦਫ਼ਤਰ, ਪਠਾਨਕੋਟ ਵਿਖੇ ਸੀਨੀਅਰ ਭਾਜਪਾ ਲੀਡਰ ਅਤੇ ਐਮ. ਐਲ. ਏ ਦਿਨੇਸ਼ ਬੱਬੂ ਦੇ ਦਫਤਰ ਅੱਗੇ ਟਰੈਕਟਰ ਮਾਰਚ ਉਪਰੰਤ ਧਰਨੇ ਦਿੱਤੇ ਗਏ। ਕਿਸਾਨ ਆਗੂਆਂ ਕਿਹਾ ਕਿ ਭਾਵੇਂ ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਨੇ ਇਹ ਕਿਹਾ ਕਿ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਜਾਰੀ ਰਹੇਗਾ, ਪਰ ਕਿਸਾਨ ਆਗੂਆਂ ਨੇ ਦਲੀਲ ਦਿੱਤੀ ਕਿ ਫਸਲਾਂ ਦੀ ਬਿਨਾਂ ਖ੍ਰੀਦ ਦੀ ਗਰੰਟੀ ਸਮਰਥਨ-ਮੁੱਲ ਦਾ ਕੋਈ ਅਰਥ ਨਹੀਂ। ਜਿਸ ਤਰ੍ਹਾਂ ਇਹ ਤਿੰਨ ਆਰਡੀਨੈਂਸ ਫਸਲਾਂ ਦੇ ਮੰਡੀਕਰਨ ਨੂੰ ਕਾਰਪੋਰੇਟ-ਘਰਾਣਿਆਂ ਦੇ ਹੱਥਾਂ 'ਚ ਸੌਂਪਣ ਦਾ ਰਾਹ ਪੱਧਰਾ ਕਰਦੇ ਹਨ, ਉਵੇਂ ਹੀ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਖਤਮ ਕਰ ਦੇਵੇਗੀ। ਇਨ੍ਹਾਂ ਮਾਰਚਾਂ ਅਤੇ ਧਰਨਿਆਂ ਦੀ ਅਗਵਾਈ ਜਮਹੂਰੀ ਕਿਸਾਨ ਸਭਾ, ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ,; ਭਾਰਤੀ ਕਿਸਾਨ ਯੂਨੀਅਨ, ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਜਰਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ; ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ: ਦਰਸ਼ਨ ਪਾਲ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਮਹਿੰਮਾ; ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਜਰਨਲ ਸਕੱਤਰ ਗੁਰਨਾਮ ਸਿੰਘ ਭੀਖੀ; ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਰਵੀ; ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਭੁਪਿੰਦਰ ਸਿੰਘ ਸਾਂਭਰ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ; ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਪੰਜਾਬ ਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਅਤੇ ਜਨਰਲ ਸਕੱਤਰ ਨਿਰਵੈਲ ਸਿੰਘ ਡਾਲੇਕੇ; ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁਡੀਕੇ ਅਤੇ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ; ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਮੇਜਰ ਸਿੰਘ ਪੁੰਨ੍ਹਾਂਵਾਲ ਅਤੇ ਜੈ ਕਿਸਾਨ ਅੰਦੋਲਨ ਦੇ ਪੰਜਾਬ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਬਰਨਾਲਾ, ਭਾਰਤੀ ਕਿਸਾਨ ਯੂਨੀਅਨ, ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਭਾਰਤੀ ਕਿਸਾਨ ਯੂਨੀਅਨ (ਕਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਜੀਰਾ ਨੇ ਕਿਹਾ ਕਿ ਦੇਸ਼ ਭਰ ਦੀ ਕਿਸਾਨੀ ਲਈ ਆਉਣ ਵਾਲਾ ਇਹ ਸੰਕਟ ਨਾ ਸਿਰਫ਼ ਕਿਸਾਨਾਂ ਦੀ ਬਰਬਾਦੀ ਦਾ ਕਾਰਨ ਬਣੇਗਾ, ਸਗੋਂ ਮੰਡੀ-ਬੋਰਡ ਦੇ ਲੱਖਾਂ ਮੁਲਾਜ਼ਮਾਂ ਅਤੇ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਵੀ ਖਤਮ ਕਰ ਦੇਵੇਗਾ। ਕੇਂਦਰੀ ਮੰਤਰੀ ਗਡਕਰੀ ਵੱਲੋਂ ਇਹ ਕਹਿਣ ਕਿ ਅੰਤਰਰਾਸ਼ਟਰੀ ਮੰਡੀ ਨਾਲੋਂ ਭਾਰਤ 'ਚ ਫਸਲਾਂ ਦਾ ਮੁੱਲ ਜਿਆਦਾ ਹੈ, ਸਪੱਸ਼ਟ ਕਰਦਾ ਹੈ ਕਿ ਨਿੱਜੀ ਵਪਾਰੀ ਅਤੇ ਕਾਰਪੋਰੇਟ-ਘਰਾਣੇ ਮਨ-ਮਰਜ਼ੀ ਨਾਲ ਆਪਣੀਆਂ ਸ਼ਰਤਾਂ ਲਾ ਕੇ ਫਸਲਾਂ ਖ੍ਰੀਦਣਗੇ। ਵਿਸ਼ਵ ਭਾਰਤ ਵਰਗੇ 'ਵਿਕਾਸ਼ਸੀਲ਼' ਅਤੇ ਪਛੜੇ ਦੇਸ਼ਾਂ 'ਚ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਨਾਲ ਭਾਰਤ ਅੰਦਰ ਕਿਸਾਨਾਂ ਦਾ ਵੱਡੀ ਪੱਧਰ 'ਤੇ ਉਜਾੜਾ ਤੈਅ ਹੈ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ‘ਤੇ ਲਿਆਂਦੇ ਗਏ ਤਿੰਨ ਆਰਡੀਨੈਂਸਾਂ ਕਿਸਾਨੀ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਹਾਇਕ) ਆਰਡੀਨੈਂਸ-2020, ਕੀਮਤ ਗਰੰਟੀ ਅਤੇ ਖੇਤੀ ਸੇਵਾਵਾਂ ਸੰਬੰਧੀ ਕਿਸਾਨ (ਸ਼ਕਤੀਕਰਨ ਅਤੇ ਸੁਰੱਖਿਆ) ਆਰਡੀਨੈਂਸ-2020 ਅਤੇ ਜ਼ਰੂਰੀ ਵਸਤਾਂ (ਸੋਧ) ਆਰਡੀਨੈਂਸ-2020 ਅਤੇ ਬਿਜਲੀ-ਐਕਟ-2020 ਨੂੰ ਕਿਸਾਨ ਅਤੇ ਖੇਤੀਬਾੜੀ ਨਾਲ ਜੁੜੇ ਸਾਰੇ ਵਰਗਾਂ ਸਮੇਤ ਸੰਘੀ ਢਾਂਚੇ ਤਹਿਤ ਮਿਲੇ ਸੂਬੇ ਦੇ ਅਧਿਕਾਰਾਂ ‘ਤੇ ਸਿੱਧਾ ਹਮਲਾ ਕਰਾਰ ਦਿੱਤਾ ਤੇ ਕਿਹਾ ਕਿ ਖੇਤੀ ਤੇ ਬਿਜਲੀ ਰਾਜਾਂ ਦੀ ਸਮਵਰਤੀ ਸੂਚੀ 'ਚ ਹੋਣ ਕਰਕੇ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਅਧਿਕਾਰਾਂ 'ਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ। ਉਕਤ ਤਿੰਨਾਂ ਆਰਡੀਨੈਂਸਾਂ ਨਾਲ ਪੰਜਾਬ ਦੀ ਪੰਜ ਏਕੜ ਤੋਂ ਘੱਟ ਵਾਲੀ ਕਿਸਾਨੀ ਜੋ ਕਿ 85 ਫੀਸਦ ਬਣਦੀ ਹੈ, ਖੇਤੀ ਕਿੱਤੇ ਵਿਚੋਂ ਬਾਹਰ ਹੋ ਜਾਵੇਗੀ ਅਤੇ 500 ਤੋਂ 1000 ਏਕੜ ਤੱਕ ਦੇ ਵੱਡੇ ਖੇਤੀ ਫਾਰਮ ਕਾਰਪੋਰੇਟ ਕੰਪਨੀਆਂ ਦੇ ਕਬਜ਼ੇ ਹੇਠ ਬਣਨਗੇ। ਕਿਸਾਨ ਬੁਲਾਰਿਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਲਈ ਲਗਾਤਾਰ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲੇ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਫ਼ੈਸਲਿਆਂ ਦਾ ਸਮਰਥਨ ਕਰਕੇ ਬਾਦਲਾਂ ਨੇ ਪੰਜਾਬ ਤੇ ਕਿਸਾਨ ਵਿਰੋਧੀ ਕਿਰਦਾਰ ਨੂੰ ਨੰਗਾ ਕਰ ਲਿਆ ਹੈ। ਆਗੂਆਂ ਨੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਵੀ ਕਰੋਨਾ ਦੀ ਆੜ 'ਚ ਇਕੱਠਾਂ 'ਤੇ ਪਾਬੰਦੀ ਲਾ ਕੇ ਮੋਦੀ ਹਕੂਮਤ ਨੂੰ ਕਿਸਾਨ ਰੋਹ ਤੋਂ ਬਚਾਉਣ ਦੇ ਯਤਨਾਂ ਨੂੰ ਵੀ ਆੜੇ ਹੱਥੀਂ ਲਿਆ। ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਆਰਡੀਨੈਂਸ ਰੱਦ ਨਹੀਂ ਹੁੰਦੇ ਤਾਂ ਦੇਸ਼ ਦੇ ਕਿਸਾਨ ਕਰੋ ਜਾਂ ਮਰੋ ਦੀ ਨੀਤੀ ਤਹਿਤ ਦੇਸ਼-ਵਿਆਪੀ ਤਿੱਖੇ ਘੋਲ ਵਿੱਢਣਗੇ। - ਡਾ. ਦਰਸ਼ਨਪਾਲ, ਸੂਬਾ ਕਨਵੀਨਰ-ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ
+91 94172 69294,
ਜਗਮੋਹਨ ਸਿੰਘ ਪਟਿਆਲਾ +91 94173 54165