ਡਕੌਂਦਾ ਵੱਲੋਂ ਖੇਤੀਬਾੜੀ ਮੋਟਰਾਂ ਦੇ ਬਿੱਲ ਲਾਗੂ ਕਰਨ ਦੀਆਂ ਤਿਆਰੀਆਂ ਖਿਲਾਫ ਪੰਜਾਬ ਭਰ 'ਚ ਮੁਜ਼ਾਹਰੇ
Posted on:- 02-06-2020
ਚੰਡੀਗੜ੍ਹ : ਖੇਤੀਬਾੜੀ-ਮੋਟਰਾਂ 'ਤੇ ਬਿਲ ਲਾਗੂ ਕਰਨ ਸਬੰਧੀ ਚਰਚਿਆਂ ਦੇ ਚਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਵੱਲੋਂ ਦਿੱਤੇ ਦੋ-ਰੋਜ਼ਾ ਵਿਰੋਧ ਪ੍ਰਦਰਸ਼ਨ ਦੇ ਸੱਦੇ ਦੌਰਾਨ ਅੱਜ ਪੰਜਾਬ ਭਰ 'ਚ ਵੱਖ-ਵੱਖ ਥਾਵਾਂ 'ਤੇ ਪਾਵਰ-ਕਾਰਪੋਰੇਸ਼ਨ ਦਫਤਰਾਂ ਅੱਗੇ ਅਰਥੀ-ਫੂਕ ਮੁਜ਼ਾਹਰੇ ਕੀਤੇ ਗਏ। ਪਹਿਲੇ ਦਿਨ ਹੋਏ ਰੋਸ-ਪ੍ਰਦਰਸ਼ਨਾਂ ਦੀ ਰਿਪੋਰਟ ਜਾਰੀ ਕਰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਭਾਵੇਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ ਰਾਹੀਂ ਬਿਲ ਲਾਗੂ ਨਾ ਕਰਨ ਸਬੰਧੀ ਬਿਆਨ ਦੇ ਦਿੱਤਾ ਹੈ, ਪ੍ਰੰਤੂ ਜਥੇਬੰਦੀ ਮੁੱਖ-ਮੰਤਰੀ ਦੇ ਟਵੀਟ 'ਤੇ ਬਹੁਤਾ ਭਰੋਸਾ ਨਹੀਂ ਕਰਦੀ ਅਤੇ ਸਮਝਦੀ ਹੈ ਕਿ ਕਿਸਾਨਾਂ ਲਈ ਖ਼ਤਰਾ ਹਾਲੇ ਟਲ਼ਿਆ ਨਹੀਂ ਹੈ।
ਪਟਿਆਲਾ, ਬਰਨਾਲਾ, ਫਿਰੋਜ਼ਪੁਰ, ਮਾਨਸਾ, ਸ਼ਹਿਣਾ, ਠੁੱਲ੍ਹੀਵਾਲ, ਭਦੌੜ ਅਤੇ ਅਨੇਕਾਂ ਥਾਵਾਂ 'ਤੇ ਪਾਵਰ ਕਾਰਪੋਰੇਸ਼ਨ ਦੇ ਦਫਤਰਾਂ ਅੱਗੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਵਿਰੋਧ-ਪ੍ਰਦਰਸ਼ਨ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਦਿਆਂ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਦੋਵੇਂ ਸਰਕਾਰਾਂ ਇਹ ਸਮਝ ਲੈਣ ਕਿ ਜਥੇਬੰਦੀਆਂ ਇਹ ਕਿਸਾਨ ਵਿਰੋਧੀ ਫੈਸਲਾ ਕਦਾਚਿਤ ਲਾਗੂ ਨਹੀਂ ਹੋਣ ਦੇਣਗੀਆਂ। ਜਥੇਬੰਦੀ ਦੇ ਆਗੂਆਂ ਕੁਲਵੰਤ ਸਿੰਘ ਕਿਸ਼ਨਗੜ੍ਹ, ਹਰਨੇਕ ਸਿੰਘ ਮਹਿਮਾ, ਮਹਿੰਦਰ ਸਿੰਘ ਭੈਣੀਬਾਘਾ, ਰਾਮ ਸਿੰਘ ਮਟੋਰੜਾ, ਗੁਰਮੇਲ ਸਿੰਘ ਢਕੜਬਾ, ਧਰਮਪਾਲ ਸਿੰਘ ਰੋੜੀਕਪੂਰਾ, ਗੁਰਦੇਵ ਸਿੰਘ ਮਾਂਗੇਵਾਲ, ਦਰਸ਼ਨ ਸਿੰਘ ਉਗੋਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਫੈਸਲੇ ਸਬੰਧੀ ਕੈਬਨਿਟ-ਮੀਟਿੰਗ 'ਚ ਉਦੋਂ ਚਰਚਾ ਕੀਤੀ ਹੈ, ਜਦੋਂ ਕੇਂਦਰੀ ਹਕੂਮਤ ਲਾਕਡਾਊਨ ਦੇ ਬਹਾਨੇ ਹੇਠ ਲੋਕ ਮਾਰੂ ਫੈਸਲੇ ਕਰ ਰਹੀ ਹੈ।
ਇਸੇ ਸਮੇਂ ਦੌਰਾਨ ਕੇਂਦਰੀ ਹਕੂਮਤ ਨੇ ਅੱਠ ਕੇਂਦਰੀ ਸ਼ਾਸ਼ਤ ਬਿਜਲੀ ਬੋਰਡਾਂ ਦਾ ਭੋਗ ਪਾ ਦਿੱਤਾ ਹੈ, ਡੀਜਲ ਪਟਰੋਲ ਉੱਪਰ ਅਕਸਾਈਜ ਅਤੇ ਵੈਟ ਵਿੱਚ ਵਾਧਾ ਕਰਨ, ਬਿਜਲੀ ਸੋਧ ਬਿਲ-2020 ਰਾਹੀਂ ਸਮੁਚੇ ਭਾਰਤ ਅੰਦਰ ਬਿਜਲੀ ਖੇਤਰ ਨੂੰ ਕੇਂਦਰੀ ਸ਼ਕਤੀਆਂ ਅਧੀਨ ਕਰਨ ਦੇ ਲੋਕ ਫੈਸਲੇ ਲੈ ਚੁੱਕੀ ਹੈ। ਆਰਥਿਕ ਸੰਕਟ ਦੀ ਮਾਰ ਹੇਠ ਆਏ ਪੰਜਾਬ ਦੇ 26 ਲੱਖ ਕਿਸਾਨਾਂ ਵਿਚੋਂ 14 ਲੱਖ ਤੋਂ ਵਧੇਰੇ ਕਿਸਾਨ ਬਿਜਲੀ ਮੋਟਰਾਂ ਰਾਹੀਂ ਫਸਲਾਂ ਪਾਲਦੇ ਹਨ। ਜਿਸ ਨਾਲ ਹਰ ਸਾਲ ਪੰਜਾਬ ਦੇ ਕਿਸਾਨਾਂ ਕੋਲੋਂ ਹਰ ਸਾਲ ਮਿਲਦੀ 6200 ਕਰੋੜ ਰੁ. ਦੀ ਸਬਸਿਡੀ ਮਿਲਦੀ ਸੀ। ਪੰਜਾਬ ਦਾ ਕਿਸਾਨ ਪਹਿਲਾਂ ਹੀ ਇੱਕ ਲੱਖ ਕਰੋੜ ਤੋਂ ਵਧੇਰੇ ਕਰਜੇ ਦੇ ਸੰਕਟ ਵਿੱਚ ਫਸਿਆ ਹੋਇਆਂ ਖੁਦਕਸ਼ੀਆਂ ਕਰਨ ਲਈ ਮਜਬੂਰ ਹੈ। ਇਹ ਸਬਸਿਡੀ ਪੰਜਾਬ ਵਿਚ ਹੀ ਨਹੀਂ ਮੁਲਕ ਤੋਂ ਅੱਗੇ ਵਿਸ਼ਵ ਭਰ ਵਿਚ ਹੀ ਕਿਸਾਨਾਂ ਨੂੰ ਸਮੇਂ ਸਮੇਂ ਦੀਆਂ ਸਰਕਾਰਾਂ ਸਬਸਿਡੀਆਂ ਦਿੰਦੀਆਂ ਹਨ। ਅਸਲ ਵਿੱਚ ਪੰਜਾਬ ਸਰਕਾਰ ਦਾ ਇਹ ਫੈਸਲਾ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਅਧੀਨ ਸ਼ੁਰੂ ਕੀਤੀ ਆਰਥਿਕ ਸੁਧਾਰਾਂ ਦੀ ਪ੍ਰਕ੍ਰਿਆ ਦਾ ਜਾਰੀ ਰੂਪ ਹੈ। ਜਿਸ ਰਾਹੀਂ ਕਿਸਾਨਾਂ ਹੀ ਨਹੀਂ ਪੂਰਾ ਪੇਂਡੂ ਸੱਭਿਅਤਾ ਤਬਾਹ ਹੋਣ ਵੱਲ ਵਧੇਗੀ। ਆਗੂਆਂ ਨੇ ਦੱਸਿਆ ਕਿ ਅਰਥੀ-ਫੂਕ ਰੋਸ ਪ੍ਰਦਰਸ਼ਨ ਭਲਕੇ ਵੀ ਸੰਗਰੂਰ, ਬਠਿੰਡਾ, ਲੁਧਿਆਣਾ ਅਤੇ ਹੋਰ ਕਈ ਇਲਾਕਿਆਂ ਵਿਚ ਪੂਰੇ ਰੋਸ ਤੇ ਜੋਸ਼ ਨਾਲ ਕੀਤੇ ਜਾਣਗੇ।