Thu, 21 November 2024
Your Visitor Number :-   7256304
SuhisaverSuhisaver Suhisaver

ਪੁਲਿਸ ਕੇਂਦਰੀ ਹੁਕਮਰਾਨ ਧਿਰ ਦਾ ਵਿੰਗ ਬਣ ਕੇ ਗਿ੍ਰਫ਼ਤਾਰੀਆਂ ਕਰਨੀਆਂ ਬੰਦ ਕਰੇ - ਜਮਹੂਰੀ ਅਧਿਕਾਰ ਸਭਾ

Posted on:- 25-05-2020

ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏਕੇ ਮਲੇਰੀ, ਜਨਰਲ ਸਕੱਤਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ‘ਪਿੰਜਰਾ ਤੋੜ’ ਮੁਹਿੰਮ ਦੀਆਂ ਸਰਗਰਮ ਵਿਦਿਆਰਥਣਾਂ ਨਤਾਸ਼ਾ ਨਰਵਾਲ ਅਤੇ ਦੇਵਾਂਗਨਾ ਕਾਲੀਤਾ ਨੂੰ ਦਿੱਲੀ ਪੁਲਿਸ ਵੱਲੋਂ ਹਿੰਸਾ ਭੜਕਾਉਣ ਦਾ ਝੂਠਾ ਦੋਸ਼ ਲਗਾ ਕੇ ਗਿ੍ਰਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਇਹ ਸਰਕਾਰ ਅਤੇ ਸੱਤਾ ਦੀਆਂ ਮਨਮਾਨੀਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਜ਼ੁਬਾਨਬੰਦੀ ਦੀ ਡੂੰਘੀ ਚਾਲ ਹੈ ਜਿਸ ਤਹਿਤ ਸਮਾਜਿਕ ਨਿਆਂ ਅਤੇ ਫਿਰਕੂ ਸਦਭਾਵਨਾ ਲਈ ਸਰਗਰਮ ਭੂਮਿਕਾ ਨਿਭਾਉਣ ਵਾਲੇ ਕਾਰਕੁੰਨਾਂ, ਖ਼ਾਸ ਕਰਕੇ ਰੌਸ਼ਨ-ਖ਼ਿਆਲ ਲੜਕੀਆਂ ਨੂੰ ਚੁਣ ਚੁਣ ਕੇ ਗਿ੍ਰਫ਼ਤਾਰ ਕੀਤਾ ਜਾ ਰਿਹਾ ਹੈ।

ਇਹ ਲੜਕੀਆਂ ਨਾ ਸਿਰਫ਼ ਭਾਜਪਾ ਸਰਕਾਰ ਦੇ ਫਿਰਕਾਪ੍ਰਸਤ ਕਾਨੂੰਨਾਂ ਵਿਰੁੱਧ ਲੋਕ ਰਾਇ ਖੜ੍ਹੀ ਕਰਨ ’ਚ ਮੋਹਰੀ ਰਹੀਆਂ ਸਗੋਂ ਜੋ ਔਰਤ ਵਰਗ ਨੂੰ ਸਦੀਵੀ ਦਾਬੇ ਹੇਠ ਰੱਖਣ ਵਾਲੀ ਸਮਾਜ ਦੀ ਮਰਦਾਵੀਂ ਸੱਤਾ ਅਤੇ ਔਰਤ ਵਿਰੋਧੀ ਸਮਾਜਿਕ ਕਦਰਾਂ-ਕੀਮਤਾਂ ਵਿਰੁੱਧ ਅਗਾਂਹਵਧੂ ਸੰਘਰਸ਼ ਦਾ ਮਾਣਮੱਤਾ ਚਿੰਨ੍ਹ ਹਨ। ਸਭ ਤੋਂ ਖ਼ਤਰਨਾਕ ਪੱਖ ਇਹ ਹੈ ਕਿ ਪੁਲਿਸ ਸੱਤਾਧਾਰੀ ਭਾਜਪਾ-ਆਰਐੱਸਐੱਸ ਦੇ ਇਕ ਸਿਆਸੀ  ਵਿੰਗ ਵਜੋਂ ਕੰਮ ਕਰ ਰਹੀ ਹੈ। ਆਜ਼ਾਦਾਨਾ ਤਫ਼ਤੀਸ਼ ਦੇ ਕਾਇਦੇ-ਕਾਨੂੰਨਾਂ ਨੂੰ ਛਿੱਕੇ ਟੰਗ ਕੇ ਪੁਲਿਸ ਸੱਤਾਧਾਰੀ ਧਿਰ ਦੇ ਸੌੜੇ ਹਿਤ ਪੂਰੇ ਕਰਨ ’ਚ ਜੁੱਟੀ ਹੋਈ ਹੈ। ਇਸ ਵੱਲੋਂ ਸੱਤਾਧਾਰੀ ਦੇ ਇਸ਼ਾਰੇ ’ਤੇ ਕੀਤੀ ਜਾ ਰਹੀ ਬਦਲਾ ਲਊ ਕਾਰਵਾਈ ਦਾ ਇਕੋਇਕ ਮਨੋਰਥ ਸਵਾਲ ਕਰਨ ਵਾਲਿਆਂ ਨੂੰ ਦਬਾਉਣਾ ਅਤੇ ਹਕੂਮਤੀ ਮਨਮਾਨੀਆਂ ਲਈ ਰਾਹ ਪੱਧਰਾ ਕਰਨਾ ਹੈ।

ਇਸੇ ਸਿਲਸਿਲੇ ਵਿਚ 50 ਤੋਂ ਉੱਪਰ ਕਾਰਕੁੰਨਾਂ ਦੀ ਸੂਚੀ ਬਣਾ ਕੇ ਪਹਿਲਾਂ ਸਫ਼ੂਰਾ ਜ਼ਰਗਰ, ਮੀਰਾਨ ਹੈਦਰ, ਸ਼ਰਜ਼ੀਲ ਇਮਾਮ ਅਤੇ ਹੋਰ ਕਾਰਕੁੰਨਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਅਤੇ ਉਮਰ ਖ਼ਾਲਿਦ ਉੱਪਰ ਯੂਏਪੀਏ ਤਹਿਤ ਪਰਚਾ ਕੀਤਾ ਗਿਆ। ਜਦ ਕੇ ਹਿੰਸਾ ਭੜਕਾਉਣ ਵਾਲੇ, ਉਕਸਾਊ ਭਾਸ਼ਨ ਦੇਣ ਵਾਲੇ ਤੇ ਸੋਸ਼ਲ ਮੀਡੀਆਂ ਉੱਪਰ ਝੂਠ ਫੈਲਾਉਣ ਵਾਲੇ ਖੁੱਲ੍ਹੇਆਮ ਘੁੰਮ ਰਹੇ ਹਨ। ਇਹ ਅੰਗਰੇਜ ਦੀ ਪੁਰਾਣੀ ਚਾਲ ਕਿ ਐੱਫਆਈਆਰ ਨੂੰ ਇਸ ਤਰੀਕੇ ਨਾਲ ਖੁੱਲ੍ਹੀ ਰੱਖੋ ਤਾਂ ਕਿਸੇ ਨੂੰ ਵੀ ਰਾਜਸੀ ਮਨ ਮਰਜੀ ਨਾਲ ਕੇਸ ਵਿਚ ਸ਼ਾਮਲ ਕੀਤਾ ਜਾ ਸਕੇ।

ਭੀਮਾ-ਕੋਰੇਗਾਓਂ ਹਿੰਸਾ ਸਾਜ਼ਿਸ਼ ਕੇਸ ਦੀ ਤਰ੍ਹਾਂ ਹੀ ਦਿੱਲੀ ਵਿਚ ਫਿਰਕੂ ਹਿੰਸਾ ਭੜਕਾਉਣ ਵਾਲੇ ਸੰਘ ਪਰਿਵਾਰ ਦੇ ਆਗੂਆਂ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਸਗੋਂ ਦੇਸ਼ ਭਰ ਵਿੱਚੋਂ ਚੁਣ ਚੁਣ ਕੇ ਬੁੱਧੀਜੀਵੀਆਂ ਅਤੇ ਕਾਰਕੁੰਨਾਂ ਉੱਪਰ ਯੂਏਪੀਏ ਲਗਾਇਆ ਜਾ ਰਿਹਾ ਹੈ। ਭੜਕਾਊ ਫਿਰਕੂ ਭਾਸ਼ਣ ਦੇਣ ਵਾਲੇ ਅਤੇ ਫਿਰਕੂ ਹਜੂਮਾਂ ਦੀ ਅਗਵਾਈ ਕਰਕੇ ਹਿੰਸਾ ਕਰਵਾਉਣ ਵਾਲੇ ਭਾਜਪਾ ਆਗੂਆਂ ਅਨੁਰਾਗ ਠਾਕੁਰ, ਕਪਿਲ ਮਿਸ਼ਰਾ, ਪ੍ਰਵੇਸ਼ ਵਰਮਾ ਸੱਤਾ ਵਿਚ ਅਹੁਦਿਆਂ ਉੱਪਰ ਸ਼ੁਸ਼ੋਭਿਤ ਹਨ ਜਦਕਿ ਹੱਕ, ਸੱਚ ਅਤੇ ਇਨਸਾਫ਼ ਦੀ ਗੱਲ ਕਰਨ ਵਾਲੀਆਂ ਦਲੇਰ ਲੜਕੀਆਂ ਅਤੇ ਕਾਰਕੁੰਨਾਂ ਦੀ ਜੇਲ੍ਹਬੰਦੀ ਯਕੀਨੀਂ ਬਣਾਉਣਾ ਹੀ ਪੁਲਿਸ ਦਾ ਇਕੋਇਕ ਕਾਰਜ ਬਣ ਚੁੱਕਾ ਹੈ। ਦਹਿਸ਼ਤਵਾਦ ਵਿਰੋਧੀ ਕਾਨੂੰਨ ਤਹਿਤ ਗਿ੍ਰਫ਼ਤਾਰੀਆਂ ਅਤੇ ਜੇਲ੍ਹਬੰਦੀ ਰਾਹੀਂ ਸੱਤਾਧਾਰੀ ਧਿਰ ਸਮਾਜ ਦੇ ਉਹਨਾਂ ਸਾਰੇ ਜਾਗਰੂਕ ਹਿੱਸਿਆਂ ਨੂੰ ਤਾਨਾਸ਼ਾਹ ਸੰਦੇਸ਼ ਦੇ ਕੇ ਚੁੱਪ ਕਰਾਉਣਾ ਚਾਹੁੰਦੀ ਹੈ ਜਿਹਨਾਂ ਵਿਚ ਸਥਾਪਤੀ ਦੀਆਂ ਮਨਮਾਨੀਆਂ ਨੂੰ ਸਵਾਲ ਕਰਨ ਅਤੇ ਇਸ ਵਿਰੁੱਧ ਲੋਕਰਾਇ ਖੜ੍ਹੀ ਕਰਨ ਦਾ ਜਜ਼ਬਾ ਹੈ।

ਉਹਨਾਂ ਨੇ ਸਮੂਹ ਇਨਸਾਫ਼ਪਸੰਦ, ਜਮਹੂਰੀ ਤਾਕਤਾਂ ਨੂੰ ਜਮਹੂਰੀ ਹੱਕਾਂ ਦੀ ਰਾਖੀ ਲਈ ਸੱਤਾਧਾਰੀ ਧਿਰ ਦੇ ਇਸ ਹਮਲੇ ਦਾ ਡੱਟ ਕੇ ਵਿਸ਼ਾਲ ਲਾਮਬੰਦੀ ਦੁਆਰਾ ਮੁਕਾਬਲਾ ਕਰਨ ਦੀ ਅਪੀਲ ਕੀਤੀ ਹੈ। ਅੱਜ ਦੇ ਤੰਗੀ ਤੇ ਮੰਦਵਾੜੇ ਦੇ ਦੌਰ ਵਿਚ ਜਨਤਾ ਦੇ ਜਮਹੂਰੀ ਹੱਕ ਉਹ ਹੱਕ ਹਨ ਜਿਸ ਦੀ ਰਾਖੀ ਕਰਕੇ ਹੀ ਭਾਰਤੀ ਲੋਕ ਬਰਾਬਰੀ ਵਾਲੇ ਸਮਾਜ ਅਤੇ ਮਾਣ-ਸਨਮਾਨ ਵਾਲੀ ਜ਼ਿੰਦਗੀ ਲਈ ਜੂਝ ਸਕਦੇ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ