ਸਨਪ੍ਰੀਤ ਸਿੰਘ ਮਾਂਗਟ ਦੀ ਸ਼ੱਕੀ ਹਾਲਾਤ ਵਿਚ ਮੌਤ ਬਾਰੇ ਜਮਹੂਰੀ ਅਧਿਕਾਰ ਸਭਾ ਨੇ ਜਾਰੀ ਕੀਤੀ ਮੁੱਢਲੀ ਰਿਪੋਰਟ
Posted on:- 15-05-2020
10 ਮਈ ਦੀ ਰਾਤ ਨੂੰ 10 ਵਜੇ ਦੀ ਕਰੀਬ ਸਨਪ੍ਰੀਤ ਸਿੰਘ ਮਾਂਗਟ, ਦੀ ਖ਼ੂਨ ਨਾਲ ਲੱਥਪੱਥ ਲਾਸ਼ ਰਾਹੋਂ ਨੇੜੇ ਰਾਹੋਂ-ਮਾਛੀਵਾੜਾ ਸੜਕ ਉੱਪਰ ਬਹੁਤ ਹੀ ਸ਼ੱਕੀ ਹਾਲਾਤ ਵਿਚ ਮਿਲੀ। ਲਾਸ਼ ਦੇ ਕੋਲ ਉਸ ਦਾ ਮੋਟਰਸਾਈਕਲ ਸਾਈਡ ਸਟੈਂਡ ਉੱਪਰ ਖੜ੍ਹਾ ਮਿਲਿਆ। ਅਜੇ ਥੋੜ੍ਹਾ ਸਮਾਂ ਪਹਿਲਾਂ ਹੀ ਉਸ ਨੇ ਆਪਣੇ ਪਿਤਾ ਜੀ ਨੂੰ ਫ਼ੋਨ ਉੱਪਰ ਦੱਸਿਆ ਸੀ ਕਿ ਉਹ ਰਾਹੋਂ ਦੇ ਨਜ਼ਦੀਕ ਗੜ੍ਹੀ ਮੋੜ ਕੋਲ ਪਹੁੰਚ ਗਿਆ ਹੈ ਅਤੇ ਛੇਤੀ ਹੀ ਘਰ ਆ ਜਾਵੇਗਾ। ਘਟਨਾ ਸਥਾਨ ਤੋਂ ਉਸ ਦਾ ਘਰ ਬਹੁਤੀ ਦੂਰ ਨਹੀਂ, ਉੱਥੋਂ ਪਹੁੰਚਣ ਨੂੰ ਮਸਾਂ ਦਸ ਪੰਦਰਾਂ ਮਿੰਟ ਲੱਗਦੇ ਹਨ।
ਘਰ ਨਾ ਪਹੁੰਚਣ 'ਤੇ ਅਤੇ ਮੁੜ ਫ਼ੋਨ ਉੱਪਰ ਗੱਲ ਨਾ ਹੋਣ 'ਤੇ ਜਦੋਂ ਸਨਪ੍ਰੀਤ ਸਿੰਘ ਦੇ ਪਿਤਾ ਜੀ ਉਸ ਦੀ ਭਾਲ ਕਰਦੇ ਹੋਏ ਉਸ ਪਾਸੇ ਗਏ ਤਾਂ ਗੜੀ ਮੋੜ ਕੁਝ ਦੂਰ ਸੜਕ ਦੇ ਕੰਢੇ ਉਸ ਦੀ ਲਾਸ਼ ਮਿਲੀ। ਸੂਚਨਾ ਮਿਲਣ 'ਤੇ ਪੁਲਿਸ ਅਧਿਕਾਰੀ ਮੌਕੇ ਉੱਪਰ ਪਹੁੰਚੇ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਉਸ ਦੇ ਪਿਤਾ ਜੀ ਦੇ ਬਿਆਨਾਂ ਦੇ ਆਧਾਰ 'ਤੇ ਜੋ ਐੱਫ ਆਈ ਆਰ ਲਿਖੀ ਗਈ ਉਸ ਵਿਚ ਮੌਤ ਦਾ ਕਾਰਨ ਸੜਕ ਹਾਦਸਾ ਦੱਸਿਆ ਗਿਆ। ਅਗਲੇ ਦਿਨ ਸਿਵਿਲ ਹਸਪਤਾਲ ਬਲਾਚੌਰ ਵਿਚ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਗਿਆ ਅਤੇ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਗਿਆ। ਪੋਸਟ ਮਾਰਟਮ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।
ਸਨਪ੍ਰੀਤ ਸਿੰਘ ਸਮਾਜਿਕ ਮਸਲਿਆਂ ਅਤੇ ਸਰੋਕਾਰਾਂ ਨਾਲ ਡੂੰਘਾ ਸਰੋਕਾਰ ਰੱਖਦੇ ਸਨ, ਇਕ ਧੜੱਲੇਦਾਰ ਪੱਤਰਕਾਰ ਰਹੇ ਚੁੱਕੇ ਸਨ ਅਤੇ ਹੁਣ ਖੇਤੀਬਾੜੀ ਦਾ ਕੰਮ ਕਰਦੇ ਸਨ। ਜਮਹੂਰੀ ਅਧਿਕਾਰ ਸਭਾ ਵੱਲੋਂ ਇਸ ਘਟਨਾ ਦਾ ਪਤਾ ਲੱਗਣ 'ਤੇ ਇਸ ਦੇ ਤੱਥਾਂ ਦੀ ਪੜਤਾਲ ਕਰਨ ਦਾ ਫ਼ੈਸਲਾ ਲਿਆ। ਸਭਾ ਦੀ ਤਿੰਨ ਮੈਂਬਰੀ ਟੀਮ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ, ਮ੍ਰਿਤਕ ਦੇ ਪਿਤਾ ਨਾਲ ਗੱਲਬਾਤ ਕੀਤੀ ਗਈ ਅਤੇ ਮੌਕੇ ਉੱਪਰ ਖਿੱਚੀਆਂ ਗਈਆਂ ਲਾਸ਼ ਦੀਆਂ ਤਸਵੀਰਾਂ ਦੀ ਜਾਂਚ ਵੀ ਕੀਤੀ। ਸਭਾ ਇਸ ਨਤੀਜੇ ਉੱਪਰ ਪਹੁੰਚੀ ਹੈ:
ਵਾਰਦਾਤ ਦੇ ਹਾਲਾਤ ਦੱਸਦੇ ਹਨ ਕਿ ਇਹ ਸੜਕ ਹਾਦਸੇ ਦਾ ਮਾਮਲਾ ਨਹੀਂ ਹੈ। ਲਾਸ਼ ਦੀ ਹਾਲਤ, ਮੌਕੇ ਦੀ ਸਥਿਤੀ ਆਦਿ ਦਾ ਬਾਰੀਕੀ ਨਾਲ ਜਾਇਜ਼ਾ ਲੈਣ ਦੀ ਬਜਾਏ ਸਥਾਨਕ ਪੁਲਿਸ ਅਧਿਕਾਰੀਆਂ ਵੱਲੋਂ ਇਸ ਨੂੰ ਬਹੁਤ ਸਰਸਰੀ ਤੌਰ 'ਤੇ ਲਿਆ ਗਿਆ। ਇਸ ਨੂੰ ਆਮ ਹਾਦਸਾ ਮੰਨ ਲਿਆ ਗਿਆ ਅਤੇ ਮ੍ਰਿਤਕ ਨਾਲ ਸੰਬੰਧਤ ਵਿਸ਼ੇਸ਼ ਪੱਖਾਂ ਨੂੰ ਅਣਗੌਲਿਆ ਕੀਤਾ ਗਿਆ।
ਐੱਫ.ਆਈ.ਆਰ. ਸਿਰਫ਼ ਮ੍ਰਿਤਕ ਦੇ ਪਿਤਾ ਜੀ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਲਿਖੀ ਗਈ। ਨੌਜਵਾਨ ਪੁੱਤਰ ਦੀ ਮੌਤ ਦੇ ਡੂੰਘੇ ਸਦਮੇ ਵਿਚ ਹੋਣ ਕਾਰਨ ਇਕ ਪਿਤਾ ਲਈ ਮੌਤ ਦੇ ਕਾਰਨਾਂ ਨੂੰ ਸਮਝ ਸਕਣਾ ਸੰਭਵ ਨਹੀਂ। ਇਹ ਪੁਲਿਸ ਦੀ ਡਿਊਟੀ ਸੀ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ਦੇ ਨਾਲ-ਨਾਲ ਮੌਕੇ ਦੇ ਹਾਲਾਤ ਨੂੰ ਕਲਮਬੱਧ ਕਰਦੀ।
ਮ੍ਰਿਤਕ ਦਾ ਮੋਟਰ ਸਾਈਕਲ ਬਿਲਕੁਲ ਸਹੀ ਸਲਾਮਤ ਹਾਲਤ ਵਿਚ ਮਿਲਿਆ। ਸੜਕੀ ਹਾਦਸੇ ਦੀ ਹਾਲਤ ਵਿਚ ਮੋਟਰ ਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਜਾਣਾ ਸੀ। ਕਿਸੇ ਵਾਹਨ ਨਾਲ ਟੱਕਰ ਅਤੇ ਇਸ ਦੇ ਨਤੀਜੇ ਵਜੋਂ ਹੋਈ ਟੁੱਟਭੱਜ ਦੇ ਨਿਸ਼ਾਨ ਘਟਨਾ ਸਥਾਨ ਉੱਪਰ ਮੌਜੂਦ ਹੋਣੇ ਸੀ। ਇਸ ਤਰ੍ਹਾਂ ਦਾ ਕੋਈ ਨਿਸ਼ਾਨ ਉੱਥੇ ਨਹੀਂ ਸੀ। ਮ੍ਰਿਤਕ ਦੇ ਹੱਥ ਵਿਚ ਥੈਲਾ ਫੜਿਆ ਹੋਇਆ ਮਿਲਿਆ ਜਿਸ ਵਿਚ ਟਿਫ਼ਿਨ ਵਗੈਰਾ ਸਨ। ਸੜਕੀ ਹਾਦਸਾ ਹੋਣ ਦੀ ਸੂਰਤ ਵਿਚ ਥੈਲਾ ਹੱਥ ਵਿਚ ਪਕੜੇ ਰਹਿਣਾ ਸੰਭਵ ਨਹੀਂ ਹੈ। ਇਹ ਤੱਥ ਸੰਕੇਤ ਕਰਦੇ ਹਨ ਕਿ ਮੌਤ ਹਾਦਸੇ ਵਿਚ ਨਹੀਂ ਹੋਈ, ਮੌਤ ਦਾ ਕਾਰਨ ਹੋਰ ਹੈ। ਜਿਸ ਦੀ ਡੂੰਘਾਈ ਵਿਚ ਜਾਂਚ ਜ਼ਰੂਰੀ ਹੈ।
ਮ੍ਰਿਤਕ ਨੌਜਵਾਨ ਇਕ ਪੱਤਰਕਾਰ ਰਹਿ ਚੁੱਕਾ ਸੀ ਅਤੇ ਇਕ ਬੇਬਾਕ ਪੱਤਰਕਾਰ ਹੋਣ ਕਰਕੇ ਉਸ ਦੀ ਸ਼ੱਕੀ ਹਾਲਾਤ ਵਿਚ ਮੌਤ ਦੀ ਜਾਂਚ ਦੇ ਘੇਰੇ ਵਿਚ ਇਸ ਪੱਖ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ। ਪੁਲਿਸ ਅਧਿਕਾਰੀਆਂ ਨੂੰ ਇਸ ਪੱਖ ਨੂੰ ਆਪਣੀ ਜਾਂਚ ਵਿਚ ਮਹੱਤਵ ਦੇਣਾ ਚਾਹੀਦਾ ਸੀ। ਮੌਕੇ ਦੇ ਤੱਥਾਂ ਨੂੰ ਬਾਰੀਕੀ ਵਿਚ ਘੋਖਣਾ ਅਤੇ ਸਾਰੇ ਨਿਸ਼ਾਨਾਂ ਅਤੇ ਸਬੂਤਾਂ ਨੂੰ ਨਿਹਾਇਤ ਗੰਭੀਰਤਾ ਨਾਲ ਸੰਭਾਲਣਾ ਚਾਹੀਦਾ ਸੀ। ਜੋ ਕਿ ਨਹੀਂ ਕੀਤਾ ਗਿਆ।
ਇਹ ਪੁਲਿਸ ਅਧਿਕਾਰੀਆਂ ਦੀ ਪੇਸ਼ੇਵਰ ਨਾਕਾਬਲੀਅਤ ਨੂੰ ਜ਼ਾਹਿਰ ਕਰਦਾ ਹੈ।
ਸਭਾ ਸਮਝਦੀ ਹੈ ਕਿ ਇਸ ਮਾਮਲੇ ਦੀ ਬਾਰੀਕੀ ਵਿਚ ਜਾਂਚ ਫੌਰੈਂਸਿਕ ਮਾਹਰਾਂ ਤੋਂ ਕਰਵਾਈ ਜਾਣੀ ਚਾਹੀਦੀ ਹੈ। ਇਸ ਲਈ ਜ਼ਰੂਰੀ ਹੈ ਮ੍ਰਿਤਕ ਦੇ ਮੋਬਾਈਲ ਉੱਪਰ ਉਸ ਦਿਨ ਦੀਆਂ ਇਨਕਮਿੰਗ ਅਤੇ ਆਊਟਗੋਇੰਗ ਕਾਲਾਂ ਦੀ ਬਾਰੀਕੀ 'ਚ ਜਾਂਚ ਹੋਵੇ। ਘਟਨਾ ਵਾਲੇ ਦਿਨ ਦਾ ਉਸ ਵਿਸ਼ੇਸ਼ ਖੇਤਰ ਨਾਲ ਸੰਬੰਧਤ ਡੰਪ ਸੀ.ਡੀ.ਆਰ. (ਕਾਲ ਡੇਟਾ ਰਿਕਾਰਡ) ਹਾਸਲ ਕਰਕੇ ਜਾਂਚ ਕੀਤੀ ਜਾਵੇ। ਘਟਨਾ ਸਥਾਨ ਦੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀਆਂ ਵੀਡੀਓ ਫੁੱਟੇਜ ਤੁਰੰਤ ਹਾਸਲ ਕੀਤੀਆਂ ਜਾਣ ਅਤੇ ਇਸ ਦੌਰਾਨ ਸੜਕ ਉੱਪਰੋਂ ਗੁਜ਼ਰਨ ਵਾਲੇ ਵਾਹਨਾਂ ਦੀ ਜਾਂਚ ਕੀਤੀ ਜਾਵੇ।