‘ਕਿਤੇ ਕੱਲੀ ਬਹਿ ਕੇ ਸੋਚੀਂ ਨੀ’ ਭਰੇ ਇਕੱਠ ਵਿੱਚ ਰਿਲੀਜ਼
Posted on:- 22-01-2013
ਹੁਣ ਤੱਕ ਆਪਣੇ ਰਿਕਾਰਡ ਹੋ ਚੁੱਕੇ 500 ਤੋਂ ਵੱਧ ਗੀਤਾਂ ਦੇ ਰਚੇਤਾ ਜਸਬੀਰ ਗੁਣਾਚੌਰੀਆ ਵੱਲੋਂ ਆਪਣੇ ਚੋਣਵੇਂ ਗੀਤਾਂ ਦੀ ਕਿਤਾਬ “ਕਿਤੇ ਕੱਲੀ ਬਹਿਕੇ ਸੋਚੀਂ ਨੀ” ਪੰਜਾਬੀ ਸਾਹਿਤ ਸਭਾ ਕੈਲਗਰੀ ਵੱਲੋਂ ਪੰਜਾਬੀ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ ਰਿਲੀਜ਼ ਕੀਤੀ ਗਈ।
ਇਸ ਮੌਕੇ ਜਿੱਥੇ ਪੰਜਾਬੀ ਸਾਹਿਤ ਸਭਾ ਕੈਲਗਰੀ ਵੱਲੋਂ ਜਸਬੀਰ ਗੁਣਾਚੌਰੀਆ ਨੂੰ ਉਸ ਦੇ ਵਧੀਆ ਗੀਤ ਰਚਣ ਬਦਲੇ ਪਲੈਕ ਅਤੇ ਦਲਬੀਰ ਜਲੋਵਾਲ ਨੇ ਸਪਾਂਸਰ ਵੀਰਾਂ ਦੀ ਮਦਦ ਨਾਲ 2000 ਕੈਨੇਡੀਅਨ ਡਾਲਰ ਨਕਦ ਰਾਸੀ ਦੇਕੇ ਸਨਮਾਨਿਤ ਕੀਤਾ ਗਿਆ ਉਥੇ ਨਾਲ ਹੀ ਅਲਬਰਟਾ ਦੇ ਸਰਵਿਸਜ਼ ਮੰਤਰੀ ਮਨਮੀਤ ਭੁੱਲਰ ਵੱਲੋਂ ਵੀ ਸਨਮਾਨ ਪੱਤਰ ਦਿੱਤਾ ਗਿਆ ।ਇਸ ਮੌਕੇ ਮਨਮੀਤ ਭੁੱਲਰ ਨੇ ਕਿਹਾ ਕਿ ਜਿੱਥੇ ਗੀਤਕਾਰਾਂ ਦਾ ਸਮਾਜ ਨੂੰ ਸੇਧ ਦੇਣ ਲਈ ਵਧੀਆ ਗੀਤ ਲਿਖਣ ਦਾ ਫਰਜ਼ ਬਣਦਾ ਹੈ ਉੱਥੇ ਨਾਲ ਹੀ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਵਧੀਆ ਲਿਖਣ ਵਾਲੀਆਂ ਕਲਮਾਂ ਦਾ ਸਤਿਕਾਰ ਕਰੀਏ।
ਨਾਮਵਰ ਗਾਇਕ ਰਾਜ ਰਣਯੋਧ,ਭੋਲਾ ਚੌਹਾਨ, ਗੈਰੀ ਜੋਹਲ ਨੇ ਗੁਣਾਚੌਰੀਏ ਦੇ ਲਿਖੇ ਗੀਤਾਂ ਨੂੰ ਆਪਣੇ ਗਲੇ ਦਾ ਸਿੰਗਾਰ ਬਣਾਕੇ ਇਸ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ।ਸਟੇਜ਼ ਸਕੱਤਰ ਦੀ ਭੂਮਿਕਾ ਰਵੀ ਜਨਾਗਲ ਨੇ ਬੜੀ ਰੌਚਿਕਤਾ ਨਾਲ ਨਿਭਾਈ। ਪ੍ਰਧਾਨ ਜਸਵੀਰ ਸਹੋਤਾ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ ਅਤੇ ਸੁਰਜੀਤ ਸੀਤਲ “ਪਨੂੰ” ਨੇ ਕਿਤਾਬ ਉੱਪਰ ਆਪਣਾ ਪੇਪਰ ਪੜ੍ਹਿਆ। ਛੋਟੇ ਬੱਚਿਆਂ ਦਾ ਢਾਡੀ ਜਥਾ ਬਾ ਕਮਾਲ ਪੇਸਕਾਰੀ ਕਰ ਗਿਆ।
ਇਸ ਮੌਕੇ ਬੋਲਦਿਆਂ ਜਸਬੀਰ ਗੁਣਾਚੌਰੀਆ ਨੇ ਕਿਹਾ ਕਿ ‘ਉਹ ਸਾਫ ਸੁਥਰੀ ਲੇਖਣੀ ਲਈ ਬਚਨ ਵੱਧ ਹੈ।ਉਸ ਦੀ ਕਲਮ ਨੇ ਅਸਲੀਲ ਸਬਦਾਂ ਤੋਂ ਦੂਰੀ ਬਣਾਕੇ ਰੱਖੀ ਹੈ ਅਤੇ ਭਵਿੱਖ ਵਿੱਚ ਵੀ ਇਸੇ ਹੀ ਦ੍ਰਿੜਤਾ ਨਾਲ ਲਿਖਦਾ ਰਹੇਗਾ”।ਇਸ ਮੌਕੇ ਹਰਮੀਤ ਸਿੰਘ ਖੁੱਡੀਆ, ਦਲਵੀਰ ਜਲੋਵਾਲ,ਜਗਦੇਵ ਜੰਡੂ,ਇੰਦਰਪਾਲ,ਅਮਨ ਚੀਮਾਂ,ਜਸਪਾਲ ਢੰਡਾ,ਸੰਦੀਪ ਪੰਧੇਰ,ਹਰਪਿੰਦਰ ਸਿੱਧੂ,ਬੰਟੀ ਸੈਰੀ,ਤਰਨਜੀਤ ਮੰਡ,ਹਰਚਰਨ ਸਿੰਘ ਸਿੱਖ ਵਿਰਸਾ, ਅਤੇ ਕੈਲਗਰੀ ਦੀਆਂ ਹੋਰ ਨਾਮਵਰ ਸਖਸੀਅਤਾਂ ਮੌਜੂਦ ਸਨ।
-ਹਰਬੰਸ (ਕੈਲਗਰੀ)