ਕੌਮੀ ਪੈਦਾਵਾਰ ਅਤੇ ਪੈਦਾਵਾਰ ਕਰਨ ਵਾਲਿਆਂ ਦੇ ਹੱਕ 'ਚ ਹਾਅ ਦਾ ਨਾਹਰਾ ਮਾਰੋ
Posted on:- 09-05-2020
ਰੁਲ ਤੇ ਗਲ ਰਹੀ ਕਣਕ ਤੇ ਪੀੜਤ ਕਿਸਾਨਾਂ ਅਤੇ ਰੁਜ਼ਗਾਰ ਬੰਦੀ ਦੇ ਸਤਾਏ ਕਿਰਤੀਆਂ ਦੇ ਹਿੱਤਾਂ-ਹੱਕਾਂ ਦੀ ਆਵਾਜ਼ ਉਠਾਉਂਦਿਆਂ ਲੋਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਨੇ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਕੌਮੀ ਪੈਦਾਵਾਰ ਨੂੰ ਅਤੇ ਇਸ ਨੂੰ ਪੈਦਾ ਕਰਨ ਵਾਲਿਆਂ ਨੂੰ ਬਚਾਉਣ ਲਈ ਹਾਅ ਦਾ ਨਾਹਰਾ ਮਾਰਨ ਦਾ ਯਤਨ ਜੁਟਾਉਣ।
ਮੋਰਚੇ ਦੇ ਜਥੇਬੰਦਕ ਸਕੱਤਰ ਜਗਮੇਲ ਸਿੰਘ ਨੇ ਕਿਹਾ ਹੈ ਕਿ ਕਣਕ, ਕੌਮੀ ਪੈਦਾਵਾਰ ਹੈ। ਇਸ ਨੂੰ ਰੁਲਣੋਂ-ਗਲਣੋਂ ਬਚਾਉਣਾ ਚਾਹੀਦਾ ਹੈ।ਹੁਣ ਵਰਗੇ 'ਮਹਾਂਮਾਰੀ' ਤੇ ਰੁਜ਼ਗਾਰਬੰਦੀ ਦੇ ਸਮਿਆਂ ਅੰਦਰ ਭੁੱਖੇ ਢਿੱਡ ਭਰਨ ਲਈ ਇਸ ਨੂੰ ਸੰਭਾਲਣਾ ਹੋਰ ਵੀ ਜਰੂਰੀ ਹੋ ਜਾਂਦਾ ਹੈ। ਪਰ ਸਾਡੇ ਇਥੇ ਕਣਕ ਰੁਲ ਰਹੀ ਹੈ।ਕਿਸਾਨ ਨੇ ਪੂਰੀ ਪਰੋਖੋਂ ਨਾਲ ਆਪਣੀ ਜਿੰਮੇਵਾਰੀ ਨਿਭਾਈ ਹੈ ਤੇ ਕਣਕ ਪੈਦਾ ਕੀਤੀ ਹੈ।ਅੱਗੋਂ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ, ਇਸ ਨੂੰ ਕੌਮੀ ਪੈਦਾਵਾਰ ਮੰਨ ਕੇ ਸੰਭਾਲਣਾ। ਜਦੋਂ ਪਤਾ ਹੈ, ਕਣਕ ਦਾ ਹੋਣਾ ਤੇ ਮੰਡੀਆਂ 'ਚ ਆਉਣਾ ਸਲਾਨਾ ਨਿਸ਼ਚਿਤ ਵਰਤਾਰਾ ਹੈ।ਫਿਰ ਸਰਕਾਰੀ ਖਰੀਦ ਏਜੰਸੀਆਂ ਦਾ ਸਮੇਂ ਸਿਰ ਮੰਡੀਆਂ ਵਿਚ ਨਾ ਆਉਣਾ, ਬਾਰਦਾਨਾ ਪੂਰਾ ਨਾ ਹੋਣਾ ਤੇ ਬੋਲੀ ਲਾਉਣ ਨੂੰ ਟਾਲੀ ਜਾਣਾ, ਕੌਮੀ ਪੈਦਾਵਾਰ ਦਾ ਅਤੇ ਪੈਦਾਵਾਰ ਕਰਨ ਵਾਲਿਆ ਦਾ ਨਿਰਾਦਰ ਹੈ। ਉਲਟਾ, ਮੀਂਹ-ਨੇਰ੍ਹੀ ਨਾਲ ਨੁਕਸਾਨੀ ਜਿਣਸ ਦਾ ਹਰਜਾਨਾ ਕਿਸਾਨ ਸਿਰ ਪਾ ਦੇਣਾ, ਕਿਸਾਨ ਨਾਲ ਧੱਕਾ ਹੈ।
ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਣਕ ਵੇਲੇ ਹੀ ਨਹੀਂ ਹੋ ਰਿਹਾ, ਇਹ ਹਰ ਫਸਲ ਵੇਲੇ ਹੁੰਦਾ ਹੈ।ਸੰਸਾਰ ਵਪਾਰ ਸੰਗਠਨ ਦੀਆਂ ਸ਼ਰਤਾਂ ਤਹਿਤ ਬਣੀਆਂ ਸਰਕਾਰੀ ਖਰੀਦ ਨੀਤੀਆਂ ਦਾ ਸਿੱਟਾ ਹੈ।ਕਿਸਾਨ ਦੀ ਪੈਦਾਵਾਰ ਨੂੰ ਕੌਮੀ ਪੈਦਾਵਾਰ ਨਾ ਮੰਨਣ ਦਾ ਸਿੱਟਾ ਹੈ।ਸਰਕਾਰੀ ਖਰੀਦ ਸਮੇਟਣ ਦੀਆਂ ਨੀਤੀਆਂ ਦਾ ਸਿੱਟਾ ਹੈ।
ਮੋਰਚੇ ਦੇ ਆਗੂ ਨੇ ਕਿਹਾ, ਅਚਾਨਕ ਹੋਏ ਲੌਕ ਡਾਊਨ ਦੇ ਐਲਾਨ ਕਾਰਨ ਘਰ ਤੋਂ ਬਾਹਰ ਗਿਆ ਹਰ ਕੋਈ ਘਰ ਨੂੰ ਮੁੜਿਆ ਹੈ ਜਾਂ ਮੁੜ ਰਿਹਾ ਹੈ। ਵਿਦੇਸ਼ਾਂ ਨੂੰ ਜਹਾਜ਼ ਸਭ ਤੋਂ ਪਹਿਲਾਂ ਭੇਜੇ।ਉਹ ਵੀ ਮੁਫ਼ਤ।ਫੇਰ ਏ.ਸੀ. ਬੱਸਾਂ ਭੇਜੀਆਂ, ਉਹ ਵੀ ਮੁਫ਼ਤ।ਹੁਣ ਕੱਚੀ ਜੇਲ੍ਹ ਕਟਾਉਣ ਤੇ ਡਾਂਗ ਫੇਰਨ ਉਪਰੰਤ ਰੇਲਾਂ ਦੀ ਵਾਰੀ ਆਈ। ਤਾਂ ਕਿਰਾਏ ਤੋਂ ਵੀ 50 ਰੁਪਏ ਵੱਧ ਮੰਗ ਲਏ ਗਏ। ਇਹ ਨੰਗਾ-ਚਿੱਟਾ ਵਿਤਕਰਾ ਤੇ ਧੱਕਾ ਹੈ।ਇਹ ਉਹਨਾਂ ਨਾਲ ਹੋ ਰਿਹਾ, ਜਿਹੜੇ ਰੋਜ਼ੀ-ਰੋਟੀ ਦੀ ਭਾਲ 'ਚ ਘਰ-ਪਰਿਵਾਰ ਛੱਡ ਪ੍ਰਵਾਸੀ ਬਣੇ ਸਨ। ਤੇ ਜਿਹੜੇ ਸ਼ੋਕ ਨਾਲ ਨਹੀਂ, ਸਗੋਂ ਕੰਮਬੰਦੀ ਦੇ ਸਰਕਾਰੀ ਫੈਸਲੇ ਅਤੇ ਮੁੜ ਕੰਮ ਦੀ ਬੇਭਰੋਸਗੀ ਕਰਕੇ ਮੁੜ ਘਰ-ਪਰਿਵਾਰ ਵੱਲ ਨੂੰ ਭੁੱਖਣ ਭਾਣੇ ਤੁਰਨ ਤੇ ਰੁਲਣ ਲਈ ਮਜ਼ਬੂਰ ਹੋਏ ਜਾ ਰਹੇ ਹਨ।
ਮੋਰਚਾ ਮੰਗ ਕਰਦਾ ਹੈ, ਸਰਕਾਰਾਂ ਕਣਕ ਨੂੰ ਕੌਮੀ ਪੈਦਾਵਾਰ ਮੰਨ ਕੇ ਇਸ ਦੀ ਖਰੀਦ ਕਰਨ ਅਤੇ ਸੰਭਾਲ ਕਰਨ। ਕਿਸਾਨ ਨੂੰ ਉਸ ਵੱਲੋਂ ਨਿਭਾਈ ਜਿੰਮੇਵਾਰੀ ਦਾ, ਸਰਕਾਰੀ ਮੁਲਾਜ਼ਮਾਂ ਵਾਂਗ ਬਣਦਾ ਪੂਰਾ ਫਲ ਦਿੱਤਾ ਜਾਵੇ।ਮਜ਼ਦੂਰਾਂ ਨੂੰ ਵੀ ਜਹਾਜ਼ਾਂ ਵਾਲਿਆਂ ਵਾਂਗ ਬਿਨ ਕਿਰਾਇਆ ਘਰੀਂ ਪਹੁੰਚਦੇ ਕੀਤਾ ਜਾਵੇ। ਰਸਤੇ ਦਾ ਖਾਣਾ-ਪਾਣੀ ਵੀ ਦਿੱਤਾ ਜਾਵੇ। ਘਰੇ ਰਾਸ਼ਨ ਤੇ ਨਕਦੀ ਵੀ ਦਿੱਤੀ ਜਾਵੇ।
-ਜਗਮੇਲ ਸਿੰਘ ਸੂਬਾ ਜਥੇਬੰਦਕ ਸਕੱਤਰ
(ਫੋਨ: 9417224822)
ਲੋਕ ਮੋਰਚਾ ਪੰਜਾਬ