ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਮਨਾਇਆ ਕੌਮਾਂਤਰੀ ਮਜ਼ਦੂਰ ਦਿਵਸ
Posted on:- 02-05-2020
ਬਰਨਾਲਾ: ਖੱਬੇ ਪੱਖੀ ਜੱਥੇਬੰਦੀਆਂ 'ਤੇ ਅਧਾਰਿਤ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਕੋਰੋਨਾ ਮਹਾਂਮਾਰੀ ਦੀ ਆੜ ਹੇਠ ਮਜ਼ਦੂਰਾਂ ਉੱਪਰ ਦਮਨਕਾਰੀ ਅਤੇ ਜਮਹੂਰੀ ਹੱਕਾਂ ਉੱਪਰ ਹਮਲਿਆਂ ਵਿਰੁੱਧ ਅੱਜ ਮਜ਼ਦੂਰ ਦਿਵਸ ਮੌਕੇ ਸਰੀਰਕ ਦੂਰੀ ਅਤੇ ਹੋਰ ਸਾਵਧਾਨੀਆਂ ਵਰਤਦਿਆਂ ਵੱਡੀ ਗਿਣਤੀ ਵਿੱਚ ਵੱਖ ਵੱਖ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਤਰਕਸ਼ੀਲ ਭਵਨ ਬਰਨਾਲਾ ਵਿਖੇ ਇਕੱਤਰ ਹੇਏ। ਸੂਬਾਈ ਆਗੂ ਨਰਾਇਣ ਦੱਤ ਦੀ ਮੰਚ ਸੰਚਾਲਨਾ ਹੇਠ ਸਮਾਗਮ ਦੀ ਸ਼ੁਰੂਆਤ ਮਜ਼ਦੂਰ ਆਗੂ ਗੁਰਦੇਵ ਕੌਰ ਵੱਲੋਂ ਝੰਡਾ ਲਹਿਰਾਉਣ ਅਤੇ ਇਕਬਾਲ ਉਦਾਸੀ ਦੇ ਸ਼ਰਧਾਂਜਲੀ ਗੀਤ ਨਾਲ ਸ਼ੁਰੂ ਹੋਈ।
ਇਸ ਸਮੇਂ ਬੁਲਾਰੇ ਆਗੂਆਂ ਕਰਮਜੀਤ ਬੀਹਲਾ, ਖੁਸ਼ੀਆ ਸਿੰਘ, ਰਜਿੰਦਰਪਾਲ, ਨਵਕਿਰਨ ਪੱਤੀ, ਚਰਨਜੀਤ ਕੌਰ ਨੇ ਮਜਦੂਰ ਜਮਾਤ ਦਾ ਸ਼ਾਨਾਮੱਤਾ ਇਤਿਹਾਸ ਕੁਰਬਾਨੀਆਂ ਭਰਿਆ ਸੰਗਰਾਮੀ ਵਿਰਸੇ ਬਾਰੇ ਅਤੇ ਅਜੋਕੀਆਂ ਚੁਣੌਤੀ ਭਰਪੂਰ ਹਾਲਤਾਂ ਬਾਰੇ ਚਾਨਣਾ ਪਾਇਆ।
ਬੁਲਾਰਿਆਂ ਕਿਹਾ ਕਿ ਮੋਦੀ ਸਰਕਾਰ ਨੇ ਕਰੋਨਾ ਵਾਇਰਸ ਸੰਕਟ ਦੀ ਆੜ ਹੇਠ ਕਿਰਤੀ ਜਮਾਤ ਉੱਪਰ ਹੱਲਾ ਬੋਲਿਆ ਹੋਇਆ ਹੈ। ਬਹੁਕੌਮੀ ਕਾਰਪੋਰੇਸ਼ਨਾਂ ਦੇ ਹੱਕ 'ਚ ਭੁਗਤਣ ਲਈ ਮਜ਼ਦੂਰਾਂ ਦੇ ਕੰਮ ਦੇ ਘੰਟੇ ਵਧਾ ਰਹੀ ਹੈ । ਕਿਰਤ ਕਾਨੂੰਨਾਂ 'ਚ ਮਜ਼ਦੂਰ ਵਿਰੋਧੀ ਸੋਧਾਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਦਾ ਵਿਰੋਧ ਕਰਨ ਵਾਲਿਆਂ, ਵੱਖਰੀ ਰਾਇ ਰੱਖਣ ਵਾਲਿਆਂ ਸਿਆਸੀ ਕਾਰਕੁੰਨਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਅਤੇ ਉਹਨਾਂ ਦੇ ਖ਼ਿਲਾਫ਼ ਨਫ਼ਰਤੀ ਪ੍ਰਚਾਰ ਕਰਕੇ ਉਹਨਾਂ ਨੂੰ ਦੇਸ਼-ਧ੍ਰੋਹੀ ਹੋਣ ਦਾ ਅਕਸ ਬਣਾਇਆ ਜਾ ਰਿਹਾ ਹੈ। ਤਾਲਾਬੰਦੀ ਕਾਰਨ ਭੁੱਖੇ ਬੇਰੁਜ਼ਗਾਰ ਲੋਕ ਹਜ਼ਾਰਾਂ ਮੀਲਾਂ ਦੀ ਦੂਰੀ ਤੋਂ ਆਪਣਿਆਂ ਸੂਬਿਆਂ, ਪਿੰਡਾਂ ਵੱਲ ਨੂੰ ਜਾਣ ਲਈ ਤਰਸ ਰਹੇ ਹਨ ਅਤੇ ਕਈ ਇਹਨਾਂ ਮੁਸ਼ਕਲ ਹਾਲਤਾਂ ਵਿੱਚ ਪੈਦਲ ਹੀ ਚੱਲਣ ਕਾਰਨ ਸੂਬਿਆਂ ਦੀਆਂ ਹੱਦਾਂ ਉੱਪਰ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੇ ਹਨ। ਫਰੰਟ ਦੇ ਆਗੂਆਂ ਨੇ ਲੋਕਾਂ ਨੂੰੰ ਲੁੱਟ ਅਧਾਰਿਤ ਸਮਾਜ ਜੋ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਕਰਕੇ ਜਿਸਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ ਨੂੰ ਬਦਲਣ ਲਈ ਵਿਸ਼ਾਲ ਲਾਮਬੰਦੀ ਅਤੇ ਸੰਘਰਸ਼ ਦਾ ਸੱਦਾ ਦਿੱਤਾ ਤਾਂ ਜੋ ਬਰਾਬਰੀ, ਜਮਹੂਰੀਅਤ ਪੱਖੀ ਅਤੇ ਸਹੀ ਅਰਥਾਂ ਵਿੱਚ ਧਰਮ-ਨਿਰਪੱਖ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਕੱਠ ਨੇ ਲੋਕ ਪੱਖੀ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ, ਵਕੀਲਾਂ, ਪੱਤਰਕਾਰਾਂ ਉੱਪਰ ਦੇਸ਼ ਧ੍ਰੋਹ ਵਰਗੇ ਸੰਗੀਨ ਜੁਰਮਾਂ ਤਹਿਤ ਮੁਕੱਦਮੇ ਦਰਜ ਕਰਕੇ ਹਕੂਮਤੀ ਜਬਰ ਜਬਰ ਦਾ ਨਿਸ਼ਾਨਾ ਬਣਾਉਣ ਦੀ ਮੋਦੀ ਹਕੂਮਤ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਬਿਨ੍ਹਾਂ ਸ਼ਰਤ ਤੁਰੰਤ ਰਿਹਾਅ ਕਰਨ ਦੀ ਮੰਗ ਕਰਨ ਦੇ ਮਤੇ ਪਾਸ ਕੀਤੇ। ਇਸ ਸਮੇਂ ਬਲਵੰਤ ਉੱਪਲੀ, ਗੁਰਮੀਤ ਸੁਖਪੁਰ, ਅਮਰਜੀਤ ਕੌਰ, ਖੁਸ਼ਮੰਦਰਪਾਲ, ਰਾਜੀਵ ਕੁਮਾਰ, ਸੋਹਣ ਸਿੰਘ ਮਾਝੀ, ਅਨਿਲ ਕੁਮਾਰ, ਜਗਰਾਜ ਰਾਮਾ, ਮਲਕੀਤ ਸਿੰਘ, ਸੁਖਵਿੰਦਰ ਸਿੰਘ, ਹਰਚਰਨ ਚਹਿਲ ਅਤੇ ਗੁਰਜੰਟ ਸਿੰਘ ਆਦਿ ਆਗੂ ਵੀ ਸ਼ਾਮਿਲ ਸਨ। -ਨਰਾਇਣ ਦੱਤ