ਬੁੱਧੀਜੀਵੀਆਂ ਖਿਲਾਫ ਦੇਸ਼ ਧ੍ਰੋਹ ਦੇ ਝੂਠੇ ਦੋਸ਼ਾਂ ਵਿਰੁੱਧ ਜਨਤਕ ਭੁੱਖ ਹੜਤਾਲ
Posted on:- 14-04-2020
ਦੇਸ਼ ਪੱਧਰੇ ਕੁਲ ਹਿੰਦ ਸਿੱਖਿਆ ਅਧਿਕਾਰ ਮੰਚ ਦੇ ਸੱਦੇ ’ਤੇ ਅੱਜ ਸੂਬੇ ਭਰ ਵਿੱਚ ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਵਰਕਰਾਂ ਨੇ ਆਪਣੇ ਘਰਾਂ ’ਚ ਇੱਕ ਰੋਜ਼ਾ ਹੜਤਾਲ ਰੱਖੀ। ਇਸ ਮਹਾਂਮਾਰੀ ਦੀ ਹਾਲਤ ’ਚ ਜਦੋਂ ਬਾਹਰ ਨਿਕਲਣਾ ਜਾਨ ਲੇਵਾ ਹੈ, ਅਜਿਹੇ ਸਮੇਂ ਸੈਂਕੜੇ ਵਰਕਰਾਂ ਨੇ ਇਸ ਰੋਸ ਐਕਸ਼ਨ ਵਿੱਚ ਭਾਗ ਲਿਆ। ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਰੱਖੀ ਇੱਕ ਰੋਜ਼ਾ ਹੜਤਾਲ ਰਾਹੀਂ ਸੁਪਰੀਮ ਕੋਰਟ ਵੱਲੋਂ ਅੱਜ ਪ੍ਰਸਿੱਧ ਬੁਧੀਜੀਵੀਆਂ ਦਲਿਤ ਚਿੰਤਕ, ਸਿੱਖਿਆ ਸ਼ਾਸਤਰੀ ਪ੍ਰੋ ਅਨੰਦ ਤੇਲਤੁੰਬੜੇ ਅਤੇ ਜਮਹੂਰੀ ਹੱਕਾਂ ਦੇ ਨਵੇਂ ਪੁਰਾਣੇ ਕਾਰਕੁਨ, ਚਿੰਤਕ, ਲੇਖਕ ਗੌਤਮ ਨਵਲੱਖਾ ਨੂੰ ਕੋਰਟ ਵਿੱਚ ਪੇਸ਼ ਹੋਣ ਦੇ ਹੁਕਮ ਖਿਲਾਫ਼ ਰੋਸ ਪ੍ਰਗਟ ਕੀਤਾ ਗਿਆ।
ਦੇਸ਼ ਭਰ ’ਚ ਜਮਹੂਰੀ ਜਥੇਬੰਦੀਆਂ ਵੱਲੋਂ ਵਿਸ਼ਾਲ ਪੱਧਰ ’ਤੇ ਪ੍ਰਗਟਾਏ ਰੋਸ ਰਾਹੀਂ ਕਿਹਾ ਗਿਆ ਕਿ ਕਿ ਭੀਮਾ ਕੋਰੇਗਾਓਂ ਘਟਨਾ ਨਾਲ ਜੋੜ ਕੇ ਇਹਨਾਂ ਸ਼ਖਸ਼ੀਅਤਾਂ ਖਿਲਾਫ਼ ਦਰਜ ਕੀਤੇ ਦੇਸ਼ ਧ੍ਰੋਹ ਦੇ ਮੁਕੱਦਮੇ ਨੇ ਭਾਰਤੀ ਨਿਆਂ ਪਾਲਕਾ ਦਾ ਰਹਿੰਦਾ ਖੂੰਹਦਾ ਥੋਥ ਵੀ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਮੋਦੀ ਦੀ ਫਾਸ਼ੀਵਾਦੀ ਹਕੂਮਤ ਵਿਰੋਧ ਦੀ ਹਰ ਆਵਾਜ਼ ਨੂੰ ਝੂਠੇ ਸੰਗੀਨ ਮਕੱਦਮਿਆਂ ’ਚ ਉਲਝਾਕੇ ਦੱਬਣ ਦੇ ਰਾਹ ਤੁਰੀ ਹੋਈ ਹੈ। ਇਸ ਤੋਂ ਪਹਿਲਾਂ ਵੀ ਦਰਜਨ ਦੇ ਕਰੀਬ ਲੋਕ ਪੱਖੀ ਵਿਦਵਾਨ ਅਤੇ ਜਮਹੂਰੀ ਕਾਰਕੁਨ ਦੋ ਸਾਲਾਂ ਤੋਂ ਗਿਣੀ ਮਿਥੀ ਸਾਜ਼ਿਸ਼ ਤਹਿਤ ਜੇਲ੍ਹਾਂ ’ਚ ਡੱਕੇ ਹੋਏ ਹਨ।
ਮੰਚ ਦੇ ਕਨਵੀਨਰ ਪ੍ਰੇ ਜਗਮੋਹਨ ਸਿੰਘ ਨੇ ਦੱਸਿਆ ਕਿ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ ਬੀ ਆਰ ਅੰਬੇਦਕਰ ਦੇ ਨਾਤੀ ਪ੍ਰੋ ਪ੍ਰੋ ਅਨੰਦ ਤੇਲਤੁੰਬੜੇ ਅਤੇ ਗੌਤਮ ਨਵਲੱਖਾ ਦੀ ਗ੍ਰਿਫਤਾਰੀ ਦਰਸਾਉਂਦੀ ਹੈ ਕਿ ਸੰਵਿਧਾਨ ਵਿੱਚ ਦਰਜ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਇਸ ਫਾਸ਼ੀਵਾਦੀ ਦੌਰ ਵਿੱਚ ਕੋਈ ਅਰਥ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋ ਵਰਿਆਂ ਤੋਂ ਜੇਲ੍ਹਾਂ ’ਚ ਬੰਦ ਬੁਧੀਜੀਵੀਆਂ ਤੇ ਕੇਸਾਂ ਨੂੰ ਹਕੂਮਤੀ ਸਾਜ਼ਸ਼ ਤਹਿਤ ਜਾਣ ਬੁੱਝ ਕੇ ਲਮਕਾਇਆ ਜਾ ਰਿਹਾ ਹੈ। ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ ਕਰੋਨਾ ਵਾਇਰਸ ’ਚ ਹੋਰਨਾ ਕੈਦੀਆਂ ਨੂੰ ਛੱਡਿਆ ਜਾ ਰਿਹਾ ਹੈ ਪਰ ਸਿਆਸੀ ਵਿਰੋਧ ਨੂੰ ਸਬਕ ਸਿਖਾਉਣ ਲਈ ਜਾਮੀਆਂ ਦੇ ਵਿਦਿਆਰਥੀ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ।
ਮੰਚ ਦੇ ਆਗੂਆਂ ਨਰਭਿੰਦਰ ਅਤੇ ਕੰਵਲਜੀਤ ਖੰਨਾ ਨੇ ਦੱਸਿਆ ਕਿ ਇਸ ਭੁੱਖ ਹੜਤਾਲ ’ਚ ਸੂਬੇ ਭਰ ਜਮਹੂਰੀ ਅਧਿਕਾਰ ਸਭਾ ਪੰਜਾਬ, ਇਲਕਲਾਬੀ ਕੇਂਦਰ ਪੰਜਾਬ, ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ, ਪੰਜਾਬ ਸਟੂਡੈਂਟਸ ਯੂਨੀਅਨ, ਰੈਡੀਕਲ ਸਟੂਡੈਂਟਸ ਯੂਨੀਅਨ, ਆਲ ਇੰਡੀਆ ਪੀਪਲਜ ਫੌਰਮ, ਬੀਕੇਯੂ ਡਕੌਂਦਾ ਵਰਕਰਾਂ ਨੇ ਭਾਗ ਲਿਆ। ਇਹਨਾਂ ਸਮੂਹ ਜਥੇਬੰਦੀਆਂ ਨੇ ਮੰਗ ਕੀਤੀ ਕਿ ਇਹਨਾਂ ਬੁਧੀਜੀਵੀਆਂ ਖਿਲਾਫ਼ ਦਰਜ ਕੀਤੇ ਦੇਸ਼ ਧ੍ਰੋਹ ਦੇ ਝੂਠੇ ਕੇਸ ਰੱਦ ਕੀਤੇ ਜਾਣ।
-ਕੰਵਲਜੀਤ ਖੰਨਾ
- ਨਰਭਿੰਦਰ