ਪ੍ਰਸ਼ਾਸਨਿਕ ਢਾਂਚੇ ਦੇ ਨਾਲ ਨਾਲ ਵੱਡੀ ਗਿਣਤੀ ’ਚ ਵਾਲੰਟੀਅਰ ਭਰਤੀ ਕੀਤੇ ਜਾਣ
ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹੀ ਚਿੱਠੀ ਲਿਖ ਕੇ 21 ਦਿਨਾਂ ਦੇ ਕਰਫਿਊ ਕਾਰਨ ਪੰਜਾਬ ਦੇ ਲੋਕਾਂ ਨੂੰ ਝੱਲਣੀਆਂ ਪੈ ਰਹੀਆਂ ਗੰਭੀਰ ਮੁਸ਼ਕਲਾਂ ਵੱਲ ਧਿਆਨ ਦਿਵਾਇਆ ਹੈ। ਚਿੱਠੀ ਦੀ ਕਾਪੀ ਡੀ.ਜੀ.ਪੀ. ਪੰਜਾਬ ਅਤੇ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਵੀ ਭੇਜੀ ਗਈ ਹੈ। ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ ਕੇ ਮਲੇਰੀ, ਜਨਰਲ ਸਕੱਤਰ ਪ੍ਰੋ ਜਗਮੋਹਨ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਦੱਸਿਆ ਕਿ ਚਿੱਠੀ ਰਾਹੀਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਗਈ ਹੈ ਕਿ ਨਾਗਰਿਕਾਂ ਦੇ ਜਿਊਣ ਦੇ ਹੱਕ, ਮਾਣ-ਸਨਮਾਨ ਵਾਲੀ ਜ਼ਿੰਦਗੀ, ਰੋਜ਼ੀ-ਰੋਟੀ ਦੇ ਹੱਕ ਅਤੇ ਰੋਜ਼ਗਾਰ ਦੀ ਅਣਹੋਂਦ ਵਿਚ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੇ ਮਨੁੱਖੀ ਹੱਕਾਂ ਪ੍ਰਤੀ ਗੰਭੀਰਤਾ ਨਾਲ ਤਵੱਜੋਂ ਦੇ ਕੇ ਲੋਕ ਮੁਸ਼ਕਲਾਂ ਦਾ ਅਸਰਦਾਰ ਹੱਲ ਕੀਤਾ ਜਾਵੇ। ਸਭਾ ਨੇ ਜ਼ੋਰ ਦੇ ਕੇ ਕਿਹਾ ਕਿ ਕਿ ਇਸ ਭਿਆਨਕ ਮਹਾਂਮਾਰੀ ਨਾਲ ਲੜਨ ਦੇ ਨਾਂ ਹੇਠ ਨੌਕਰਸ਼ਾਹ ਪਹੁੰਚ ਲੋਕਾਂ ਦੀਆਂ ਮੁਸ਼ਕਲਾਂ ਅਤੇ ਮੁਸੀਬਤਾਂ ਵਿਚ ਵਾਧਾ ਕਰ ਰਹੀ ਹੈ ਜਦਕਿ ਇਸ ਸੰਕਟ ਦੀ ਘੜੀ ਪਬਲਿਕ ਡਿਊਟੀ ਅਤੇ ਮਾਨਵਤਾਵਾਦੀ ਪਹੁੰਚ ਬਹੁਤ ਸ਼ਿੱਦਤ ਨਾਲ ਦਰਕਾਰ ਹੈ। ਦਿਹਾੜੀਦਾਰਾਂ, ਘਰੇਲੂ ਮਜ਼ਦੂਰਾਂ, ਹਾਕਰਾਂ, ਰਿਕਸ਼ਾ ਚਾਲਕਾਂ, ਰੇਹੜੀ-ਫੜ੍ਹੀ ਵਾਲਿਆਂ, ਗਲੀਆਂ ਮੁਹੱਲਿਆਂ ਦੇ ਦੁਕਾਨਦਾਰਾਂ, ਚਾਹ ਖੋਖਾ ਵਾਲਿਆਂ, ਖੇਤ ਮਜ਼ਦੂਰਾਂ, ਉਸਾਰੀ ਮਜ਼ਦੂਰਾਂ ਆਦਿ ਵਿਸ਼ਾਲ ਤਾਦਾਦ ’ਚ ਕਿਰਤੀਆਂ ਦਾ ਰੋਟੀ-ਰੋਜ਼ੀ ਦਾ ਸਹਾਰਾ ਖੁੱਸ ਜਾਣ ਕਾਰਨ ਉਹ ਬੁਰੀ ਤਰ੍ਹਾਂ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਜੋ ਕਿ ਪਹਿਲਾਂ ਹੀ ਬੜੀ ਮੁਸ਼ਕਲ ਨਾਲ ਦਿਨ ਕੱਟੀ ਕਰ ਰਹੇ ਸਨ। ਸਰਕਾਰ ਵੱਲੋਂ ਭਾਵੇਂ ਰਾਹਤ ਦੇ ਐਲਾਨ ਕੀਤੇ ਗਏ ਹਨ ਪਰ ਐਲਾਨਾਂ ਅਤੇ ਜ਼ਮੀਨੀ ਪੱਧਰ ’ਤੇ ਅਮਲਦਾਰੀ ਵਿਚ ਵੱਡਾ ਪਾੜਾ ਹੈ।