ਸਰਵਉੱਚ ਅਦਾਲਤ ਵੱਲੋਂ ਜਮਹੂਰੀ ਹੱਕਾਂ ਦੇ ਮੁਦਈ ਅਤੇ ਬੁੱਧੀਜੀਵੀ ਗੌਤਮ ਨਵਲੱਖਾ ਅਤੇ ਆਨੰਦ ਤੇਲਤੂੰਬੜੇ ਦੀ ਅਗਾਊਂ ਜ਼ਮਾਨਤ ਰੱਦ ਕਰਨ ਦਾ ਹੁਕਮ ਮੰਦਭਾਗਾ ਅਤੇ ਬੇਇਨਸਾਫ਼ੀ ਭਰਿਆ : ਜਮਹੂਰੀ ਅਧਿਕਾਰ ਸਭਾ ਪੰਜਾਬ
Posted on:- 21-03-2020
ਜਮਹੂਰੀ ਅਧਿਕਾਰ ਸਭਾ, ਪੰਜਾਬ ਨੇ, ਜਮਹੂਰੀ ਹੱਕਾਂ ਲਈ ਮੂਹਰਲੀਆਂ ਸਫ਼ਾਂ ਵਿਚ ਹੋ ਕੇ ਸੰਘਰਸ਼ ਕਰਨ ਵਾਲੇ, ਅਨੇਕਾਂ ਕਿਤਾਬਾਂ ਦੇ ਲੇਖਕ ਅਤੇ ਚੋਟੀ ਦੇ ਬੁੱਧੀਜੀਵੀਆਂ - ਗੌਤਮ ਨਵਲੱਖਾ ਅਤੇ ਅਨੰਦ ਤੇਲਤੂੰਬੜੇ ਦੀ ਭੀਮਾ ਕੋਰੇਗਾਓਂ ਦੀ ਘਟਨਾ ਨਾਲ ਸਬੰਧਿਤ ਇੱਕ ਬਿਲਕੁੱਲ ਝੂਠੇ ਕੇਸ ਵਿਚ, ਅਗਾਊਂ ਜ਼ਮਾਨਤ ਦੀਆਂ ਅਰਜ਼ੀਆਂ ਰੱਦ ਕਰਨ ਅਤੇ ਤਿੰਨ ਹਫਤਿਆਂ ਦੇ ਅੰਦਰ ਕੌਮੀ ਤਫਤੀਸ਼ ਏਜੰਸੀ (ਐੱਨ.ਆਈ.ਏ) ਸਾਹਮਣੇ ਪੇਸ਼ ਹੋਣ ਦੇ ਸਰਵਉੱਚ ਅਦਾਲਤ ਦੇ ਫੈਸਲੇ ਨੂੰ ਮੰਦਭਾਗਾ, ਨਿਰਾਸ਼ਾਜਨਕ ਅਤੇ ਬੇਇਨਸਾਫ਼ੀ ਭਰਿਆ ਦੱਸਿਆ ਹੈ। ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ ਕੇ ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਹਨਾਂ ਦੋਹਾਂ ਬੁੱਧੀਜੀਵੀਆਂ ਨੂੰ ਇਸ ਕੇਸ ਵਿਚ ਉਹਨਾਂ ਦੇ ਨਿਗਰ ਲੋਕ ਪੱਖੀ ਵਿਚਾਰਾਂ ਅਤੇ ਸਰਗਰਮੀਆਂ ਕਾਰਨ ਫਸਾਇਆ ਗਿਆ ਹੈ ਅਤੇ ਇਸ ਮਕਸਦ ਲਈ ਮਹਾਰਾਸ਼ਟਰ ਵਿਚ ਬੀ ਜੇ ਪੀ ਸਰਕਾਰ ਦੀ ਪੁਣੇ ਪੁਲਸ ਨੇ ਬਿਲਕੁੱਲ ਝੂਠੇ ‘‘ਸਬੂਤ’’ ਘੜੇ ਹਨ ।
ਇਸ ਤੋਂ ਪਹਿਲਾਂ ਪੁਲਸ ਨੇਂ ਇਸੇ ਮਾਮਲੇ ਦੇ ਬਹਾਨੇ 9 ਬੁਧੀਜੀਵੀ ਆਂ ਨੂੰ ‘‘ਗੈਰ ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ’’ (ਯੂ.ਏ.ਪੀ.ਏ.) ਦੀਆਂ ਗੰਭੀਰ ਧਾਰਾਵਾਂ ਤਹਿਤ 2018 ਤੋਂ ਗ੍ਰਿਫਤਾਰ ਕਰਕੇ ਜੇਹਲ ਵਿਚ ਡੱਕਿਆ ਹੋਇਆ ਹੈ, ਜਿਨ੍ਹਾਂ ਵਿਚ ਸੁਧਾ ਭਾਰਦਵਾਜ, ਰੋਨਾ ਵਿਲਸਨ, ਸੁਰਿੰਦਰ ਗੈਡਲਿੰਗ, ਅਰੁਣ ਫਰੇਰਾ, ਵਰਵਰਾ ਰਾਓ ਅਤੇ ਪ੍ਰੋਫੈਸਰ ਵਰਨੋਨ ਗੋਂਜ਼ਾਲਵੇਜ਼ ਆਦਿ ਸ਼ਾਮਿਲ ਹਨ । ਦੂਜੇ ਪਾਸੇ ਭੀਮਾ ਕੋਰੇਗਾਓਂ ਵਿਚ ਦਲਿਤਾਂ ਦੇ ਖਿਲਾਫ ਹਿੰਸਾ ਭੜਕਾਉਣ ਵਾਲੇ ਹਿੰਦੂਤਵੀ ਆਗੂ - ਸੰਭਾਜੀ ਭੀੜੇ ਅਤੇ ਮਿਲਿੰਦ ਏਕਬੋਟੇ, ਹਕੂਮਤੀ ਛਤਰ ਛਾਇਆ ਵਿਚ ਖੁੱਲੇ ਘੁੰਮ ਰਹੇ ਹਨ।
ਕੁਝ ਖੋਜੀ ਪੱਤਰਕਾਰਾਂ ਅਤੇ ਨਿਰਪੱਖ ਕੰਪਿਊਟਰ ਮਾਹਰਾਂ ਵੱਲੋਂ ਰੋਨਾ ਵਿਲਸਨ ਦੇ ਕੰਪਿਊਟਰ ਤੋਂ ਮਿਲੇ ਕੁਝ ਕਥਿਤ ਇਤਰਾਜ਼ਯੋਗ ਦਸਤਾਵੇਜ਼ਾਂ ਦੀ ਘੋਖ ਪੜਤਾਲ ਤੋਂ ਬਾਅਦ ਇਹ ਸਿੱਟਾ ਕੱਢਿਆ ਗਿਆ ਹੈ ਕਿ ਇਹ ਦਸਤਾਵੇਜ਼ ਦੂਰੋਂ-ਕੰਟਰੋਲ ਰਾਹੀਂ ਉਸ ਦੇ ਕੰਪਿਊਟਰ ਉੱਪਰ ਪਾਏ ਗਏ ਹਨ। ਜਦੋਂ ਹਾਲੀਆ ਵਿਧਾਨ ਸਭਾ ਚੋਣਾਂ ਤੋਂ ਬਾਅਦ ਮਹਾਰਾਸ਼ਟਰ ਵਿਚ ਨਵੀਂ ਸਰਕਾਰ ਬਣੀ ਅਤੇ ਉਸਨੇਂ ਇਸ ਸਾਰੇ ਮਾਮਲੇ ਦੀ ਨਵੇਂ ਸਿਰਿਓਂ ਤਫਤੀਸ਼ ਕਰਨ ਲਈ ‘‘ਵਿਸ਼ੇਸ਼ ਜਾਂਚ ਟੀਮ’’ ਬਣਾਉਣ ਦਾ ਫ਼ੈਸਲਾ ਲਿਆ ਤਾਂ ਕੇਂਦਰ ਦੀ ਭਾਜਪਾ ਸਰਕਾਰ ਨੇਂ ਆਪਣਾ ਝੂਠ ਨੰਗਾ ਹੋਣ ਤੋਂ ਬਚਾਉਣ ਲਈ, ਇਹ ਕੇਸ ਪੁਣੇ ਪੁਲਸ ਤੋਂ ਖੋਹ ਕੇ ਕੌਮੀ ਤਫਤੀਸ਼ ਏਜੰਸੀ ਦੇ ਹਵਾਲੇ ਕਰ ਦਿੱਤਾ ਜਿਸ ਦੀ ਭਰੋਸੇਯੋਗਤਾ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿਚ ਹੈ।
ਸਭਾ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਜਮਹੂਰੀ ਹੱਕਾਂ ਦੀ ਲਹਿਰ ਦੇ ਆਗੂਆਂ ਅਤੇ ਬੁਧੀਜੀਵੀਆਂ ਵਿਰੁੱਧ ਦਰਜ ਭੀਮਾ ਕੋਰੇਗਾਓਂ ਕੇਸ ਰੱਦ ਕੀਤੇ ਜਾਣ ਅਤੇ ਉਹਨਾਂ ਨੂੰ ਤੁਰੰਤ ਜੇਹਲਾਂ ਚੋਂ ਰਿਹਾ ਕੀਤਾ ਜਾਵੇ । ਸਭਾ ਦੇ ਆਗੂਆਂ ਨੇਂ ਸਾਰੀਆਂ ਇਕਾਈਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਸਮਰਥਾ ਅਨੁਸਾਰ ਗੌਤਮ ਨਵਲੱਖਾ ਅਤੇ ਅਨੰਦ ਤੇਲਤੂੰਬੜੇ ਦੀ ਗਿਰਫਤਾਰੀ ਵਿਰੁੱਧ ਰੋਸ ਪ੍ਰਗਟਾਉਣ।