1 ਫਰਵਰੀ ਤੋਂ ਲੈ ਕੇ 9 ਫਰਵਰੀ ਤੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਲੱਗੇਗਾ ਕਿਤਾਬ ਮੇਲਾ
Posted on:- 31-01-2020
ਚੰਡੀਗੜ੍ਹ : ਨੈਸ਼ਨਲ ਬੁੱਕ ਟਰੱਸਟ ਭਾਰਤ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਕਿਤਾਬ ਮੇਲੇ ਵਿਚ 70 ਤੋਂ ਵੱਧ ਪਬਲਿਸ਼ਰ ਹਿੱਸਾ ਲੈ ਰਹੇ ਹਨ, 1 ਫਰਵਰੀ ਤੋਂ ਲੈ ਕੇ 9 ਫਰਵਰੀ ਤੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗਾਂਧੀ ਭਵਨ ਦੇ ਸਾਹਮਣੇ ਮੈਦਾਨ ਵਿਚ ਲੱਗ ਰਹੇ ਉਕਤ ਕਿਤਾਬ ਮੇਲੇ ਦੀ ਵਿਸਥਾਰਤ ਜਾਣਕਾਰੀ ਦਿੰਦਿਆਂ ਡਾ. ਗੁਰਪਾਲ ਸੰਧੂ, ਨਵਜੋਤ ਕੌਰ, ਦਵਜਿੰਦਰ ਕੁਮਾਰ ਅਤੇ ਸੁਭਾਸ਼ੀਸ਼ ਦੱਤਾ ਹੁਰਾਂ ਨੇ ਸਾਂਝੀ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਦਿਨ ਚੱਲ ਚੱਲਣ ਵਾਲੇ ਇਸ ਕਿਤਾਬ ਮੇਲੇ ਵਿਚ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਦਿੱਲੀ ਦੇ ਪਬਲਿਸ਼ਰ ਸ਼ਿਰਕਤ ਕਰ ਰਹੇ ਹਨ।
ਪੰਜਾਬ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਮੁਖੀ ਅਤੇ ਡੀਨ ਡਾ. ਗੁਰਪਾਲ ਸੰਧੂ ਨੇ ਦੱਸਿਆ ਕਿ ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਯੂਨੀਵਰਸਿਟੀ ਵਿਚ ਇੰਨਾ ਵਿਸ਼ਾਲ ਤੇ ਬਹੁਭਾਸ਼ਾਈ ਪੁਸਤਕ ਮੇਲਾ ਲੱਗ ਰਿਹਾ ਹੈ। ਉਨ੍ਹਾਂ ਐਨਬੀਟੀ ਦੇ ਉਦਮ ਨੂੰ ਸਲਾਹੁਦਿਆਂ ਇਕ ਵਾਰ ਫਿਰ ਹਰ ਤਰ੍ਹਾਂ ਦੇ ਸਹਿਯੋਗ ਦਾ ਵਾਅਦਾ ਦੁਹਰਾਇਆ।
ਇਸੇ ਤਰ੍ਹਾਂ ਸਮੁੱਚੇ ਸਮਾਗਮਾਂ ਦੀ ਇੰਚਾਰਜ ਅਤੇ ਐਨਬੀਟੀ ਦੀ ਪੰਜਾਬੀ ਐਡੀਟਰ ਨਵਜੋਤ ਕੌਰ ਨੇ ਦੱਸਿਆ ਕਿ ਕਿਤਾਬ ਮੇਲੇ ਦੇ ਨਾਲ-ਨਾਲ 1 ਫਰਵਰੀ ਨੂੰ ਉਦਘਾਟਨੀ ਸਮਾਰੋਹ ਦੌਰਾਨ ਇਸ ਮੇਲੇ ਦਾ ਆਗਾਜ਼ ਗੁਰਬਾਣੀ ਦੇ ਕੀਰਤਨ ਨਾਲ ਹੋਵੇਗਾ। ਇਸੇ ਤਰ੍ਹਾਂ ਹਰ ਰੋਜ਼ ਵੱਖੋ-ਵੱਖ ਸੈਸ਼ਨ ਹੋਣਗੇ ਜਿਵੇਂ 2 ਫਰਵਰੀ ਨੂੰ ਤ੍ਰੈਭਾਸ਼ੀ ਕਵੀ ਦਰਬਾਰ, 3 ਫਰਵਰੀ ਨੂੰ ਵਿਚਾਰ-ਚਰਚਾ, 4 ਫਰਵਰੀ ਨੂੰ ਇਕ ਦਿਨ ਲੇਖਕਾਂ ਨਾਲ, ਇਸੇ ਤਰ੍ਹਾਂ 5,6 ਅਤੇ 7 ਫਰਵਰੀ ਨੂੰ ਵੀ ਸੈਮੀਨਾਰ ਅਤੇ ਵਿਚਾਰ-ਚਰਚਾਵਾਂ ਦੇ ਰੂਪ ਵਿਚ ਵੱਖੋ-ਵੱਖ ਵਿਸ਼ਿਆਂ ਨੂੰ ਛੋਹਦਿਆਂ ਸੰਵਾਦ ਰਚਾਏ ਜਾਣਗੇ। ਜਦੋਂਕਿ 8 ਫਰਵਰੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿੱਥੇ ਨਾਟਕ ਖੇਡਿਆ ਜਾਵੇਗਾ, ਉਥੇ ਹੀ ਕਿਤਾਬ ਮੇਲੇ ਦੇ ਆਖਰੀ ਦਿਨ ਮਲਵਈ ਗਿੱਧੇ ਦੀ ਪੇਸ਼ਕਾਰੀ ਹੋਵੇਗੀ।
ਐਨਬੀਟੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਿਤਾਬ ਮੇਲੇ ਦੇ ਸਬੰਧ ਵਿਚ ਵਿਸਥਾਰਤ ਜਾਣਕਾਰੀ ਦੇਣ ਲਈ ਬੁਲਾਈ ਗਈ ਪ੍ਰੈਸ ਮਿਲਣੀ ਦੌਰਾਨ ਬੱਚਿਆਂ ਦੇ ਮੁਕਾਬਲਿਆਂ ਦੇ ਇੰਚਾਰਜ ਅਤੇ ਐਨਬੀਟੀ ਦੇ ਅੰਗਰੇਜ਼ੀ ਐਡੀਟਰ ਦਵਜਿੰਦਰ ਕੁਮਾਰ ਨੇ ਜਾਣਕਾਰੀ ਦਿੱਤੀ ਕਿ 1 ਫਰਵਰੀ ਤੋਂ ਲੈ ਕੇ 4 ਫਰਵਰੀ ਤੱਕ ਹਰ ਰੋਜ਼ ਬੱਚਿਆਂ ਦੇ ਵੱਖੋ-ਵੱਖ ਵਿਧਾਵਾਂ 'ਚ ਮੁਕਾਬਲੇ ਹੋਣਗੇ ਅਤੇ ਪੈਨਲ ਵਿਚਾਰ-ਚਰਚਾ ਵੀ ਹੋਵੇਗੀ। ਇਸ ਦੌਰਾਨ ਸੋਹਣੀ ਲਿਖਤ ਨੂੰ ਲੈ ਕੇ ਵੀ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਸਮੁੱਚੀ ਪ੍ਰਦਰਸ਼ਨੀ ਦੇ ਮੁਖੀ ਸੁਭਾਸ਼ੀਸ਼ ਦੱਤਾ ਨੇ ਦੱਸਿਆ ਕਿ ਸਾਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਉਕਤ ਮੇਲਾ ਆਯੋਜਿਤ ਕਰਕੇ ਬਹੁਤ ਚੰਗਾ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ 100 ਤੋਂ ਵੱਧ ਸਟਾਲਾਂ ਵਿਚ ਜਿੱਥੇ ਵੱਖੋ-ਵੱਖ ਸੂਬਿਆਂ ਦੇ 70 ਪਬਲਿਸ਼ਰ ਪਹੁੰਚ ਰਹੇ ਹਨ ਉਨ੍ਹਾਂ ਵਿਚ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੀਆਂ ਵੱਖੋ-ਵੱਖ ਵਿਧਾਵਾਂ ਦੀਆਂ ਕਿਤਾਬਾਂ ਵਿਦਿਆਰਥੀਆਂ ਅਤੇ ਸਮਾਜ ਦੇ ਵੱਖੋ-ਵੱਖ ਵਰਗਾਂ ਲਈ ਲਾਹੇਵੰਦ ਰਹਿਣਗੀਆਂ। ਕਿਤਾਬ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਉਤਸ਼ਾਹ ਨੂੰ ਵੇਖਦਿਆਂ ਐਨਬੀਟੀ ਦੀ ਸਮੁੱਚੀ ਟੀਮ ਬਾਗੋ-ਬਾਗ ਨਜ਼ਰ ਆਈ। ਇਸ ਮੌਕੇ ਸੁਖਵਿੰਦਰ ਸਿੰਘ ਤੋਂ ਇਲਾਵਾ ਐਨਬੀਟੀ ਦੇ ਵੱਖੋ-ਵੱਖ ਵਿਭਾਗਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ 1 ਫਰਵਰੀ ਤੋਂ 9 ਫਰਵਰੀ ਤੱਕ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀਂ 8 ਵਜੇ ਤੱਕ ਚੱਲਣ ਵਾਲੇ ਉਕਤ ਪੁਸਤਕ ਮੇਲੇ ਦਾ ਉਦਘਾਟਨ 1 ਫਰਵਰੀ ਸਵੇਰੇ 11 ਵਜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ, ਪਦਮਸ੍ਰੀ ਡਾ. ਸੁਰਜੀਤ ਪਾਤਰ ਚੇਅਰਮੈਨ ਪੰਜਾਬ ਕਲਾ ਪਰਿਸ਼ਦ, ਗੁਰਭੇਜ ਸਿੰਘ ਗੋਰਾਇਆ ਸਕੱਤਰ ਜਨਰਲ ਪੰਜਾਬ ਅਕਾਦਮੀ ਦਿੱਲੀ, ਐਮ. ਐਸ. ਜੱਗੀ ਡਾਇਰੈਕਟਰ ਸੱਭਿਆਚਾਰਕ ਵਿਭਾਗ ਪੰਜਾਬ ਅਤੇ ਪੰਜਾਬ ਯੂਨੀਵਰਸਿਟੀ ਦੀਆਂ ਉਘੀਆਂ ਹਸਤੀਆਂ ਦੀ ਹਾਜ਼ਰੀ ਵਿਚ ਨੈਸ਼ਨਲ ਬੁੱਕ ਟਰੱਸਟ ਦੇ ਡਾਇਰੈਕਟਰ ਲੈਫਟੀਨੈਂਟ ਕਰਨਲ ਯੁਵਰਾਜ ਮਲਿਕ ਹੁਰਾਂ ਵੱਲੋਂ ਕੀਤਾ ਜਾਵੇਗਾ।
ਧਿਆਨ ਰਹੇ ਕਿ ਐਨਬੀਟੀ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਂਝੇ ਉਦਮ 'ਚੋਂ ਜਨਮੇ ਉਕਤ ਕਿਤਾਬ ਮੇਲੇ ਨੂੰ ਪੰਜਾਬੀ ਅਕਾਦਮੀ ਦਿੱਲੀ, ਭਾਰਤੀ ਸਾਹਿਤ ਅਕਾਦਮੀ, ਪੰਜਾਬ ਕਲਾ ਪਰਿਸ਼ਦ ਸਣੇ ਹੋਰ ਸੰਸਥਾਵਾਂ ਦਾ ਵੀ ਭਰਪੂਰ ਸਹਿਯੋਗ ਮਿਲ ਰਿਹਾ ਹੈ ਅਤੇ ਇਸ ਕਿਤਾਬ ਮੇਲੇ ਵਿਚ ਜਿੱਥੇ ਦਾਖਲੇ ਦੀ ਕੋਈ ਫੀਸ ਨਹੀਂ ਹੈ, ਉਥੇ ਕਿਤਾਬਾਂ 'ਤੇ 10 ਫੀਸਦੀ ਤੱਕ ਛੂਟ ਵੀ ਮਿਲ ਰਹੀ ਹੈ।