ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਦਾ ਮਾਮਲਾ : ਪੱਕਾ ਮੋਰਚਾ 37ਵੇਂ ਦਿਨ ਵਿੱਚ ਦਾਖ਼ਲ
Posted on:- 06-11-2019
ਬਰਨਾਲਾ : ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਮੁੱਖ ਗੇਟ ਦੇ ਸਾਹਮਣੇ ਨੈਸ਼ਨਲ ਹਾਈਵੇ ਨੰ: 703 ਉੱਪਰ ਚੱਲ ਰਹੇ ਪੱਕੇ ਮੋਰਚੇ ਦੇ 37 ਵੇਂ ਦਿਨ ਅੱਜ ਮੁੱਖ ਤੌਰ 'ਤੇ ਮਾਨਸਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਸੈਂਕੜੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਮੋਰਚੇ 'ਚ ਮੌਜੂਦ ਕਿਸਾਨਾਂ ਅਤੇ ਹੋਰ ਇਨਸਾਫ਼ਪਸੰਦ ਲੋਕਾਂ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਰਾਮਪੁਰਾ, ਜਨਕ ਸਿੰਘ ਭੁਟਾਲ, ਮਹਿੰਦਰ ਸਿੰਘ ਭੈਣੀਬਾਘਾ, ਦਰਬਾਰਾ ਸਿੰਘ ਛਾਜਲਾ, ਰਾਜ ਸਿੰਘ ਅਕਲੀਆ, ਜਸਵੰਤ ਸਿੰਘ ਤੋਲਾਵਾਲ, ਤਾਰਾ ਚੰਦ ਬਰੇਟਾ, ਅਮਰੀਕ ਸਿੰਘ ਗੰਢੂਆਂ, ਗੁਰਮੇਲ ਠੂੱਲੀਵਾਲ ਤੇ ਸੱਤਪਾਲ ਨੇ ਕਿਹਾ ਕਿ ਲੋਕ ਆਗੂ ਮਨਜੀਤ ਧਨੇਰ ਨੂੰ ਝੂਠੇ ਕਤਲ ਕੇਸ ਵਿੱਚ ਝੂਠੀਆਂ ਗਵਾਹੀਆਂ ਦੇ ਆਧਾਰ 'ਤੇ ਨਿਹੱਕੀ ਉਮਰਕੈਦ ਦੀ ਸਜ਼ਾ ਕਰਕੇ ਇਸ ਲਈ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ ਕਿ ਲੋਕ ਆਪਣੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਨਾਲ ਹੁੰਦੇ ਖ਼ਿਲਵਾੜ ਨੂੰ ਚੁੱਪਚਾਪ ਬਰਦਾਸ਼ਤ ਕਰਨ ਲੱਗ ਜਾਣ ਤੇ ਆਪਣੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਆਪਣਾ ਜਥੇਬੰਦਕ ਏਕਾ ਕਰਨ ਤੋਂ ਹੀ ਡਰਨ ਲੱਗ ਜਾਣ।
ਮਨਜੀਤ ਧਨੇਰ ਦੀ ਰਿਹਾਈ ਲਈ 37 ਦਿਨਾਂ ਤੋਂ ਲਗਾਤਾਰ ਚੱਲ ਰਹੇ ਇਸ ਪੱਕੇ ਮੋਰਚੇ ਨੇ ਸਰਕਾਰਾਂ ਦੇ ਮਨਸੂਬਿਆਂ 'ਤੇ ਪਾਣੀ ਫੇਰ ਦਿੱਤਾ ਹੈ। ਖੇਤਾਂ ਅਤੇ ਮੰਡੀਆਂ ਆਦਿ ਵਿੱਚ ਕੰਮ ਦਾ ਅਤਿ ਦਾ ਜ਼ੋਰ ਹੋਣ ਦੇ ਬਾਵਜੂਦ ਹਫ਼ਤੇ-ਦਸ ਦਿਨਾਂ ਬਾਅਦ ਹੋਣ ਵਾਲੇ ਹਜ਼ਾਰਾਂ-ਦਹਿ ਹਜ਼ਾਰਾਂ ਲੋਕਾਂ ਦੇ ਇਕੱਠਾਂ ਤੋਂ ਇਲਾਵਾ ਹਰ ਰੋਜ਼ ਸੈਂਕੜੇ ਲੋਕਾਂ ਦਾ ਪੱਕੇ ਮੋਰਚੇ ਵਿੱਚ ਸ਼ਾਮਲ ਹੋਣਾ ਇਹ ਸਾਬਤ ਕਰ ਰਿਹਾ ਹੈ ਕਿ ਇਹ ਪੱਕਾ ਮੋਰਚਾ ਇਨਸਾਫ਼ਪਸੰਦ ਲੋਕਾਂ ਲਈ ਪਰਖ ਦੀ ਘੜੀ ਵੀ ਹੈ ਅਤੇ ਪ੍ਰੇਰਨਾ ਦਾ ਵੱਡਾ ਸੋਮਾ ਬਣ ਗਿਆ ਹੈ ਤੇ ਸਿੱਟੇ ਵਜੋਂ ਲੋਕ ਨਿੱਤ ਦਿਨ ਅੱਗੇ ਨਾਲੋਂ ਵੱਧ ਚੜ੍ਹ ਕੇ ਇਸ ਮੋਰਚੇ ਵਿੱਚ ਕੁੱਦਣ ਲੱਗੇ ਹਨ। ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ ਅਤੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਹਾਕਮ ਇੱਕ ਪਾਸੇ ਬਾਬੇ ਨਾਨਕ ਦੇ 550 ਵੇਂ ਜਨਮ ਦਿਨ ਨੂੰ ਮਨਾਉਣ ਦੇ ਵੱਡੇ ਵੱਡੇ ਪਰਪੰਚ ਕਰ ਰਹੇ ਹਨ ਤੇ ਦੂਸਰੇ ਪਾਸੇ ਬਾਬੇ ਨਾਨਕ ਦੇ ਅਸਲ ਵਾਰਸ ਕਿਰਤਾਂ ਦੇ ਰਾਖੇ ਮਨਜੀਤ ਧਨੇਰ ਵਰਗਿਆਂ ਨੂੰ ਬਾਬੇ ਨਾਨਕ ਦੇ ਰਾਹ 'ਤੇ ਚੱਲਣ ਦੀ ਸਜ਼ਾ ਦੇ ਰਹੇ ਹਨ। ਉਹਨਾਂ ਕਿਹਾ ਕਿ ਮਨਜੀਤ ਧਨੇਰ ਨੇ ਬਾਬੇ ਨਾਨਕ ਦੀ ਸਿੱਖਿਆ ਤੋਂ ਸੇਧ ਲੈਂਦਿਆਂ ਆਪਣੀ ਹੁਣ ਤੱਕ ਦੀ ਸਾਰੀ ਉਮਰ ਲੋਕਾਂ ਦੇ ਹਿੱਤਾਂ ਲਈ ਲੜਦਿਆਂ ਹੀ ਲੰਘਾਈ ਹੈ। ਉਸ ਨੇ ਮਹਿਲਕਲਾਂ ਦੇ ਗੁੰਡਿਆਂ ਖ਼ਿਲਾਫ਼ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਤੇ ਕਿਰਨਜੀਤ ਦੇ ਦੋਸ਼ੀ ਗੁੰਡਿਆਂ ਨੂੰ ਸਖ਼ਤ ਸਜ਼ਾਵਾਂ ਦਿਵਾਈਆਂ ਸਨ। ਜਿਸ ਦੇ ਬਦਲੇ ਵਜੋਂ ਗੁੰਡਾ-ਪੁਲਿਸ-ਸਿਆਸੀ+ਅਦਾਲਤੀ ਗੱਠਜੋੜ ਨੇ ਸਾਜ਼ਸ਼ ਤਹਿਤ ਮਨਜੀਤ ਧਨੇਰ ਨੂੰ ਇੱਕ ਝੂਠੇ ਕਤਲ ਕੇਸ ਵਿੱਚ ਫਸਾਕੇ ਉਸ ਨੂੰ ਨਿਹੱਕੀ ਉਮਰ ਕੈਦ ਸਜ਼ਾ ਦਿਵਾਕੇ ਬਰਨਾਲਾ ਦੀ ਜੇਲ੍ਹ ਵਿੱਚ ਸੀਖਾਂ ਪਿੱਛੇ ਬੰਦ ਕੀਤਾ ਹੋਇਆ ਹੈ। ਇਸ ਲਈ ਅੱਜ ਬਾਬੇ ਨਾਨਕ ਦੇ ਸੱਚੇ ਵਾਰਸਾਂ ਦਾ ਇਸ ਨਿਹੱਕੀ ਸਜ਼ਾ ਰੱਦ ਕਰਵਾਉਣ ਦੇ ਸੰਘਰਸ਼ ਵਿੱਚ ਸ਼ਾਮਲ ਹੋਣਾ ਅਤਿਜ਼ਰੂਰੀ ਹੈ। ਉਹਨਾਂ ਸਭ ਇਨਸਾਫ਼ ਪਸੰਦ ਲੋਕਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ 10 ਨਵੰਬਰ ਨੂੰ ਪੱਕੇ ਮੋਰਚੇ ਵਿੱਚ ਹੋਣ ਵਾਲੇ ਵੱਡੇ ਵੱਡੇ ਇਕੱਠ ਲਈ ਸੰਘਰਸ਼ਸ਼ੀਲ ਕਾਫਲੇ ਬੜੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਹੁਣੇ ਤੋਂ ਹੀ ਪਿੰਡਾਂ ਅੰਦਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਕਿ ਹਾਕਮਾਂ ਨੂੰ ਕੁੰਭਕਰਨੀ ਨੀਂਦ ਤੋਂ ਜਗਾਇਆ ਜਾ ਸਕੇ। ਨਰਿੰਦਰਪਾਲ ਅਤੇ ਅਜਮੇਰ ਅਕਲੀਆ ਨੇ ਲੋਕ ਪੱਖੀ ਇਨਕਲਾਬੀ ਗੀਤ ਪੇਸ਼ ਕੀਤੇ।-ਨਰਾਇਣ ਦੱਤ
+91 84275 11770