ਕੈਲਗਰੀ ਵਿੱਚ ਨਸ਼ਿਆਂ ਦੀ ਵੱਧ ਰਹੀ ਸਮਗਲਿੰਗ ਅਤੇ ਗੈਂਗ ਸ਼ੂਟਿੰਗ ’ਤੇ ਚਿੰਤਾ ਦਾ ਪ੍ਰਗਟਾਵਾ
Posted on:- 01-11-2019
ਕੈਲਗਰੀ: ਪਿਛਲ਼ੇ ਕੁਝ ਦਿਨਾਂ ਵਿੱਚ ਲਗਾਤਾਰ ਵਾਪਰੀਆਂ 4 ਗੈਂਗ ਸ਼ੂਟਿੰਗ ਦੀਆਂ ਘਟਨਾਵਾਂ ਵਿੱਚ ਕਈ ਵਿਅਕਤੀ ਗੰਭੀਰ ਜ਼ਖਮੀ ਹੋਏ ਹਨ, ਜਿਸਨੇ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਯਾਦ ਰਹੇ ਅਕਤੂਬਰ ਮਹੀਨੇ ਵਿੱਚ ਹੁਣ ਤੱਕ 11 ਸ਼ੂਟਿੰਗ ਹੋ ਚੁੱਕੀਆਂ ਹਨ, ਜਿਨ੍ਹਾਂ ਬਾਰੇ ਪੁਲਿਸ ਦਾ ਮੰਨਣਾ ਹੈ ਕਿ ਇਹ ਮਿਥ ਕੇ ਕੀਤੇ ਗਏ ਹਮਲੇ ਸਨ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਾਲ ਦੇ 10 ਮਹੀਨਿਆਂ ਵਿੱਚ ਹੁਣ 76 ਗੈਂਗਵਾਰ ਨਾਲ ਸਬੰਧਤ ਗੋਲੀਬਾਰੀ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਸਾਲ ਦੇ ਸ਼ੁਰੂ ਵਿੱਚ ਕੁਝ ਨੌਜਵਾਨ ਮਾਰੇ ਵੀ ਗਏ ਸਨ। ਤਾਜ਼ੀਆਂ ਗੋਲੀਬਾਰੀ ਦੀਆਂ ਘਟਨਾਵਾਂ ਪ੍ਰਤੀ ਚਿੰਤਾ ਪ੍ਰਗਟ ਕਰਦੇ ਹੋਏ, ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਜਿਥੇ ਲੋਕਾਂ ਨੂੰ ਸਾਵਧਾਨ ਹੋਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਕੋਈ ਮਾਸੂਮ ਇਸ ਗੋਲੀਬਾਰੀ ਦਾ ਨਿਸ਼ਾਨਾ ਨਾ ਬਣ ਸਕੇ, ਉਥੇ ਉਨ੍ਹਾਂ ਪੁਲਿਸ ਪ੍ਰਸ਼ਾਸਨ, ਸਿਟੀ ਕੌਂਸਲ ਅਤੇ ਅਲਬਰਟਾ ਸਰਕਾਰ ਤੋਂ ਮੰਗ ਕੀਤੀ ਕਿ ਵਧ ਰਹੀ ਹਿੰਸਾ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ। ਦੋਨਾਂ ਸੰਸਥਾਵਾਂ ਦੇ ਬੁਲਾਰਿਆਂ ਮਾਸਟਰ ਭਜਨ ਸਿੰਘ ਤੇ ਹਰਚਰਨ ਸਿੰਘ ਪਰਹਾਰ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਜੂਨ ਵਿੱਚ ਦੋਨਾਂ ਸੰਸਥਾਵਾਂ ਵਲੋਂ ਕੀਤੇ ਗਏ ਮੁਜ਼ਾਹਰੇ ਤੋਂ ਪੁਲਿਸ ਤੇ ਕੁਝ ਰਾਜਨੀਤਕ ਲੀਡਰ ਹਰਕਤ ਵਿੱਚ ਆਏ ਸਨ ਤੇ ਕੁਝ ਮਹੀਨਿਆਂ ਲਈ ਘਟਨਾਵਾਂ ਵਿੱਚ ਕਮੀ ਵੀ ਆਈ ਸੀ। ਪਰ ਹੁਣ ਇੱਕਦਮ ਵਧੀ ਹਿੰਸਾ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਪਿਛਲੇ ਕੁਝ ਮਹੀਨਿਆਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਕੁਝ ਵਰਕਸ਼ਾਪਾਂ ਤੇ ਸੈਮੀਨਾਰ ਵੀ ਹੋਏ ਸਨ, ਪਰ ਜਦੋਂ ਤੱਕ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਕੇ ਸਖਤ ਕਦਮ ਨਹੀਂ ਚੁੱਕਦੀ ਤੇ ਕੋਈ ਲੰਬੀ ਪਲਾਨ ਨਹੀਂ ਬਣਾਉਂਦੀ, ਉਦੋਂ ਤੱਕ ਇਹ ਮਸਲਾ ਹੱਲ ਨਹੀਂ ਹੋ ਸਕਦਾ। ਉਨ੍ਹਾਂ ਸਕੂਲ ਬੋਰਡ ਨੂੰ ਵੀ ਅਪੀਲ ਕੀਤੀ ਕਿ ਸਕੂਲਾਂ ਵਿੱਚ ਅਜਿਹੇ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਹਨ, ਜਿਸ ਨਾਲ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਅਤੇ ਗੈਂਗਵਾਰ ਬਾਰੇ ਦੇ ਭਿਆਨਕ ਨਤੀਜਿਆਂ ਤੋਂ ਜਾਣੂ ਕਰਾਇਆ ਜਾਵੇ।ਉਨ੍ਹਾਂ ਅੱਗੇ ਦੱਸਿਆ ਕਿ ਦੋਨਾਂ ਜਥੇਬੰਦੀਆਂ ਵਲੋਂ ਐਤਵਾਰ 3 ਨਵੰਬਰ ਨੂੰ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਵੀ ਇਸ ਮਸਲੇ ’ਤੇ ਵਿਚਾਰ ਕੀਤੀ ਜਾਵੇਗੀ।