ਕਪੂਰਥਲਾ ਪੁਲਿਸ ਜਾਂਚ ਦੇ ਬਹਾਨੇ ਪੱਤਰਕਾਰ ਅਮਨਦੀਪ ਹਾਂਸ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ
Posted on:- 21-09-2019
ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬ੍ਰੂਟਾ ਸਿੰਘ ਨੇ ਪੱਤਰਕਾਰ ਅਮਨਦੀਪ ਹਾਂਸ ਨੂੰ ਧਮਕੀਆਂ ਦੇਣ ਵਾਲੇ ਪੁਲਸ ਮੁਲਾਜ਼ਮਾਂ ਦੀ ਕਪੂਰਥਲਾ ਪੁਲਿਸ ਵੱਲੋਂ ਸ਼ਨਾਖ਼ਤ ਨਾ ਕਰਨ ਅਤੇ ਔਰਤ ਪੱਤਰਕਾਰ ਨੂੰ ਜਾਂਚ ਦੇ ਬਹਾਨੇ ਵਾਰ-ਵਾਰ ਬੁਲਾ ਕੇ ਤੰਗ-ਪ੍ਰੇਸ਼ਾਨ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਅਮਨਦੀਪ ਹਾਂਸ ਰੇਡੀਓ ਰੰਗਲਾ ਪੰਜਾਬ ਲਈ ਕੰਮ ਕਰਦੀ ਹੈ ਅਤੇ ਪੰਜਾਬ ਹਿਊਮੈਨ ਰਾਈਟਸ ਜਥੇਬੰਦੀ ਵਿਚ ਵੀ ਸਰਗਰਮ ਹੈ। ਉਸ ਨੇ ਪਿੱਛੇ ਜਹੇ ਰੇਲ ਕੋਚ ਫੈਕਟਰੀ ਕਪੂਰਥਲਾ ਵਿਚ ਨਸ਼ਿਆਂ ਦੀ ਭਰਮਾਰ ਬਾਰੇ ਇਕ ਤੱਥਪੂਰਨ ਰਿਪੋਰਟ ਕੀਤੀ ਸੀ। ਰਿਪੋਰਟ ਵਿਚ ਉਸ ਨੇ ਨਾ ਸਿਰਫ਼ ਫੈਕਟਰੀ ਪ੍ਰਸ਼ਾਸਨ ਅਤੇ ਉੱਥੇ ਕੰਮ ਕਰਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਨਸ਼ਿਆਂ ਦੇ ਮਸਲੇ ਨੂੰ ਅਣਗੌਲਿਆਂ ਕਰਨ ਲਈ ਉਹਨਾਂ ਦੀ ਤਿੱਖੀ ਆਲੋਚਨਾ ਕੀਤੀ ਸੀ ਸਗੋਂ ਜ਼ਿਲ੍ਹਾ ਪੁਲਿਸ ਦੀ ਨਸ਼ਿਆਂ ਦੀ ਸਪਲਾਈ ਨੂੰ ਨਾ ਰੋਕਣ ਵਿਚ ਨਾਂਹਪੱਖੀ ਭੂਮਿਕਾ ਉੱਪਰ ਵੀ ਗੰਭੀਰ ਸਵਾਲ ਉਠਾਏ ਸਨ।
ਇਸ ਖ਼ੁਲਾਸੇ ਤੋਂ ਚਿੜ੍ਹ ਕੇ ਤਿੰਨ ਬੇਪਛਾਣ ਪੁਲਿਸ ਮੁਲਾਜ਼ਮਾਂ ਵੱਲੋਂ 20 ਜੁਲਾਈ ਨੂੰ ਰਾਤ ਦੇ ਵਕਤ ਪੱਤਰਕਾਰ ਦੇ ਘਰ ਜਾ ਕੇ ਉਸ ਦੀ ਮਾਤਾ ਨੂੰ ਗਾਲੀ-ਗਲੋਚ ਕੀਤਾ ਗਿਆ ਅਤੇ ਪੱਤਰਕਾਰ ਤੇ ਉਸ ਦੇ ਪਰਿਵਾਰ ਮੈਂਬਰਾਂ ਨੂੰ ਝੂਠੇ ਕੇਸ ਵਿਚ ਫਸਾਉਣ ਅਤੇ ਹੋਰ ਤਰੀਕਿਆਂ ਨਾਲ ਸਬਕ ਸਿਖਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪੁਲਿਸ ਮੁਲਾਜ਼ਮਾਂ ਵੱਲੋਂ ਕਿਸੇ ਐੱਸ.ਐੱਚ.ਓ. ਨਾਲ ਫ਼ੋਨ ਉੱਪਰ ਗੱਲ ਵੀ ਕਰਵਾਈ ਗਈ।
ਪੱਤਰਕਾਰ ਨੂੰ ਦਿੱਤੀ ਇਸ ਧਮਕੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਹਿਊਮੈਨ ਰਾਈਟਸ ਜਥੇਬੰਦੀ ਅਤੇ ਹੋਰ ਸਮਾਜਿਕ ਸ਼ਖਸੀਅਤਾਂ ਦੇ ਵਫ਼ਦ ਨੇ ਐੱਸ.ਐੱਸ.ਪੀ. ਕਪੂਰਥਲਾ ਨੂੰ ਮਿਲ ਕੇ ਮਾਮਲਾ ਉਹਨਾਂ ਦੇ ਧਿਆਨ ਵਿਚ ਲਿਆਂਦਾ। ਐੱਸ.ਐੱਸ.ਪੀ. ਵੱਲੋਂ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦੇਣ ਦੇ ਬਾਵਜੂਦ ਹੁਣ ਤਕ ਕਥਿਤ ਜਾਂਚ ਦਾ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਉਲਟਾ ਪੁਲਿਸ ਅਧਿਕਾਰੀਆਂ ਵੱਲੋਂ ਪੱਤਰਕਾਰ ਨੂੰ ਵਾਰ-ਵਾਰ ਜਾਂਚ ਲਈ ਬੁਲਾ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਦਾ ਇਹ ਟਾਲਮਟੋਲ ਵਾਲਾ ਰਵੱਈਆ ਨਸ਼ਿਆਂ ਨੂੰ ਰੋਕਣ ਦੇ ਦਾਅਵਿਆਂ ਉੱਪਰ ਨਾ ਸਿਰਫ਼ ਵੱਡੇ ਸਵਾਲ ਖੜ੍ਹੇ ਕਰਦਾ ਹੈ ਸਗੋਂ ਇਹ ਇਕ ਪੱਤਰਕਾਰ ਨੂੰ ਆਪਣੀ ਡਿਊਟੀ ਕਰਨ ਤੋਂ ਰੋਕ ਕੇ ਨਸ਼ਾ ਤਸਕਰਾ ਅਤੇ ਹੋਰ ਸਮਾਜ ਵਿਰੋਧੀ ਤਾਕਤਾਂ ਦੇ ਨਾਪਾਕ ਗੱਠਜੋੜ ਦੇ ਹੌਸਲੇ ਵਧਾਉਣ ਵਾਲਾ ਵੀ ਹੈ।
ਪੱਤਰਕਾਰ ਵੱਲੋਂ ਸਾਰੇ ਤੱਥ ਜਾਂਚ ਅਧਿਕਾਰੀਆਂ ਨੂੰ ਪਹਿਲਾਂ ਹੀ ਵਿਸਤਾਰ ਵਿਚ ਦੱਸੇ ਜਾ ਚੁੱਕੇ ਹਨ ਅਤੇ ਹੁਣ ਜਾਂਚ ਕਰਕੇ ਦੋਸ਼ੀ ਮੁਲਾਜ਼ਮਾਂ ਦੀ ਸ਼ਨਾਖ਼ਤ ਕਰਨਾ ਪੁਲਿਸ ਦਾ ਕੰਮ ਹੈ। ਉਹਨਾਂ ਮੰਗ ਕੀਤੀ ਕਿ ਐੱਸ.ਐੱਸ. ਪੀ ਕਪੂਰਥਲਾ ਕਾਨੂੰਨ ਨੂੰ ਟਿੱਚ ਸਮਝਣ ਵਾਲੇ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਲਈ ਗੰਭੀਰਤਾ ਦਿਖਾਵੇ, ਸੰਬੰਧਤ ਦਿਨ ਦਾ ਕਾਲ ਡੇਟਾ ਰਿਕਾਰਡ ਹਾਸਲ ਕਰਕੇ ਅਤੇ ਹੋਰ ਜਾਂਚ ਰਾਹੀਂ ਧਮਕੀਆਂ ਦੇਣ ਵਾਲੇ ਮੁਲਾਜ਼ਮਾਂ ਦੀ ਤੁਰੰਤ ਸ਼ਨਾਖ਼ਤ ਕੀਤੀ ਜਾਵੇ, ਪੱਤਰਕਾਰ ਨੂੰ ਵਾਰ-ਵਾਰ ਜਾਂਚ ਲਈ ਬੁਲਾ ਕੇ ਜਾਣ-ਬੁੱਝ ਕੇ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਫੈਕਟਰੀ ਖੇਤਰ ਵਿਚ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣ।