ਬਾਂਹ ਮਰੋੜ ਮਾਹੌਲ ਦਾ ਮੁਕਾਬਲਾ ਪੱਤਰਕਾਰਾਂ ਨੂੰ ਇਕਜੁੱਟ ਹੋ ਕੇ ਕਰਨਾ ਪਵੇਗਾ - ਜਮਹੂਰੀ ਅਧਿਕਾਰ ਸਭਾ
Posted on:- 18-09-2019
ਜਮਹੂਰੀ ਅਧਿਕਾਰ ਸਭਾ ਪੰਜਾਬ
ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ
ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਪਿਛਲੇ ਦਿਨੀਂ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ
ਹਿੰਦੁਸਤਾਨ ਟਾਈਮਜ਼ ਦੀ ‘ਕੋਡ ਆਫ ਕੰਡਕਟ’ ਕਮੇਟੀ ਵੱਲੋਂ ਆਪਣੀ ਇਕ ਪੱਤਰਕਾਰ ਸੁਖਦੀਪ ਕੌਰ ਪ੍ਰਤੀ
ਅਖ਼ਤਿਆਰ ਕੀਤੇ ਰਵੱਈਏ ਦਾ ਨੋਟਿਸ ਲੈਂਦਿਆਂ ਇਸ ਨੂੰ ਆਜ਼ਾਦ ਪੱਤਰਕਾਰੀ ਲਈ ਨਹਾਇਤ ਗ਼ੈਰਮੁਆਫ਼ਕ ਅਤੇ ਬਾਂਹ ਮਰੋੜ ਮਾਹੌਲ ਕਰਾਰ ਦਿੱਤਾ
ਹੈ। ਪੱਤਰਕਾਰ ਦਾ ਅਚਾਨਕ ਦਿੱਲੀ ਤਬਾਦਲਾ ਕਰਕੇ ਐਸਾ ਮਾਹੌਲ ਬਣਾ ਦਿੱਤਾ ਗਿਆ ਜਿਸ ਵਿਚ ਜਾਂ ਤਾਂ
ਉਹ ਆਪਣੇ ਪੇਸ਼ੇ ਦੀ ਆਜ਼ਾਦੀ ਦੀ ਕੀਮਤ ’ਤੇ ਇਸ ਫ਼ੈਸਲੇ ਨੂੰ ਸਵੀਕਾਰ ਕਰ ਲਵੇ ਜਾਂ ਫਿਰ ਮੀਡੀਆ ਸਮੂਹ ਤੋਂ ਬਾਹਰ ਦਾ ਰਸਤਾ ਅਖ਼ਤਿਆਰ ਕਰੇ।
ਉਹਨਾਂ ਕਿਹਾ ਕਿ ਸਮੁੱਚੇ ਘਟਨਾਕ੍ਰਮ ਤੋਂ ਸਪਸ਼ਟ ਹੈ ਕਿ ਪੇਸ਼ੇਵਾਰਾਨਾ ਪਹੁੰਚ ਨਾਲ ਸੱਚੀ ਰਿਪੋਰਟਿੰਗ ਕਰਨ ਵਾਲੇ ਸਮਰਪਿਤ
ਪੱਤਰਕਾਰਾਂ ਨੂੰ ਭਾਰੀ ਦਬਾਓ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੱਤਾਧਾਰੀ
ਧਿਰਾਂ ਵੱਲੋਂ ਆਪਣਾ ਰਸੂਖ਼ ਵਰਤਕੇ ਪੱਤਰਕਾਰਾਂ ਦੀ ਕਲਮ ਨੂੰ ਸੱਤਾ ਦੀ ਇੱਛਾ ਦੀ ਗ਼ੁਲਾਮ
ਬਣਾਉਣ ਦੀ ਕੋਸ਼ਿਸ਼ ਲੋਕਤੰਤਰ ਲਈ ਬਹੁਤ ਘਾਤਕ ਹੈ। ਹਾਲਾਤਾਂ ਦੀ ਅਸਲ ਤਸਵੀਰ ਨੂੰ ਪੇਸ਼
ਕਰਨ ਦੀ ਪ੍ਰੈੱਸ ਦੀ ਸਮਰੱਥਾ ਨੂੰ ਬੌਣਾ ਕਰਨ ਵਾਲਾ ਇਹ ਅਮਲ ਸਮਾਜ ਨੂੰ ਵੱਡੇ ਸੰਕਟ ਵਿਚ
ਸੁੱਟ ਦੇਵੇਗਾ।
ਇਹ ਵੀ ਨੋਟ ਕਰਨਾ ਹੋਵੇਗਾ ਕਿ ਨਵਉਦਾਰਵਾਦੀ ਆਰਥਿਕਤਾ ਦੇ ਦੌਰ ਵਿਚ ਜ਼ਿਆਦਾਤਰ ਮੀਡੀਆ ਸਮੂਹਾਂ ਵਿਚ ਮੀਡੀਆ ਦੀ ਆਜ਼ਾਦੀ ਦੀ ਕੀਮਤ ’ਤੇ ਸੱਤਾ ਅਤੇ ਕਾਰਪੋਰੇਟ ਸਮੂਹਾਂ ਦੇ ਨਾਪਾਕ ਗੱਠਜੋੜ ਨਾਲ ਸੁਖਾਵਾਂ ਰਿਸ਼ਤਾ ਬਣਾ ਕੇ ਲਾਹੇ ਲੈਣ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਜਦਕਿ ਪੱਤਰਕਾਰਾਂ ਦੀ ਭਰਤੀ ਤਿੰਨ ਜਾਂ ਪੰਜ ਸਾਲ ਲਈ ਠੇਕਾ ਅਧਾਰਤ ਹੋਣ ਕਾਰਨ ਪੱਤਰਕਾਰਾਂ ਦਾ ਭਵਿੱਖ ਪੂਰੀ ਤਰ੍ਹਾਂ ਅਸੁਰੱਖਿਅਤ ਹੈ ਅਤੇ ਰੋਜ਼ਗਾਰ ਦੀ ਗਾਰੰਟੀ ਨਾ ਹੋਣ ਕਾਰਨ ਪੱਤਰਕਾਰ ਪ੍ਰਬੰਧਕੀ ਅਦਾਰਿਆਂ ਦੀਆਂ ਸ਼ਰਤਾਂ ਮੰਨ ਕੇ ਕਈ ਤਰ੍ਹਾਂ ਦੇ ਸਮਝੌਤੇ ਕਰਨ ਜਾਂ ਦਮ ਘੁੱਟਵੇਂ ਮਾਹੌਲ ਨੂੰ ਤਿਲਾਂਜਲੀ ਦੇਣ ਲਈ ਮਜਬੂਰ ਹੋ ਰਹੇ ਹਨ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਇਸ ਤਰ੍ਹਾਂ ਦੇ ਝੂਠੇ ਦਾਅਵੇ ਕਰਕੇ ਜਾਗਰੂਕ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ ਕਿ ਕੈਪਟਨ ਦੇ ਰਾਜ ਵਿਚ ਮੀਡੀਆ ਨੂੰ ਮਿਸਾਲੀ ਆਜ਼ਾਦੀ ਹੈ। ਇਸ ਤਰ੍ਹਾਂ ਦੇ ਸਪਸ਼ਟੀਕਰਨ ਸੱਤਾਧਾਰੀ ਧਿਰ ਵੱਲੋਂ ਆਪਣੀ ਸਾਖ ਸੁਧਾਰਨ ਦੀ ਕਵਾਇਦ ਤੋਂ ਬਿਨਾ ਹੋਰ ਕੁਝ ਨਹੀਂ। ਉਹਨਾਂ ਕਿਹਾ ਕਿ ਚਾਹੇ ਭਾਜਪਾ ਦਾ ਰਾਜ ਹੈ ਜਾਂ ਕਾਂਗਰਸ ਦਾ ਪੱਤਰਕਾਰਾਂ ਨੂੰ ਆਪਣੇ ਪੇਸ਼ੇਵਾਰਾਨਾ ਫਰਜ਼ ਨਿਭਾਉਣ ਲਈ ਇਸ ਦਮ ਘੋਟੂ ਮਾਹੌਲ ਦਾ ਮੁਕਾਬਲਾ ਇਕ ਜੁੱਟ ਹੋ ਕੇ ਸਮੂਹਿਕ ਤਾਕਤ ਰਾਹੀਂ ਕਰਨਾ ਹੋਵੇਗਾ। ਸਮੂਹ ਇਨਸਾਫ਼ਪਸੰਦ ਤਾਕਤਾਂ ਨੂੰ ਇਸ ਡੂੰਘੇ ਸੰਕਟ ਦੀ ਘੜੀ ਮੀਡੀਆ ਦੀ ਆਜ਼ਾਦੀ ਲਈ ਅਸੂਲਪ੍ਰਸਤ ਪੱਤਰਕਾਰਾਂ ਦਾ ਸਾਥ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਨਾਲ ਹੀ ਸਮਝੌਤੇ ਕਰਨ ਵਾਲਿਆਂ ਨੂੰ ਵੀ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਪੱਤਰਕਾਰੀ ਦੀ ਨੈਤਿਕਤਾ ਨੂੰ ਤਿਲਾਂਜਲੀ ਦੇ ਕੇ ਕੀਤੇ ਖ਼ੁਦਗਰਜ਼ ਸਮਝੌਤਿਆਂ ਰਾਹੀਂ ਨਿੱਜੀ ਭਵਿੱਖ ਦਾ ਰਾਹ ਆਖ਼ਿਰਕਾਰ ਜਮਹੂਰੀ ਹੱਕਾਂ ਅਤੇ ਕਦਰਾਂ-ਕੀਮਤਾਂ ਦੀਆਂ ਜੜ੍ਹਾਂ ਵਿਚ ਤੇਲ ਦੇਣ ਸਮਾਨ ਹੈ।