ਬੇਰੁਜ਼ਗਾਰ ਬੀਐੱਡ ਅਧਿਆਪਕਾਂ ਵੱਲੋਂ ਮੁੜ ਸੰਘਰਸ਼ ਦਾ ਐਲਾਨ
Posted on:- 03-09-2019
ਸੰਗਰੂਰ : ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਲਾਰਿਆਂ ਤੋਂ ਅੱਕਦਿਆਂ ਮੁੜ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ 11 ਅਗਸਤ ਨੂੰ ਸੰਗਰੂਰ ਵਿਖੇ ਬੇਰੁਜ਼ਗਾਰ ਅਧਿਆਪਕਾਂ ਦੀ ਸੂਬਾਈ ਰੈਲੀ ਦੌਰਾਨ ਕੀਤੇ ਗਏ ਜਨਤਕ ਐਲਾਨ ਦੌਰਾਨ ਮੰਗਾਂ ਬਾਰੇ ਵਿਭਾਗ ਵੱਲੋਂ 7 ਸਤੰਬਰ ਤੱਕ ਕੋਈ ਹੱਲ ਕੱਢਣ ਅਤੇ ਪੈੱਨਲ ਮੀਟਿੰਗ ਦੀ ਗੱਲ ਕੀਤੀ ਗਈ ਸੀ, ਪ੍ਰੰਤੂ ਹੁਣ ਮੰਤਰੀ ਸਾਹਿਬ ਦੇ ਦਫ਼ਤਰ ਸੰਪਰਕ ਕਰਨ 'ਤੇ ਪਤਾ ਚੱਲਿਆ ਹੈ ਕਿ ਫ਼ਿਲਹਾਲ ਸਿੱਖਿਆ ਮੰਤਰੀ ਕੋਲ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨਾਲ ਮੀਟਿੰਗ ਕਰਨ ਦਾ ਸਮਾਂ ਨਹੀਂ ਹੈ, ਜਿਸ ਕਰਕੇ 7 ਸਤੰਬਰ ਤੱਕ ਮੀਟਿੰਗ ਹੋਣਾ ਮੁਸ਼ਕਿਲ ਹੈ। ਪ੍ਰਧਾਨ ਢਿੱਲਵਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ 7 ਸਤੰਬਰ ਤੱਕ ਵਿੱਤ ਵਿਭਾਗ ਤੋਂ ਨਵੀਆਂ ਅਸਾਮੀਆਂ ਦੀ ਪ੍ਰਵਾਨਗੀ ਲੈਣ, 55 ਫੀਸਦੀ ਸ਼ਰਤ ਖ਼ਤਮ ਕਰਨ, ਉਮਰ ਹੱਦ 42 ਸਾਲ ਕਰਨ ਸਬੰਧੀ ਵਿਚਾਰ ਕਰਕੇ ਯੂਨੀਅਨ ਨਾਲ 7 ਸਤੰਬਰ ਤੱਕ ਮੀਟਿੰਗ ਕਰਨ ਦਾ ਐਲਾਨ ਕੀਤਾ ਸੀ, ਜਿਸ ਕਰਕੇ ਬੇਰੁਜ਼ਗਾਰ ਅਧਿਆਪਕਾਂ ਨੇ ਧਰਨਾ ਚੁੱਕਿਆ ਸੀ, ਪਰ ਹੁਣ ਜੇਕਰ 7 ਸਤੰਬਰ ਤੱਕ ਨਵੀਂ ਭਰਤੀ ਸਬੰਧੀ ਕੋਈ ਪ੍ਰਕਿਰਿਆ ਸ਼ੁਰੂ ਨਹੀਂ ਹੁੰਦੀ ਤਾਂ ਯੂਨੀਅਨ 8 ਸਤੰਬਰ ਨੂੰ ਮੁੜ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਰੋਸ-ਮੁਜ਼ਾਹਰਾ ਕਰਦਿਆਂ ਪੱਕਾ ਧਰਨਾ ਲਾ ਦੇਵੇਗੀ। ਉਹਨਾਂ ਕਿਹਾ ਕਿ "ਘਰ-ਘਰ ਨੌਕਰੀ" ਦਾ ਵਾਅਦਾ ਕਰਕੇ ਸੱਤਾ 'ਤੇ ਕਾਬਜ਼ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਾਕਾਮ ਸਰਕਾਰ ਕਾਰਨ ਨੌਜਵਾਨ ਪੀੜ੍ਹੀ ਸੰਘਰਸ਼ ਦੇ ਰਾਹ ਹੈ। ਬੇਰੁਜ਼ਗਾਰੀ ਕਾਰਨ ਪ੍ਰੇਸ਼ਾਨ ਮਾਨਸਾ ਜਿਲ੍ਹੇ ਦੇ ਪਿੰਡ ਚੱਕ ਭਾਈਕਾ ਦਾ ਜਗਸੀਰ ਸਿੰਘ ਯੂਜੀਸੀ ਨੈੱਟ, ਟੈੱਟ, ਐਮ ਏ ਬੀਐੱਡ ਉੱਚ ਯੋਗਤਾ ਪ੍ਰੀਖਿਆਵਾਂ ਪਾਸ ਖ਼ੁਦਕੁਸ਼ੀ ਕਰ ਗਿਆ।