ਨੋਬਲ ਪੁਰਸਕਾਰ ਜੇਤੂ ਪਾਬਲੋ ਨੈਰੂਦਾ ਦੀਆਂ ਕਵਿਤਾਵਾਂ ਦਾ ਸਪੈਨਿਸ਼ ਤੋਂ ਸਿੱਧਾ ਪੰਜਾਬੀ ਅਨੁਵਾਦ ਇਨਕਲਾਬੀ ਘਟਨਾ- ਗੁਰਭਜਨ ਗਿੱਲ
Posted on:- 22-06-2019
ਲੁਧਿਆਣਾ: ਚਿੱਲੀ ਦੇਸ਼ ਦੇ ਸੈਂਟੀਆਗੋ ਸ਼ਹਿਰ ਚ ਪੈਦਾ ਹੋਏ ਇਨਕਲਾਬੀ ਕਵੀ ਪਾਬਲੋ ਨੈਰੂਦਾ ਦੀ ਸ਼ਾਇਰੀ ਨੂੰ ਸਪੈਨਿਸ਼ ਤੋਂ ਸਿੱਧਾ ਪੰਜਾਬੀ ਅਨੁਵਾਦ ਕਰਕੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੱਦੋਵਾਲ ਦੇ ਜੰਮਪਲ ਮਨਦੀਪ ਨੇ ਇਨਕਲਾਬੀ ਕਾਰਜ ਕੀਤਾ ਹੈ। ਇਸ ਕਿਤਾਬ ਨੂੰ ਬਾਦਬਾਨ ਪ੍ਰਕਾਸ਼ਨ ਪੱਖੋਵਾਲ (ਲੁਧਿਆਣਾ) ਨੇ ਪ੍ਰਕਾਸ਼ਿਤ ਕੀਤਾ ਹੈ।
ਪੰਜਾਬੀ ਭਵਨ ਲੁਧਿਆਣਾ ਵਿੱਚ ਇਹ ਪੁਸਤਕ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਦੇ ਸੰਚਾਲਕ ਮਾਸਟਰ ਹਰੀਸ਼ ਚੰਦਰ ਪੱਖੋਵਾਲ ਵੱਲੋਂਇਹ ਪੁਸਤਕ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਸਾਬਕਾ ਪ੍ਰਧਾਨ ਗੁਰਭਜਨ ਗਿੱਲ, ਲੁਧਿਆਣਾ ਦੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਪ੍ਰਭਦੀਪ ਸਿੰਘ ਨੱਥੋਵਾਲ ਤੇ ਅਕਾਡਮੀ ਦੇ ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ ਨੂੰ ਭੇਂਟ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਗੁਰਭਜਨ ਗਿੱਲ ਨੇ ਕਿਹਾ ਕਿ ਪਾਬਲੋ ਨੈਰੂਦਾ ਨੇ ਵੀਹਵੀਂ ਸਦੀ ਦੀ ਵਿਸ਼ਵ ਕਵਿਤਾ ਨੂੰ ਬਹੁਤ ਨੇੜਿਉਂ ਪ੍ਰਭਾਵਤ ਕੀਤਾ ਹੈ। ਪੰਜਾਬੀ ਕਵੀ ਪਾਸ਼, ਹਿੰਦੀ ਕਵੀ ਸਰਵੇਸ਼ਵਰ ਦਯਾਲ ਸਕਸੈਨਾ, ਧੂਮਿਲ ਅਜਿਹੇ ਭਾਰਤੀ ਕਵੀ ਹਨ ਜਿੰਨ੍ਹਾਂ ਦੀ ਕਵਿਤਾ ਪਾਬਲੋ ਨੈਰੂਦਾ ਤੋਂ ਪ੍ਰਭਾਵਤ ਕਹੀ ਜਾ ਸਕਦੀ ਹੈ। ਉਨ੍ਹਾਂ ਵਿਸ਼ਵ ਪ੍ਰਸਿੱਧ ਕਵੀ ਗਾਰਸ਼ੀਆ ਲੋਰਕਾ ਦੇ ਹਵਾਲੇ ਨਾਲ ਕਿਹਾ ਕਿ ਨੈਰੂਦਾ ਫਲਸਫੇ ਨਾਲੋਂ ਮੌਤ, ਬੁੱਧੀਮਾਨਤਾ ਨਾਲੋਂ ਪੀੜਾ ਅਤੇ ਸਿਆਹੀ ਨਾਲੋਂ ਰੱਤ ਦੇ ਨੇੜੇ ਦਾ ਕਵੀ ਹੈ। ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕਿ ਪਾਬਲੋ ਨੈਰੂਦਾ ਜ਼ਿੰਦਗੀ ਦੇ ਸੰਘਰਸ਼ ਤੇ ਹੁਸਨ ਦਾ ਕਵੀ ਸੀ ਜਿਸ ਨੇ ਚਿੱਲੀ ਦੇ ਲੋਕਾਂ ਨੂੰ ਆਜ਼ਾਦ ਹਸਤੀ ਦਾ ਸੁਪਨਾ ਵਿਖਾਇਆ। ਚਿੱਲੀ ਦੇ ਰਾਜਪਲਟੇ ਦੌਰਾਨ ਹੋਈਆਂ ਸਾਜ਼ਸ਼ਾਂ ਦਾ ਸ਼ਿਕਾਰ ਹੋ ਤੇ ਇਹ ਸਾਥੋਂ 1973 ਚ ਸਰੀਰਕ ਰੂਪ ਵਿੱਚ ਭਾਵੇਂ ਵਿੱਛੜ ਗਏ ਸਨ ਪਰ ਆਪਣੀ ਸਿਰਜਣਾ ਸਦਕਾ ਸਾਡੇ ਹਮੇਸ਼ਾਂ ਅੰਗ ਸੰਗ ਹਨ। ਮਨਦੀਪ ਨੇ ਇਸ 158 ਪੰਨਿਆਂ ਦੀ ਕਿਤਾਬ ਰਾਹੀਂ ਸਾਨੂੰ ਹਲੂਣਿਆ ਹੈ। ਪ੍ਰਭਦੀਪ ਸਿੰਘ ਨੱਥੋਵਾਲ ਨੇ ਕਿਹਾ ਕਿ ਮੂਲ ਬੋਲੀ ਸਪੈਨਿਸ਼ ਤੋਂ ਪੰਜਾਬੀ ਚ ਸਿੱਧਾ ਅਨੁਵਾਦ ਕਰਕੇ ਮਨਦੀਪ ਨੇ ਹਿੰਮਤ ਦੀ ਮਿਸਾਲ ਕਾਇਮ ਕੀਤੀ ਹੈ। ਇਹ ਕਿਤਾਬ ਘਰ ਘਰ ਪੁੱਜਣੀ ਚਾਹੀਦੀ ਹੈ। ਸਹਿਜਪ੍ਰੀਤ ਸਿੰਘ ਮਾਂਗਟ ਨੇ ਕਿਹਾ ਕਿ ਮਨਦੀਪ ਵੱਲੋਂ ਕੀਤੇ ਇਸ ਅਨੁਵਾਦ ਨਾਲ ਪੰਜਾਬੀ ਸਾਹਿੱਤ ਨੂੰ ਅਮੀਰ ਖ਼ਜ਼ਾਨਾ ਹਾਸਲ ਹੋਇਆ ਹੈ। ਹਰੀਸ਼ ਪੱਖੋਵਾਲ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮਨਦੀਪ ਨੇ ਚਿੱਲੀ ਪਹੁੰਚ ਕੇ ਇਹ ਵਡਮੁੱਲਾ ਕਾਰਜ ਸਪੈਨਿਸ਼ ਸਿੱਖਣ ਉਪਰੰਤ ਕੀਤਾ ਹੈ। ਉਸ ਨੇ ਮੌਲਿਕ ਕਵਿਤਾਵਾਂ ਨੂੰ ਪਹਿਲਾਂ ਹੋਏ ਗਲਤ ਅਨੁਵਾਦਾਂ ਤੋਂ ਵੀ ਨਿਜਾਤ ਦਿਵਾਈ ਹੈ। ਨੈਰੂਦਾ ਦੇ ਨਾਮ ਤੇ ਪ੍ਰਚਲਿਤ ਕਵਿਤਾ ਹੌਲੀ ਹੌਲੀ ਮਰਨਾ ਬਾਰੇ ਵੀ ਭਰਮ ਤੋੜਿਆ ਹੈ ਕਿ ਇਹ ਕਵਿਤਾ ਉਸਦੀ ਨਹੀਂ ਹੈ। ਇਸ ਮੁੱਲਵਾਨ ਪੁਸਤਕ ਨੂੰ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ, ਪੰਜਾਬੀ ਭਵਨ ਤੋਂ ਹਾਸਲ ਕੀਤਾ ਜਾ ਸਕਦਾ ਹੈ।