ਇਨਕਲਾਬੀ ਕੇਂਦਰ ਪੰਜਾਬ ਤੇ ਲੋਕ ਮੋਰਚਾ ਪੰਜਾਬ ਵੱਲੋਂ 16 ਮਈ ਬਰਨਾਲਾ ਵਿਖੇ ਇਨਕਲਾਬੀ ਬਦਲ ਉਸਾਰੋ ਕਾਨਫਰੰਸ
Posted on:- 08-05-2019
ਬਰਨਾਲਾ : ਪੰਜਾਬ ਦੀਆਂ ਦੋ ਇਨਕਲਾਬੀ ਜਥੇਬੰਦੀਆਂ, ਇਨਕਲਾਬੀ ਕੇਂਦਰ ਪੰਜਾਬ ਤੇ ਲੋਕ ਮੋਰਚਾ ਪੰਜਾਬ ਇਨਕਲਾਬੀ ਬਦਲ ਉਸਾਰੋ ਦੀ ਸਾਂਝੀ ਮੁਹਿੰਮ ਤੇ ਕਾਨਫਰੰਸ ਰਾਹੀਂ ਚੋਣਾਂ ਦੇ ਮਾਹੌਲ ਦਰਮਿਆਨ ਲੋਕਾਂ ਦੀ ਮੁਕਤੀ ਦੇ ਹਕੀਕੀ ਪ੍ਰੋਗਰਾਮ ਤੇ ਰਾਹ ਨੂੰ ਬੁਲੰਦ ਕਰਨਗੀਆਂ ਅਤੇ ਹਾਕਮ ਧੜਿਆਂ ਦੀ ਵੋਟ ਸਿਆਸਤ ਤੋਂ ਝਾਕ ਛੱਡ ਕੇ, ਸਭਨਾਂ ਮਸ਼ਕਲਾਂ ਦੇ ਹੱਲ ਲਈ ਖਰਾ ਲੋਕਪੱਖੀ ਰਾਜ ਭਾਗ ਉਸਾਰਨ ਖਾਤਰ ਲੋਕ ਸੰਗਰਾਮ ਤੇਜ਼ ਕਰਨ ਦਾ ਸੰਦੇਸ਼ ਦੇਣਗੀਆਂ।
ਦੋਵਾਂ ਜਥੇਬੰਦੀਆਂ ਦੇ ਸੂਬਾਈ ਆਗੂਆਂ, ਕੰਵਲਜੀਤ ਖੰਨਾ, ਜਗਮੇਲ ਸਿੰਘ, ਨਰੈਣ ਦੱਤ ਤੇ ਸੁਖਵਿੰਦਰ ਸਿੰਘ ਨੇ ਸਾਂਝੀ ਮੀਟਿੰਗ ਕਰਨ ਉਪਰੰਤ ਸਾਂਝੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਮੁਹਿੰਮ ਦੇ ਸਿਖਰ 'ਤੇ 16 ਮਈ ਨੂੰ ਬਰਨਾਲਾ ਵਿਖੇ ਸੂਬਾਈ ਕਾਨਫਰੰਸ ਤੇ ਮਾਰਚ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪਹਿਲੀਆਂ ਚੋਣਾਂ ਵਾਂਗ ਇਹ ਚੋਣਾਂ ਵੀ ਲੋਕਾਂ ਦੀਆਂ ਜ਼ਿੰਦਗੀਆਂ ਦੇ ਬੁਨਿਆਦੀ ਸਵਾਲ ਨੂੰ ਮੁਖਾਤਿਬ ਨਹੀਂ ਹਨ ਤੇ ਨਾ ਹੀ ਇਹਨਾਂ ਦੀ ਬੇਹਤਰੀ ਦਾ ਜ਼ਰੀਆ ਬਣ ਸਕਦੀਆਂ ਹਨ। ਇਹ ਚੋਣਾਂ ਤਾਂ ਮੁਲਕ 'ਤੇ ਸਦਾ ਹੀ ਰਾਜ ਕਰਦੇ ਵੱਡੇ ਸਰਮਾਏਦਾਰਾਂ ਤੇ ਜਾਗੀਰਦਾਰਾਂ ਦੇ ਵੱਖ ਵੱਖ ਧੜਿਆਂ 'ਚ ਕੁਰਸੀ 'ਤੇ ਬੈਠਣ ਦੇ ਆਪਸੀ ਰੌਲੇ ਦੇ ਨਿਪਟਾਰੇ ਦਾ ਸਾਧਨ ਹਨ।
ਵੱਡੇ ਸਰਮਾਏਦਾਰਾਂ, ਜਾਗੀਰਦਾਰਾਂ ਤੇ ਸਾਮਰਾਜੀਆਂ ਦੇ ਲੁਟੇਰੇ ਹਿਤਾਂ ਦੀ ਪੂਰਤੀ ਲਈ ਬਣਦੀਆਂ ਨੀਤੀਆਂ ਵਿਉਂਤਾਂ ਲਈ ਲੋਕਾਂ ਤੋਂ ਪ੍ਰਵਾਨਗੀ ਲੈਣ ਖਾਤਰ ਹਨ। ਏਸ ਲਈ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਲੋਕਾਂ ਦੇ ਹਕੀਕੀ ਜਮਾਤੀ ਮੁੱਦਿਆਂ ਤੋਂ ਟਾਲਾ ਵੱਟਣ ਦਾ ਯਤਨ ਕਰਦੀਆਂ ਹਨ ਤੇ ਹੁਣ ਦੀਆਂ ਪਾਰਲੀਮਾਨੀ ਚੋਣਾਂ ਭਾਜਪਾ ਦੀ ਕੇਂਦਰੀ ਹਕੂਮਤ ਵੱਲੋਂ ਖੜੇ ਕੀਤੇ ਗਏ ਦੇਸ਼ ਦੀ ਸੁਰੱਖਿਆ ਦੇ ਨਕਲੀ ਮੁੱਦੇ ਦੁਆਲੇ ਕੇਂਦਰਤ ਹੋ ਗਈਆਂ ਹਨ। ਵਿਕਾਸ ਦੇ ਕੀਤੇ ਜਾ ਰਹੇ ਦਾਅਵੇ ਤੇ ਵਾਅਦਿਆਂ ਦੀ ਹਕੀਕਤ ਵੀ ਸਾਮਰਾਜੀਆਂ ਤੇ ਦੇਸੀ ਵੱਡੇ ਸਰਮਾਏਦਾਰਾਂ ਲਈ ਹੋਰ ਵਧੇਰੇ ਮੁਨਾਫੇ ਕਮਾਉਣ ਦੇ ਰਾਹ ਖੋਲ੍ਹਣਾ ਹੈ, ਜਿਸ ਨੂੰ ਵਿਕਾਸ ਦਾ ਨਾਂ ਦਿੱਤਾ ਗਿਆ ਹੈ। ਸਾਰੀਆਂ ਹੀ ਹਾਕਮ ਜਮਾਤੀ ਪਾਰਟੀਆਂ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ 'ਚ ਹੀ ਦਸਦੀਆਂ ਹਨ ਤੇ ਇੱਕ ਦੂਜੀ ਤੋਂ ਵਧਕੇ ਇਹਨਾਂ ਨੂੰ ਲਾਗੂ ਕਰਨ ਦਾ ਐਲਾਨ ਕਰ ਰਹੀਆਂ ਹਨ ਜਦ ਕਿ ਮੌਜੂਦਾ ਦੌਰ ਦੇ ਸਭਨਾਂ ਸੰਕਟਾਂ ਦੀਆਂ ਜ਼ਿੰਮੇਵਾਰ ਖੁਦ ਇਹੀ ਨੀਤੀਆਂ ਹਨ।
ਉਹਨਾਂ ਕਿਹਾ ਕਿ ਕਿਰਤੀ ਲੋਕਾਂ ਦੀਆਂ ਜ਼ਿੰਦਗੀਆਂ 'ਚ ਖੁਸ਼ਹਾਲੀ ਲਿਆਉਣ ਲਈ ਲੁੱਟਖਸੁੱਟ 'ਤੇ ਆਧਾਰਿਤ ਇਸ ਰਾਜਭਾਗ ਨੂੰ ਮੁੱਢੋਂਸੁਢੋ ਬਦਲਣ ਦੀ ਜ਼ਰੂਰਤ ਹੈ। ਇਹ ਬੁਨਿਆਦੀ ਤਬਦੀਲੀ ਵੋਟਾਂ ਜ਼ਰੀਏ ਨਹੀਂ ਸਗੋਂ ਲੋਕ ਸੰਘਰਸ਼ਾਂ ਰਾਹੀਂ ਲੋਕ ਤਾਕਤ ਦੀ ਉਸਾਰੀ ਕਰਕੇ ਹੀ ਲਿਆਂਦੀ ਜਾ ਸਕਦੀ ਹੈ। ਚੇਤਨ ਤੇ ਜਥੇਬੰਦ ਲੋਕ ਤਾਕਤ ਹੀ ਹੇਠਾਂ ਤੋਂ ਜਮਹੂਰੀਅਤ ਸਿਰਜਦੀ ਹੈ ਤੇ ਆਪਣੀ ਤਾਕਤ ਦੇ ਜ਼ੋਰ ਇਸਨੂੰ ਪੁਗਾਉਂਦੀ ਹੈ।
ਅੱਜ ਮੁਲਕ 'ਚ ਦੇਸੀ ਵਿਦੇਸ਼ੀ ਸਰਮਾਏਦਾਰਾਂ ਦੀ ਲੁੱਟ ਖਸੁੱਟ ਦਾ ਖਾਤਮਾ ਕਰਨ, ਤਿੱਖੇ ਜਮੀਨੀ ਸੁਧਾਰਾਂ ਰਾਹੀਂ ਜ਼ਮੀਨ ਦੀ ਮੁੜ ਵੰਡ ਕਰਨ, ਸੂਦਖੋਰੀ ਦਾ ਮੁਕੰਮਲ ਖਾਤਮਾ ਕਰਨ, ਨਿੱਜੀਕਰਨ,ਵਪਾਰੀਕਰਨ ਦੀਆਂ ਨੀਤੀਆਂ ਮੁੱਢੋ ਰੱਦ ਕਰਨ, ਸਾਮਰਾਜੀ ਮੁਲਕਾਂ ਨਾਲ ਅਣਸਾਵੀਆਂ ਸੰਧੀਆਂ ਰੱਦ ਕਰਨ, ਵੱਡੀਆਂ ਕੰਪਨੀਆਂ 'ਤੇ ਸਿੱਧੇ ਟੈਕਸ ਲਾ ਕੇ ਖਜ਼ਾਨਾ ਭਰਨ ਤੇ ਉਹਨਾਂ ਦੇ ਮੁਨਾਫਿਆਂ 'ਤੇ ਰੋਕਾਂ ਲਾਉਣ ਵਰਗੇ ਕਦਮ ਚੁੱਕਣ ਦੀ ਜ਼ਰੂਰਤ ਹੈ ਜੋ ਕਿਸੇ ਹਾਕਮ ਜਮਾਤੀ ਪਾਰਟੀ ਦਾ ਅਜੰਡਾ ਨਹੀਂ ਹੈ। ਅਜਿਹੇ ਕਦਮ ਚੁਕਵਾਉਣ ਲਈ ਜਥੇਬੰਦ ਲੋਕ ਤਾਕਤ ਹੀ ਸਾਧਨ ਹੈ ਜੋ ਆਪਣੇ ਅੱਜ ਦੇ ਸੰਘਰਸ਼ਾਂ ਨੂੰ ਇਹਨਾਂ ਮਸਲਿਆਂ ਤੱਕ ਲੈ ਕੇ ਜਾਵੇ। ਅੱਜ ਲੋਕਾਂ ਕੋਲ ਉਹਨਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਲਈ ਆਪਣੀਆਂ ਜਥੇਬੰਦੀਆਂ ਮੌਜੂਦ ਹਨ ਜੋ ਮੌਜੂਦਾ ਲੁਟੇਰੇ ਰਾਜ ਦੇ ਮੁਕਾਬਲੇ ਲੋਕਾਂ ਦੀ ਪੁੱਗਤ ਦਾ ਹਾਸਲ ਬਦਲ ਹਨ ਤੇ ਇਹੀ ਲੋਕ ਤਾਕਤ ਸਿਆਸੀ ਮੁੱਦਿਆਂ 'ਤੇ ਜਥੇਬੰਦ ਹੋ ਕੇ ਖਰਾ ਇਨਕਲਾਬੀ ਬਦਲ ਉਸਾਰ ਸਕਦੀ ਹੈ। ਇਸ ਲਈ ਦੋਹਾਂ ਜਥੇਬੰਦੀਆਂ ਵੱਲੋਂ ਇਨਕਲਾਬੀ ਬਦਲ ਲੋਕਾਂ ਮੂਹਰੇ ਰੱਖਣ ਲਈ ਮੁਹਿੰਮ ਚਲਾਈ ਜਾ ਰਹੀ ਹੈ।
ਆਗੂਆਂ ਨੇ ਕਿਹਾ ਕਿ ਅੱਜ ਹਾਕਮ ਜਮਾਤੀ ਵੋਟ ਪਾਰਟੀਆਂ ਵੱਲੋਂ ਦੂਜੇ ਤੀਜੇ ਬਦਲ ਦੀ ਚਰਚਾ ਨਕਲੀ ਹੈ ਤੇ ਇਹ ਮੌਜੂਦਾ ਲੁਟੇਰੇ ਰਾਜ ਭਾਗ ਦੇ ਅੰਦਰ ਅੰਦਰ ਲੁਟੇਰੀਆਂ ਜਮਾਤਾਂ ਦੇ ਹਿੱਤਾਂ ਦੀ ਸੁਰੱਖਿਆ ਹੀ ਕਰਦੇ ਹਨ ਜਦ ਕਿ ਜ਼ਰੂਰਤ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ ਦਰਸਾਏ ਇਨਕਲਾਬ ਦੇ ਨਾਹਰੇ ਨੂੰ ਬੁਲੰਦ ਕਰਨ ਦੀ ਹੈ।ਕਿਰਤੀਆਂ ਦੇ ਰਾਜਭਾਗ ਦੀ ਉਸਾਰੀ ਲਈ ਵਿਸ਼ਾਲ ਲਹਿਰ ਉਸਾਰਨ ਦੀ ਹੈ। ਉਹਨਾਂ ਚੋਣਾਂ ਨੂੰ ਹਾਕਮ ਜਮਾਤਾਂ ਵੱਲੋਂ ਲੋਕਾਂ ਦੀ ਜਮਾਤੀ ਤਬਕਾਤੀ ਏਕਤਾ 'ਤੇ ਹਮਲਾ ਕਰਾਰ ਦਿੱਤਾ ਤੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਹਮਲੇ ਤੋਂ ਆਪਣੀ ਏਕਤਾ ਦੀ ਰਾਖੀ ਕਰਨ, ਇਸ ਸਿਆਸੀ ਮਹੌਲ ਅੰਦਰ ਆਪਣੇ ਹਕੀਕੀ ਮਸਲੇ ਉਭਾਰਨ ਤੇ ਮੌਕਾਪ੍ਰਸਤ ਸਿਆਸੀ ਪਾਰਟੀਆਂ ਨੂੰ ਇਹਨਾਂ ਮੁੱਦਿਆਂ 'ਤੇ ਜ਼ੁਬਾਨ ਖੋਲ੍ਹਣ ਲਈ ਮਜਬੂਰ ਕਰਨ। ਮੁਹਿੰਮ ਤਹਿਤ ਸੂਬੇ ਭਰ 'ਚ ਜਨਤਕ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਚੁੱਕਾ ਹੈ ਤੇ ਦਹਿ ਹਜਾਰਾਂ ਦੀ ਗਿਣਤੀ'ਚ ਇੱਕ ਹੱਥ ਪਰਚਾ ਵੀ ਪ੍ਰਕਾਸ਼ਿਤ ਕਰਕੇ ਘਰ-ਘਰ ਵੰਡਿਆ ਜਾ ਰਿਹਾ ਹੈ।