ਨੋਟਬੰਦੀ ਨੇ ਕੀਤੀ 50 ਲੱਖ ਲੋਕਾਂ ਦੀ ਰੁਜ਼ਗਾਰਬੰਦੀ
Posted on:- 18-04-2019
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੰਬਰ 2016 ਵਿਚ ਕੀਤੀ ਗਈ ਨੋਟਬੰਦੀ ਤੋਂ ਬਾਅਦ ਦੇਸ਼ ਦੇ 50 ਲੱਖ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣਾ ਪਿਆ। ਇਨ੍ਹਾਂ ਵਿਚੋਂ ਬਹੁਤੇ ਗੈਰ-ਜਥੇਬੰਦ ਖੇਤਰ ਨਾਲ ਸੰਬੰਧਤ ਕਮਜ਼ੋਰ ਵਰਗਾਂ ਦੇ ਸਨ।
'ਹਫਿੰਗਟਨ ਪੋਸਟ' ਮੁਤਾਬਕ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ ਸੈਂਟਰ ਫਾਰ ਸਸਟੇਨੇਬਲ ਇੰਪਲਾਇਮੈਂਟ (ਸੀ ਐੱਸ ਈ) ਨੇ 'ਸਟੇਟ ਆਫ ਵਰਕਿੰਗ ਇੰਡੀਆ 2019' ਨਾਂਅ ਦੀ ਮੰਗਲਵਾਰ ਨੂੰ ਜਾਰੀ ਕੀਤੀ ਰਿਪੋਰਟ ਵਿਚ ਇਹ ਖੁਲਾਸਾ ਕੀਤਾ ਹੈ।
ਸੀ ਐੱਸ ਈ ਦੇ ਚੇਅਰਮੈਨ ਅਤੇ ਰਿਪੋਰਟ ਦੇ ਪ੍ਰਮੁੱਖ ਲੇਖਰ ਪ੍ਰੋਫੈਸਰ ਅਮਿਤ ਬਸੋਲੇ ਨੇ ਕਿਹਾ, 'ਇਹ ਕੁਲ ਅੰਕੜਾ ਹੈ। ਇਸ ਮੁਤਾਬਕ 50 ਲੱਖ ਰੁਜ਼ਗਾਰ ਘਟੇ ਹਨ। ਕਿਤੇ ਹੋਰ ਨੌਕਰੀਆਂ ਭਾਵੇਂ ਵਧੀਆਂ ਹੋਣ, ਪਰ ਇਹ ਤੈਅ ਹੈ ਕਿ 50 ਲੱਖ ਲੋਕਾਂ ਨੇ ਨੌਕਰੀਆਂ ਗੁਆਈਆਂ ਹਨ। ਇਹ ਅਰਥਚਾਰੇ ਲਈ ਸਹੀ ਨਹੀਂ, ਖਾਸ ਤੌਰ 'ਤੇ ਜਦੋਂ ਕੁਲ ਵਿਕਾਸ ਦਰ (ਜੀ ਡੀ ਪੀ) ਵਧ ਰਹੀ ਹੋਵੇ ਤੇ ਮਨੁੱਖਾ ਸ਼ਕਤੀ ਘਟਣ ਦੀ ਥਾਂ ਵਧਣੀ ਚਾਹੀਦੀ ਹੈ।'
ਬਸੋਲੇ ਨੇ ਕਿਹਾ ਕਿ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਨੌਕਰੀਆਂ ਵਿਚ ਗਿਰਾਵਟ ਨੋਟਬੰਦੀ ਦੇ ਸਮੇਂ (ਸਤੰਬਰ ਤੇ ਦਸੰਬਰ 2016 ਦੇ ਚਾਰ ਮਹੀਨਿਆਂ ਵਿਚ) ਦੇ ਨੇੜੇ-ਤੇੜੇ ਹੋਈ ਹੈ।
ਇਹ ਪੁੱਛੇ ਜਾਣ 'ਤੇ ਕਿ ਨੌਕਰੀਆਂ ਜਾਣ ਅਤੇ ਰੁਜ਼ਗਾਰ ਦੇ ਮੌਕੇ ਨਾ ਮਿਲਣ ਦੇ ਸੰਭਾਵਤ ਕੀ ਕਾਰਨ ਹੋ ਸਕਦੇ ਹਨ, ਬਸੋਲੇ ਨੇ ਕਿਹਾ, 'ਨੋਟਬੰਦੀ ਅਤੇ ਜੀ ਐੱਸ ਟੀ ਦੇ ਇਲਾਵਾ ਜਿੱਥੋਂ ਤੱਕ ਗੈਰ-ਰਸਮੀ ਅਰਥਚਾਰੇ ਦਾ ਸਵਾਲ ਹੈ, ਮੈਨੂੰ ਹੋਰ ਕੋਈ ਕਾਰਨ ਨਜ਼ਰ ਨਹੀਂ ਆਉਂਦਾ।'
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨੌਕਰੀਆਂ ਗੁਆਉਣ ਵਾਲੇ 50 ਲੱਖ ਲੋਕਾਂ ਵਿਚ ਸ਼ਹਿਰੀ ਤੇ ਪੇਂਡੂ ਇਲਾਕਿਆਂ ਦੇ ਘੱਟ ਪੜ੍ਹੇ-ਲਿਖੇ ਮਰਦਾਂ ਦੀ ਗਿਣਤੀ ਵੱਧ ਹੈ। 20 ਤੋਂ 24 ਸਾਲ ਉਮਰ ਵਰਗ ਦੇ ਲੋਕਾਂ ਵਿਚ ਬੇਰੁਜ਼ਗਾਰੀ ਸਭ ਤੋਂ ਵੱਧ ਹੈ, ਜੋ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਹ ਉਮਰ ਵਰਗ ਨੌਜਵਾਨ ਕੰਮ ਸ਼ਕਤੀ ਨੂੰ ਦਰਸਾਉਂਦਾ ਹੈ। ਇਹ ਸ਼ਹਿਰੀ ਮਰਦ ਤੇ ਮਹਿਲਾ ਅਤੇ ਪੇਂਡੂ ਮਰਦ ਤੇ ਮਹਿਲਾ ਸਾਰਿਆਂ ਦੀ ਹਕੀਕਤ ਹੈ। ਮਰਦਾਂ ਦੀ ਤੁਲਨਾ ਵਿਚ ਮਹਿਲਾਵਾਂ ਵਧੇਰੇ ਪ੍ਰਭਾਵਤ ਹਨ, ਉਨ੍ਹਾਂ ਦੀ ਬੇਰੁਜ਼ਗਾਰੀ ਦਰ ਸਭ ਤੋਂ ਵੱਧ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ 1999 ਤੋਂ 2011 ਤੱਕ ਬੇਰੁਜ਼ਗਾਰੀ ਦਰ ਦੋ ਤੋਂ ਤਿੰਨ ਫੀਸਦੀ ਦੇ ਨੇੜੇ-ਤੇੜੇ ਰਹਿਣ ਦੇ ਬਾਅਦ 2015 ਵਿਚ ਵਧ ਕੇ ਪੰਜ ਫੀਸਦੀ ਦੇ ਨੇੜੇ-ਤੇੜੇ ਹੋ ਗਈ ਅਤੇ 2018 ਵਿਚ ਵਧ ਕੇ ਛੇ ਫੀਸਦੀ ਤੋਂ ਵੀ ਵਧ ਗਈ। ਇਹ ਇਕ ਤਰ੍ਹਾਂ 2000 ਤੋਂ 2011 ਦੀ ਤੁਲਨਾ ਵਿਚ ਦੁੱਗਣੀ ਹੋ ਗਈ। ਪੜ੍ਹੇ-ਲਿਖੇ ਲੋਕਾਂ ਵਿਚ ਬੇਰੁਜ਼ਗਾਰੀ ਦੀ ਦਰ 2011 ਵਿਚ ਨੌਂ ਫੀਸਦੀ ਤੋਂ ਵਧ ਕੇ 2016 ਵਿਚ 15-16 ਫੀਸਦੀ ਹੋ ਗਈ।
ਇਸ ਰਿਪੋਰਟ ਮੁਤਾਬਕ ਬੀਤੇ ਤਿੰਨ ਸਾਲ ਭਾਰਤੀ ਕਿਰਤ ਬਾਜ਼ਾਰ ਲਈ ਬਹੁਤ ਉਤਰਾਅ-ਚੜ੍ਹਾਅ ਵਾਲੇ ਰਹੇ। ਇਸ ਦੇ ਚਾਰ ਕਾਰਨ ਨਜ਼ਰ ਆਉਂਦੇ ਹਨ। ਪਹਿਲਾ, ਇਸ ਦੌਰਾਨ ਬੇਰੁਜ਼ਗਾਰੀ ਵਧੀ, ਜੋ 2011 ਦੇ ਬਾਅਦ ਲਗਾਤਾਰ ਵਧ ਰਹੀ ਹੈ। ਦੂਜਾ, ਬੇਰੁਜ਼ਗਾਰਾਂ ਵਿਚ ਉੱਚ ਸਿਖਿਆ ਪ੍ਰਾਪਤ ਨੌਜਵਾਨ ਵਧੇ ਹਨ। ਤੀਜਾ, ਘੱਟ ਸਿੱਖਿਅਤ ਲੋਕਾਂ ਦੀਆਂ ਨੌਕਰੀਆਂ ਗਈਆਂ। ਇਸ ਦੌਰਾਨ ਕੰਮ ਦੇ ਮੌਕੇ ਘਟੇ। ਚੌਥਾ, ਬੇਰੁਜ਼ਗਾਰੀ ਦੇ ਮਾਮਲੇ ਵਿਚ ਮਰਦਾਂ ਦੇ ਮੁਕਾਬਲੇ ਮਹਿਲਾਵਾਂ ਦੀ ਸਥਿਤੀ ਜ਼ਿਆਦਾ ਖਰਾਬ ਹੈ।