ਪੱਤਰਕਾਰ ਸ਼ਿਵ ਇੰਦਰ ਸਿੰਘ ‘ਜਗਜੀਤ ਸਿੰਘ ਆਨੰਦ’ ਪੁਰਸਕਾਰ ਨਾਲ ਸਨਮਾਨਤ
Posted on:- 26-03-2019
ਪੰਜਾਬੀ ਪੱਤਰਕਾਰੀ ਖੇਤਰ ਦੇ ਬਾਬਾ ਬੋਹੜ, ਸਿਆਸਤ ਦੇ ਖੇਤਰ ਵਿੱਚ ਨਵੀਂਆਂ ਤੇ ਉਸਾਰੂ ਪੈੜਾਂ ਪਾਉਣ ਵਾਲੇ ਰੋਜ਼ਾਨਾ 'ਨਵਾਂ ਜ਼ਮਾਨਾ' ਦੇ ਮੁੱਖ ਸੰਪਾਦਕ ਰਹੇ ਮਰਹੂਮ ਕਾਮਰੇਡ ਜਗਜੀਤ ਸਿੰਘ ਆਨੰਦ ਦੀ ਯਾਦ ’ਚ ਪੱਤਰਕਾਰੀ ਲਈ ਵਧੀਆ ਸ਼ਲਾਘਾਯੋਗ ਕੰਮ ਕਰਨ ਵਾਸਤੇ ਸ਼ੁਰੂ ਹੋਇਆ ਪੁਰਸਕਾਰ ਇਸ ਵਾਰ ਪੱਤਰਕਾਰ ਤੇ `ਸੂਹੀ ਸਵੇਰ ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਨੂੰ ਦਿੱਤਾ ਗਿਆ । ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਸੁਫਨਿਆਂ ਦੀ ਵਰੋਸਾਈ ਧਰਤੀ ਪ੍ਰੀਤ ਨਗਰ ਵਿਚ ਕਾਮਰੇਡ ਜਗਜੀਤ ਸਿੰਘ ਆਨੰਦ ਤੇ ਉਹਨਾ ਦੀ ਸਾਹਿਤਕਾਰ ਪਤਨੀ ਉਰਮਿਲਾ ਆਨੰਦ ਦੀ ਯਾਦ ਵਿੱਚ ਕਰਵਾਏ ਗਏ ਯਾਦਗਾਰੀ ਸਨਮਾਨ ਸਮਾਰੋਹ ਵਿਚ ਸਾਲ 2018 ਦੀ ਸਰਬੋਤਮ ਕਹਾਣੀ ‘ਡਬੋਲੀਆ’ ਲਈ ਲੇਖਕ ਬਲਵਿੰਦਰ ਸਿੰਘ ਗਰੇਵਾਲ ਨੂੰ ਉਰਮਿਲਾ ਆਨੰਦ ਪੁਰਸਕਾਰ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰਨ ਲਈ ਪੱਤਰਕਾਰ ਸ਼ਿਵਇੰਦਰ ਸਿੰਘ ਨੂੰ ਜਗਜੀਤ ਸਿੰਘ ਆਨੰਦ ਪੁਰਸਕਾਰ ਪ੍ਰਦਾਨ ਕੀਤਾ ਗਿਆ ।ਪੱਤਰਕਾਰ ਸ਼ਿਵਇੰਦਰ ਸਿੰਘ ਨੂੰ 51000 ਰੁਪਏ ਦੀ ਰਾਸ਼ੀ ਅਤੇ ਬਲਵਿੰਦਰ ਸਿੰਘ ਗਰੇਵਾਲ ਨੂੰ 21000 ਰੁਪਏ ਰਾਸ਼ੀ ਦੇ ਕੇ ਸਨਮਾਨਿਆ ਗਿਆ।
ਆਨੰਦ ਜੋੜੀ ਸਿਮਰਤੀ ਪੁਰਸਕਾਰ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਉੱਘੇ ਪੰਜਾਬੀ ਨਾਟਕਕਾਰ ਤੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜਬੀਰ ਨੇ ਆਪਣੇ ਮੁੱਖ ਭਾਸ਼ਣ `ਚ ਕਿਹਾ `` ਅਜੋਕੇ ਯੁੱਗ ਵਿੱਚ ਲੋਕਾਂ ਤੱਕ ਪੁਖ਼ਤਾ ਜਾਣਕਾਰੀ ਪੁੱਜਣੀ ਚਾਹੀਦੀ ਹੈ ਤੇ ਲੇਖਣੀ ਵਿੱਚ ਪੱਖਪਾਤ ਕਰਨ ਤੋਂ ਬਚਣਾ ਚਾਹੀਦਾ ਹੈ। ਅੱਜ ਮੀਡੀਆ ’ਤੇ ਸਰਮਾਏਦਾਰੀ ਦੀ ਅਜ਼ਾਰੇਦਾਰੀ ਹੈ ਜਿਸ ਨਾਲ ਆਮ ਲੋਕਾਂ ਦੀਆਂ ਸਮੱਸਿਆਵਾਂ ਦੀ ਪੇਸ਼ਕਾਰੀ ਹਾਸ਼ੀਏ ’ਤੇ ਚਲੀ ਗਈ ਹੈ। ਇਸ ਕਰਕੇ ਲੇਖਕਾਂ ਤੇ ਪੱਤਰਕਾਰਾਂ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ। ਜੇਕਰ ਲਹਿੰਦੇ ਪੰਜਾਬ ਵਿੱਚ ਪੰਜਾਬੀ ਜ਼ੁਬਾਨ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਾਉਣੀ ਸ਼ੁਰੂ ਕੀਤੀ ਜਾਵੇ ਤਾਂ ਉੱਥੇ ਕੱਟੜਵਾਦ ਨੂੰ ਠੱਲ੍ਹ ਪੈ ਸਕਦੀ ਹੈ।`` ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਦਾ ਅਮਨ ਦੀ ਗੱਲ ਕੀਤੀ ਹੈ। ਇਸ ਮੌਕੇ ਉਨ੍ਹਾਂ ਪ੍ਰੀਤ ਨਗਰ ਨਾਲ ਸਾਂਝਾਂ ਦਾ ਜ਼ਿਕਰ ਵੀ ਕੀਤਾ ਅਤੇ ‘2018 ਦੀਆਂ ਪ੍ਰਤੀਨਿਧ ਕਹਾਣੀਆਂ’ ਪੁਸਤਕ ਵਿੱਚ ਸ਼ਾਮਿਲ ਕਹਾਣੀਆਂ ਦੇ ਲੇਖਕਾਂ ਨੂੰ ਵਧਾਈ ਦਿੱਤੀ।
ਪੱਤਰਕਾਰ, ਲੇਖਕ ਤੇ ਆਨੰਦ ਜੋੜੀ ਦੇ ਸਪੁੱਤਰ ਸੁਕੀਰਤ ਆਨੰਦ ਨੇ ਦਿੱਤੇ ਜਾ ਰਹੇ ਅਵਾਰਡਾਂ ਬਾਰੇ ਕਿਹਾ ਕਿ ਇਹ ਅਵਾਰਡ ਪੂਰੀ ਤਰ੍ਹਾਂ ਪਾਰਦਰਸ਼ੀ ਤਰੀਕਾ ਅਪਣਾ ਕੇ ਦਿੱਤੇ ਜਾ ਰਹੇ ਹਨ। ਇਹ ਅਵਾਰਡ ਨਾ ਸਿਫਾਰਸ਼ੀ ਹਨ ਤੇ ਨਾ ਹੀ ਕਿਸੇ ਕਿਸਮ ਦੀ ਕਿਸੇ ਨਾਲ ਕੋਈ ਰਿਆਇਤ ਕੀਤੀ ਗਈ ਹੈ। ਉਹਨਾ ਕਿਹਾ ਕਿ ਆਨੰਦ ਜੋੜੀ ਦਾ ਯੋਗਦਾਨ ਉਹਨਾ ਨਾਲੋਂ ਵਧੇਰੇ ਲੋਕ ਜਾਣਦੇ ਹਨ। ਇਹ ਸਮਾਰੋਹ ਹਰ ਸਾਲ ਇੱਥੇ ਹੀ ਕਰਵਾਇਆ ਜਾਇਆ ਕਰੇਗਾ ਤੇ ਦੋ ਸਨਮਾਨ ਦਿੱਤੇ ਜਾਇਆ ਕਰਨਗੇ।
ਜਸ ਮੰਡ ਨੇ ਵੀਹਵੀਂ ਸਦੀ ਵਿੱਚ ਪ੍ਰਿੰਟ ਮੀਡੀਆ ਤੇ ਇਲੈਕਟਰਾਨਿਕ ਮੀਡੀਆ ਬਾਰੇ ਚਰਚਾ ਕਰਦਿਆਂ ਕਿਹਾ ਕਿ ਵੈਬਕਾਸਟਿੰਗ ਨੇ ਇੱਕ ਕ੍ਰਾਂਤੀ ਲਿਆ ਦਿੱਤੀ ਹੈ। ਇਸੇ ਤਰ੍ਹਾਂ ਪੱਤਰਕਾਰ ਸ਼ਿਵ ਇੰਦਰ ਸਿੰਘ ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ, ਜਿਸ ਤੋਂ ਵੱਡੀਆਂ ਆਸਾਂ ਹਨ ਹੈ । ਉਹਨਾਂ ਸ਼ਿਵ ਇੰਦਰ ਬਾਰੇ ਗੱਲ ਕਰਦੇ ਦੱਸਿਆ ਕਿ ਉਹ ਮਹਿਜ਼ 16 ਸਾਲ ਦੀ ਉਮਰ `ਚ ਪੱਤਰਕਾਰੀ `ਚ ਆਏ ਉਹਨਾਂ ਦੀ ਗੁਜਰਾਤ ਦੇ ਪੰਜਾਬੀ ਕਿਸਾਨਾਂ ਬਾਰੇ ਕੀਤੀ ਸਟੋਰੀ ਨੇ ਉਸ ਸਮੇਂ ਦੀ ਪੰਜਾਬ ਸਰਕਾਰ ਨੂੰ ਵਖਤ ਪਾ ਦਿੱਤਾ ਸੀ । ਸ਼ਿਵ ਇੰਦਰ ਦੀ ਦਲੇਰ ਪੱਤਰਕਾਰੀ ਕਰਕੇ ਉਸਨੂੰ ਇਸਦੀ ਕੀਮਤ ਵੀ ਚੁਕਾਉਣੀ ਪਈ । ਮੋਦੀ ਸਰਕਾਰ ਦੇ ਦਬਾਅ `ਚ ਆ ਕੇ ਇੱਕ ਵਿਦੇਸ਼ੀ ਰੇਡੀਓ ਨੇ ਉਹਨਾਂ ਦੀਆਂ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਸਨ ਪਰ ਉਹ ਨਹੀਂ ਡਰੇ ।
ਡਾ. ਰਜਨੀਸ਼ ਬਹਾਦਰ ਸਿੰਘ ਨੇ ਪੰਜਾਬੀ ਕਹਾਣੀ ਤੇ ਕਹਾਣੀਕਾਰ ਬਲਵਿੰਦਰ ਗਰੇਵਾਲ ਦੀ ਕਹਾਣੀ 'ਡਬੋਲੀਆ' ਬਾਰੇ ਗੱਲ ਕਰਦੇ ਕਿਹਾ ਕਿ ਇਸ ਕਹਾਣੀ ਵਿੱਚ ਉਹਨਾਂ ਕਿਰਤੀ ਲੋਕਾਂ ਦੀ ਜ਼ਿੰਦਗੀ ਦਾ ਬਿਰਤਾਂਤ ਵਰਨਣ ਕੀਤਾ ਹੈ, ਜਿਹਨਾਂ ਦੀ ਸਾਰੀ ਜ਼ਿੰਦਗੀ ਲਾਸ਼ਾਂ ਨਾਲ ਹੀ ਗੁਜ਼ਰ ਜਾਂਦੀ ਹੈ।
ਸਨਮਾਨ ਪ੍ਰਾਪਤ ਬਲਵਿੰਦਰ ਗਰੇਵਾਲ ਨੇ ਕਿਹਾ ਕਿ 'ਡਬੋਲੀਆ' ਕਹਾਣੀ ਵਿੱਚ ਉਹਨਾਂ ਲੋਕਾਂ ਦਾ ਵਰਨਣ ਹੈ, ਜਿਹੜੇ ਸਾਰੀ ਉਮਰ ਉਸ ਗਮਗੀਨ ਜ਼ਿੰਦਗੀ ਵਿੱਚ ਰਹਿੰਦੇ ਹਨ, ਜਿੱਥੇ ਚਾਰ-ਚੁਫੇਰੇ ਲਾਸ਼ਾਂ ਹੀ ਲਾਸ਼ਾਂ ਹੁੰਦੀਆਂ ਹਨ ਅਤੇ ਲਾਸ਼ਾਂ ਦੀ ਹੱਡਾਰੋੜੀ ਵੇਖਣੀ ਹੋਵੇ ਤਾਂ ਇਥੇ ਵੇਖੀ ਜਾ ਸਕਦੀ ਹੈ।ਪੱਤਰਕਾਰ ਸ਼ਿਵ ਇੰਦਰ ਨੇ ਕਿਹਾ ਕਿ ਪੱਤਰਕਾਰੀ ਕੋਈ ਸ਼ੌਕ ਨਹੀਂ, ਸਗੋਂ ਚੈਲਿੰਜ ਹੈ ਤੇ ਉਹ ਆਪਣਾ ਜਿਹੜਾ ਪਰਚਾ 'ਸੂਹੀ ਸਵੇਰ' ਕੱਢਦੇ ਹਨ, ਉਸ ਨੂੰ ਸਿਰਫ ਲੋਕਾਂ ਦੇ ਸਹਿਯੋਗ ਨਾਲ ਹੀ ਚਲਾਇਆ ਜਾ ਰਿਹਾ ਹੈ, ਸਰਕਾਰੀ ਕਿਸੇ ਪ੍ਰਕਾਰ ਦੀ ਸਹਾਇਤਾ ਨਹੀਂ ਲਈ ਜਾਂਦੀ। ਸਮਾਗਮ ਦੇ ਅਖੀਰ ਵਿੱਚ ਇਸ ਸਮਾਗਮ ਨੂੰ ਲਾਸਾਨੀ ਦੱਸਦਿਆਂ ਗੁਰਬਖਸ਼ ਸਿੰਘ, ਨਾਨਕ ਸਿੰਘ ਫਾਊਂਡੇਸ਼ਨ ਦੇ ਜਨਰਲ ਸਕੱਤਰ ਹਿਰਦੇਪਾਲ ਸਿੰਘ ਨੇ ਆਏ ਸਰੋਤਿਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਮਾ ਗੁਰਬਖਸ਼ ਸਿੰਘ, ਪਰਵੀਨ ਕੌਰ, ਬਲਬੀਰ ਪਰਵਾਨਾ, ਜਸ ਮੰਡ, ਡਾ. ਪਰਮਿੰਦਰ ਸਿੰਘ, ਅਜਮੇਰ ਸਿੱਧੂ, ਰਜਨੀਸ਼ ਬਹਾਦਰ ਸਿੰਘ, ਡਾ.ਕੁਲਬੀਰ ਸਿੰਘ ਸੂਰੀ,ਮਹਿੰਦਰ ਸਿੰਘ ਮਾਨੂੰਪੁਰੀ,ਕਵਿਤਾ ਵਿਦਰੋਹੀ ਪ੍ਰਿੰਸੀਪਲ ਜਨਮੀਤ ਸਿੰਘ, ਡਾ. ਸੁਖਪਾਲ ਥਿੰਦ, ਨਿਰਮਲ ਅਰਪਨ, ਮੁਖਤਾਰ ਗਿੱਲ, ਖੁਸ਼ਵੰਤ ਬਰਗਾੜੀ, ਭਗਵੰਤ ਰਸੂਲਪੁਰੀ, ਅਵਤਾਰ ਓਠੀ, ਦਵਿੰਦਰ ਦੀਦਾਰ, ਜਸਵੰਤ ਹਾਂਸ, ਹਰਭਜਨ ਬਾਜਵਾ, ਭੁਪਿੰਦਰ ਸੰਧੂ, ਬਲਵਿੰਦਰ ਗਰੇਵਾਲ, ਦੀਪਤੀ ਬਬੂਟਾ, ਸੰਦੀਪ ਸਮਰਾਲਾ, ਕੇਸਰਾ ਰਾਮ (ਕਹਾਣੀਕਾਰ), ਜਗਤਾਰ ਗਿੱਲ, ਕਵੀ ਹਰੀ ਸਿੰਘ ਗਰੀਬ ਆਦਿ ਹਾਜ਼ਰ ਸਨ ।
raj
mubarqn shiv inder ji