ਪੁਲਸੀਆ ਤਸ਼ੱਦਦ ਖਿਲਾਫ ਅੱਜ ਰਾਏਕੋਟ ਸਦਰ ਥਾਣੇ ਅੱਗੇ ਲਗਾਇਆ ਜਾਵੇਗਾ ਧਰਨਾ
Posted on:- 23-03-2019
ਨੌਜਵਾਨ ਭਾਰਤ ਸਭਾ ਦੀ ਇਕਾਈ ਪੱਖੋਵਾਲ ਨੇ ਰਾਏਕੋਟ ਸਦਰ ਥਾਣੇ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨੇੜਲੇ ਪਿੰਡ ਦੇ ਭੱਠੇ ਤੇ ਹੋਈ ਲੁੱਟ ਦੀ ਘਟਨਾ ਦੇ ਜਾਂਚ-ਪੜਤਾਲ ਬਹਾਨੇ ਪਿੰਡ ਪੱਖੋਵਾਲ ਦੇ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਪਿਉ-ਪੁੱਤ , ਸਨਦੀਪ ਸਿੰਘ ਤੇ ਉਸਦੇ ਪਿਤਾ, ਨੂੰ ਥਾਣੇ ਅੰਦਰ ਗੈਰ-ਕਨੂੰਨੀ ਹਿਰਾਸਤ ਵਿੱਚ ਰੱਖਿਆ ਅਤੇ ਇਸ ਦੌਰਾਨ ਉਹਨਾਂ ਤੇ ਅਣਮਨੁੱਖੀ ਤਸ਼ੱਦਦ ਕੀਤਾ। ਉਹਨਾਂ ਨੂੰ ਨਿਰਵਸਤਰ ਕਰਕੇ ਬੁਰੀ ਤਰਾਂ ਕੁੱਟਿਆ ਗਿਆ, ਬਿਜਲੀਆਂ ਲਗਾਕੇ ਜਿਸਮਾਨੀ ਤਸ਼ੱਦਦ ਦਿੱਤਾ ਗਿਆ ਅਤੇ ਇਸ ਝੂਠੇ ਕੇਸ ਵਿੱਚ ਫਸਾਉਣ ਲਈ ਦਬਾਅ ਬਣਾਇਆ ਗਿਆ। ਇਹ ਸਭ ਕੁਝ ਭੱਠਾ ਮਾਲਕ ਦੀ ਸ਼ਹਿ ਤੇ ਕੀਤਾ ਗਿਆ। ਜਿਸ ਨੌਜਵਾਨ ਤੇ ਤਸ਼ੱਦਦ ਕੀਤਾ ਗਿਆ, ਉਹ ਨੌਭਾਸ ਦੀ ਪਿੰਡ ਇਕਾਈ ਦਾ ਸਰਗਰਮ ਕਾਰਕੁੰਨ ਵੀ ਹੈ। ਇਸ ਘਟਨਾ ਦਾ ਨੌਜਵਾਨ ਭਾਰਤ ਸਭਾ ਦੇ ਕਾਰਕੁੰਨਾਂ ਨੂੰ ਪਤਾ ਲਗਦੇ ਸਾਰ ਹੀ ਪੀੜਤਾਂ ਨੂੰ ਪੁਲਸ ਦੀ ਗੈਰਕਨੂੰਨੀ ਹਿਰਾਸਤ ਚੋਂ ਛੁਡਾਇਆ।
ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਨੌਜਵਾਨ ਭਾਰਤ ਸਭਾ ਨੇ ਕੱਲ਼ ਮਿਤੀ 23 ਮਾਰਚ ਨੂੰ ਸਵੇਰੇ ਰਾਏਕੋਟ ਸਦਰ ਥਾਣੇ ਅੱਗੇ ਧਰਨਾ ਲਾਉਣ ਦਾ ਫੈਸਲਾ ਕੀਤਾ ਹੈ ਤਾਂਕਿ ਪੀੜਤਾਂ ਨੂੰ ਇਨਸਾਫ ਦੁਆਇਆ ਜਾ ਸਕੇ। ਨੌਭਾਸ ਦੇ ਆਗੂ ਕੁਲਵਿੰਦਰ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਤਸ਼ੱਦਦ ਲਈ ਜ਼ਿੰਮੇਵਾਰ ਐਸ.ਐਚ.ਓ. ਥਾਣਾ ਸਦਰ ਰਾਏਕੋਟ, ਏ.ਐਸ.ਆਈ ਲਖਵੀਰ ਸਿੰਘ ਅਤੇ ਬਾਕੀ ਦੋਸ਼ੀ ਪੁਲਸ ਮੁਲਾਜ਼ਮਾਂ ਨੂੰ ਤੁਰੰਤ ਮੁਅੱਤਲ ਕਰਕੇ ਉਹਨਾਂ ਤੇ ਗੈਰਕਨੂੰਨੀ ਹਿਰਾਸਤ ਵਿੱਚ ਰਖਕੇ ਤਸ਼ੱਦਦ ਕਰਨ ਦਾ ਪਰਚਾ ਦਰਜ ਕੀਤਾ ਜਾਵੇ। ਐਸਾ ਨਾ ਕਰਨ ਦੀ ਹਾਲਤ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਹੋਰਾਂ ਜਨਤਕ ਜਥੇਬੰਦੀਆਂ ਨੂੰ ਵੀ ਇਸ ਹੱਕੀ ਸੰਘਰਸ਼ ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
-ਕੁਲਵਿੰਦਰ ਸਿੰਘ, ਆਗੂ
ਨੌਜਵਾਨ ਭਾਰਤ ਸਭਾ, ਇਕਾਈ ਪੱਖੋਵਾਲ