ਚੁਣੇ ਹੋਏ ਨੇਤਾਵਾਂ ਤੋਂ ਨਮੋਸ਼ੀ ਕਿਉਂ ? - ਗੋਬਿੰਦਰ ਸਿੰਘ ਬਰੜ੍ਹਵਾਲ
Posted on:- 16-03-2019
ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ 17ਵੀਂ ਲੋਕ ਸਭਾ ਲਈ ਆਮ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਰਾਜਨੀਤਿਕ ਪਾਰਟੀਆਂ ਆਪਣੀ ਪੂਰੀ ਤਾਕਤ ਨਾਲ ਚੋਣਾਂ ਵਿੱਚ ਜਿੱਤਣ ਲਈ ਪੱਬਾਂ ਭਾਰ ਹੋ ਗਈਆਂ ਹਨ। ਸਾਲ 1951-52 ਵਿੱਚ ਭਾਰਤ ਵਿੱਚ ਪਹਿਲੀ ਵਾਰ ਆਮ ਚੋਣਾਂ ਹੋਈਆਂ ਅਤੇ 489 ਸੀਟਾਂ ਵਿੱਚੋਂ 364 ਸੀਟਾਂ ਕਾਂਗਰਸ ਨੇ ਜਿੱਤੀਆਂ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ।
ਦੇਸ਼ ਵਿੱਚ ਵੱਖੋ ਵੱਖਰੀਆਂ ਚੋਣਾਂ ਤੋਂ ਬਾਅਦ ਦਾ ਇਤਿਹਾਸ ਗਵਾਹ ਰਿਹਾ ਹੈ ਕਿ ਲੋਕਾਂ ਦੇ ਜ਼ਿਆਦਾਤਰ ਆਮ ਮਸਲੇ ਜਿਉਂ ਦੇ ਤਿਉਂ ਬਣੇ ਰਹਿੰਦੇ ਹਨ ਅਤੇ ਲੋਕ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਜ਼ਿਆਦਾ ਸੁਤੰਸ਼ਟ ਨਹੀਂ ਹੁੰਦੇ। ਵੋਟਾਂ ਤੋਂ ਪਹਿਲਾਂ ਰਾਜਨੀਤਿਕ ਪਾਰਟੀਆਂ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਲੋਕ ਲੁਭਾਵਨੇ ਵਾਅਦਿਆਂ ਦੀ ਭਰਮਾਰ ਕਰ ਦਿੰਦੀਆਂ ਹਨ ਅਤੇ ਚੋਣਾਂ ਜਿੱਤਣ ਤੋਂ ਬਾਅਦ ਉਹਨਾਂ ਵਾਅਦਿਆਂ ਦਾ ਆਕਾਰ ਹੀ ਬਦਲ ਜਾਂਦਾ ਹੈ ਅਤੇ ਸਰਕਾਰਾਂ ਉਹਨਾਂ ਵਾਅਦਿਆਂ ਤੇ ਖਰ੍ਹਾ ਨਹੀਂ ਉੱਤਰਦੀਆਂ। ਲੋਕ ਕਦੇ ਇੱਕ ਪਾਰਟੀ ਨੂੰ ਜਿਤਾ ਛੱਡਦੇ ਹਨ ਕਦੇ ਦੂਜੀ ਨੂੰ, ਪਰੰਤੂ ਸਮੱਸਿਆਵਾਂ ਦਾ ਪਰਨਾਲਾ ਉੱਥੇ ਦਾ ਉੱਥੇ ਰਹਿੰਦਾ ਹੈ ਅਤੇ ਜ਼ਿਆਦਾਤਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ।
ਲੋਕਤੰਤਰ ਵਿੱਚ ਅਸਲ ਸ਼ਕਤੀ ਲੋਕਾਂ ਕੋਲ ਹੁੰਦੀ ਹੈ, ਸਰਕਾਰਾਂ ਲੋਕ ਚੁਣਦੇ ਹਨ ਅਤੇ ਉਹਨਾਂ ਨੂੰ ਹੀ ਆਪਣੇ ਚੁਣੇ ਹੋਏ ਪ੍ਰਤੀਨਿਧਾਂ ਤੋਂ ਨਮੋਸ਼ੀ ਪੱਲੇ ਪੈਂਦੀ ਹੈ ਅਜਿਹਾ ਕਿਉਂ? ਇਸ ਸਵਾਲ ਦੇ ਨੈਤਿਕ ਉੱਤਰ ਦੀ ਘੋਖ ਪੜਤਾਲ ਕਰਨ ਦੇ ਸਾਫ਼ ਹੋ ਜਾਂਦਾ ਹੈ ਕਿ ਸਰਕਾਰਾਂ ਦੀ ਅਸੰਤੋਸ਼ਜਨਕ ਕਾਰਗੁਜ਼ਾਰੀ ਪਿੱਛੇ ਵੀ ਆਮ ਲੋਕ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ।
ਇਹ ਕੌੜੀ ਸੱਚਾਈ ਹੈ ਕਿ ਲੋਕਤੰਤਰ ਦੀ ਬੁਨਿਆਦੀ ਕੜੀ ਵੋਟਾਂ ਸਮੇਂ ਖੁਦ ਭ੍ਰਿਸ਼ਟ ਹੋ ਕੇ, ਜਾਤ ਪਾਤ, ਧਰਮ, ਨਸ਼ਾ, ਪੈਸਾ ਜਾਂ ਕਿਸੇ ਹੋਰ ਲਾਲਚ ਵੱਸ ਪੈ ਕੇ ਪਾਈ ਵੋਟ ਦਾ ਸਿੱਟਾ ਕਦੇ ਚੰਗਾ ਨਹੀਂ ਹੁੰਦਾ ਅਤੇ ਆਪਣੇ ਪੰਜ ਸਾਲ ਗਲਤ ਹੱਥਾਂ ਵਿੱਚ ਦੇ ਛੱਡਣਾ ਹੈ। ਦੇਸ਼ ਵਿੱਚ ਜਿਆਦਾਤਰ ਲੋਕ ਨੇਤਾਵਾਂ ਨੂੰ ਸਵਾਲ ਕਰਨ ਦੇ ਆਦੀ ਨਹੀਂ ਅਤੇ ਇੱਕ ਤੰਗ ਮਾਨਸਿਕਤਾ ਤੋਂ ਪੀੜਤ ਹਨ ਕਿ ਉਹ ਆਪਣੇ ਲਈ, ਨਿਰਪੱਖ ਹੋ ਕੇ ਵੋਟ ਦਾ ਭੁਗਤਾਨ ਨਹੀਂ ਕਰਦੇ ਸਗੋਂ ਕਿਸੇ ਲਈ ਵੋਟ ਪਾਉਂਦੇ ਹਨ ਜੋ ਕਿ ਲੋਕਤੰਤਰੀ ਵਿਵਸਥਾ ਲਈ ਚਿੰਤਾਜਨਕ ਹੈ ਅਤੇ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਨਮੋਸ਼ੀ ਦਾ ਵੱਡਾ ਕਾਰਨ ਬਣਦਾ ਹੈ।
ਸਮੇ ਦਾ ਯਥਾਰਥ ਇਹੋ ਹੈ ਕਿ ਲੋਕ ਲੀਡਰਾਂ ਦੀ ਚਾਪਲੂਸੀ, ਡਰ ਜਾਂ ਕਿਸੇ ਹੋਰ ਕਾਰਨ ਵੱਸ ਚੁੱਪ ਰਹਿ ਕੇ ਵੋਟ ਭੁਗਤਾਉਣ ਦੀ ਥਾਂ ਆਪਣੇ ਮਸਲਿਆਂ ਲਈ ਸਵਾਲ ਕਰਨ ਦੀ ਆਦਤ ਨੂੰ ਆਪਣੇ ਸੁਭਾਅ ਵਿੱਚ ਸ਼ਾਮਿਲ ਕਰਨ ਅਤੇ ਆਪਣੇ ਬਿਹਤਰ ਭਵਿੱਖ ਲਈ ਨਿਰਪੱਖ ਹੋ ਕੇ ਆਪਣੇ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਲੋਕ ਆਪਣੇ ਮਸਲਿਆ ਲਈ ਲੀਡਰਾਂ ਦੀ ਜ਼ਿੰਮੇਵਾਰੀ ਤਹਿ ਕਰਨ ਅਤੇ ਇਹੋ ਉਦੋਂ ਹੀ ਸੰਭਵ ਹੈ ਜਦ ਲੋਕ ਲੀਡਰਾਂ ਨੂੰ ਸਵਾਲ ਕਰਨਗੇ। ਜਿਸ ਦਿਨ ਲੋਕਾਂ ਦੀ ਜੁਬਾਨ ਤੇ ਲੀਡਰਾਂ ਲਈ ਸਵਾਲ ਆਉਣਗੇ, ਲੋਕਤੰਤਰ ਲਈ ਸ਼ੁੱਭ ਸੰਕੇਤ ਹੋਵੇਗਾ।