ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿੱਚ ਤਿੰਨ ਰੋਜ਼ਾ ਵਰਕਸ਼ਾਪ
Posted on:- 16-03-2019
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੰਗੀਤ ਵਿਭਾਗ ਵੱਲੋਂ ਵਿਭਾਗ ਮੁਖੀ ਡਾ. ਰਾਜਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਸੰਗੀਤ ਦੇ ਵਿਦਿਆਰਥੀਆਂ ਨੂੰ ਸੰਗੀਤ ਕਲਾ ਵਿੱਚ ਨਿਪੁੰਨ ਕਰਨ ਦੇ ਮਕਸਦ ਨਾਲ ਤਿੰਨ ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੰਗੀਤ ਜਗਤ ਦੀਆਂ ਦੋ ਪ੍ਰਮੁੱਖ ਹਸਤੀਆਂ ਪੰ. ਰਾਜੇਂਦਰ ਵੈਸ਼ਨਵ (ਜੋਧਪੁਰ) ਅਤੇ ਡਾ. ਪ੍ਰਤੀਕ ਚੌਧਰੀ (ਦਿੱਲੀ) ਨੇ ਸ਼ਾਸਤਰੀ ਗਾਇਨ ਅਤੇ ਵਾਦਨ ਦੇ ਸ਼ਾਸਤਰ ਅਤੇ ਵਿਵਹਾਰਿਕ ਪੱਖਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ।
ਪ੍ਰੋਗਰਾਮ ਦਾ ਸ਼ੁੱਭ ਆਰੰਭ ਡਾ. ਅਲੰਕਾਰ ਸਿੰਘ ਦੀ ਅਗਵਾਈ ’ਚ ਵਿਭਾਗ ਦੇ ਵਿਦਿਆਰਥੀਆਂ ਨੇ ਸਰਸਵਤੀ ਬੰਦਨਾ ਨਾਲ ਕੀਤਾ ਅਤੇ ਡਾ. ਜਯੋਤੀ ਸ਼ਰਮਾ ਤੇ ਡਾ. ਰਵਿੰਦਰ ਕੌਰ ਰਵੀ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਗਾਇਨ ਖੇਤਰ ਦੇ ਵਿਸ਼ੇਸ਼ੱਗ ਪੰਡਿਤ ਰਾਜੇਂਦਰ ਵੈਸ਼ਨਵ ਨੇ ਰਾਗ ਖਮਾਜ ਵਿੱਚ ‘ਠੁਮਰੀ’, ਰਾਗ ਸਾਵਣੀ ਵਿੱਚ ‘ਦਾਦਰਾ’, ਚੰਦ੍ਰਕੋਸ਼ ਰਾਗ ਵਿੱਚ ‘ਚਤੁਰੰਗ’ ਅਤੇ ਗੁਣਕਲੀ ਵਿੱਚ ਪ੍ਰਾਚੀਨ ਗਾਇਨ ਧਰੁਪਦ ਸ਼ੈਲੀ ਦੀ ਬੰਦਿਸ਼ ‘ਸ਼ੁਭ ਘਰ ਚੰਦਰ ਬਦਨ’ ਤੋਂ ਇਲਾਵਾ ਰਾਗ ਮਾਲਕੋਂਸ, ਅਹੀਰ ਭੈਰਵ, ਬਿਲਾਸਖਾਨੀ ਤੋੜੀ ਅਤੇ ਭੀਮਪਲਾਸੀ ਆਦਿ ਰਾਗਾਂ ਵਿੱਚ ਪੁਰਾਤਨ ਬੰਦਿਸ਼ਾਂ ਦੀ ਪੇਸ਼ਕਾਰੀ ਕਲਾਤਮਿਕ ਵਿਆਖਿਆ ਸਹਿਤ ਕੀਤੀ।
ਇਸ ਤੋਂ ਇਲਾਵਾ ਵਾਦਨ ਸੰਗੀਤ ਦੀ ਪ੍ਰਮੁੱਖ ਸ਼ਖ਼ਸੀਅਤ ਡਾ. ਪ੍ਰਤੀਕ ਚੌਧਰੀ (ਦਿੱਲੀ) ਨੇ ਵਰਕਸ਼ਾਪ ਦੇ ਪਹਿਲੇ ਦਿਨ ਸਵਰ ਅਭਿਆਸ, ਸਿਤਾਰ ਦੀ ਬੈਠਕ, ਟਿਊਨਿੰਗ, ਬੋਲਾਂ ਦਾ ਅਭਿਆਸ, ਹੱਥ ਦਾ ਰੱਖ ਰਖਾਵ ਅਤੇ ਕਈ ਹੋਰ ਤਕਨੀਕੀ ਪੱਖਾਂ ਬਾਰੇ ਜਾਣਕਾਰੀ ਦਿੱਤੀ। ਦੂਜੇ ਦਿਨ ਇਕ ਸਵਰ ਤੋਂ ਦੋ-ਤਿੰਨ ਸਵਰਾਂ ਦੀ ਮੀਂਡ ਕਰਨ ਬਾਰੇ ਅਤੇ ਰਾਗ ਯਮਨ ਵਿੱਚ ਸਾਢੇ ਅੱਠ ਮਾਤਰਾ, ਸੋਲਾਂ ਮਾਤਰਾ ਦੀ ਗਤ ਵੱਖ-ਵੱਖ ਬੋਲਾਂ ਦੀ ਵਰਤੋਂ ਰਾਹੀਂ ਸਿਖਾਈ ਅਤੇ ਤੋੜਿਆਂ ਦਾ ਅਭਿਆਸ ਕਰਵਾਇਆ।
ਇਸ ਸੰਗੀਤਕ ਵਰਕਸ਼ਾਪ ਦੇ ਸਮਾਪਤੀ ਸੈਸ਼ਨ ਦੌਰਾਨ ਤੀਜੇ ਦਿਨ ਗਵਾਲੀਅਰ ਘਰਾਣੇ ਦੇ ਸੁਪ੍ਰਸਿੱਧ ਸੰਗੀਤਕਾਰ ਐਲ.ਕੇ.ਪੰਡਿਤ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਪਟਿਆਲਾ ਗਵਾਲੀਅਰ ਸੰਗੀਤਕ ਘਰਾਣਿਆਂ ਦੇ ਆਪਸੀ ਸੰਬੰਧਾਂ ਉਪਰ ਚਾਨਣਾ ਪਾਇਆ।
ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਵਿੱਚ ਵਿਭਾਗ ਦੇ ਮੁਖੀ ਡਾ. ਰਾਜਿੰਦਰ ਸਿੰਘ ਗਿੱਲ, ਡਾ. ਨਿਵੇਦਿਤਾ ਸਿੰਘ, ਡਾ. ਯਸ਼ਪਾਲ ਸ਼ਰਮਾ, ਡਾ. ਅਲੰਕਾਰ ਸਿੰਘ, ਡਾ. ਜੋਤੀ ਸ਼ਰਮਾ, ਡਾ. ਰਵਿੰਦਰ ਕੌਰ ਰਵੀ, ਸ੍ਰੀਮਤੀ ਬਨੀਤਾ, ਡਾ. ਰਣਜੀਤ ਸੈਂਭੀ, ਡਾ. ਨਿਰਮਲ ਨਿੰਮਾ, ਜੈਦੇਵ, ਅਮਰੇਸ਼ ਭੱਟ, ਸੁਰਪ੍ਰੀਤ ਅਤੇ ਭੁਵਨਚੰਦਰ ਭੱਟ ਤੋਂ ਇਲਾਵਾ ਵਿਭਾਗ ਦੇ ਸਮੂਹ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।